BBMB ਕਰਮਚਾਰੀਆਂ ਦੀ ਗੇਟ ਮੀਟਿੰਗ, ਕਰਮਚਾਰੀਆਂ ਅਤੇ ਵਿਦਿਆਰਥੀਆਂ ਦੇ ਸੰਘਰਸ਼ਾਂ ਨੂੰ ਦਿੱਤਾ ਸਮਰਥਨ

PrimekhabarPunjab BBMB

ਬਰਨਾਲਾ, 29 ਜੁਲਾਈ (ਰਾਕੇਸ਼ ਜੇਠੀ): ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੀ IIU AITUC AFI ਸ਼ਾਖਾ ਸੰਗਰੂਰ–ਪਟਿਆਲਾ–ਬਰਨਾਲਾ ਵੱਲੋਂ ਅੱਜ ਬਰਨਾਲਾ ਸਬ-ਸੈਂਟਰ ਵਿਖੇ ਡਿਪਟੀ ਪ੍ਰਧਾਨ ਸ਼੍ਰੀ ਦੀਦਾਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਗੇਟ ਮੀਟਿੰਗ ਕੀਤੀ ਗਈ। ਮੀਟਿੰਗ ਦਾ ਮੁੱਖ ਮਕਸਦ ਸ਼੍ਰੀ ਜਿਤੇਸ਼ ਕੁਮਾਰ (ਇਲੈਕਟ੍ਰੀਸ਼ੀਅਨ ਗ੍ਰੇਡ-1) ਅਤੇ ਯੂਨੀਅਨ ਸ਼ਾਖਾ ਪਾਣੀਪਤ ਦੇ ਸਕੱਤਰ ਦੀ ਕਥਿਤ ਪੱਖਪਾਤੀ ਬਦਲੀ ਨੂੰ ਤੁਰੰਤ ਰੱਦ ਕਰਨ ਦੀ ਮੰਗ ਕਰਨਾ ਸੀ।
ਮੀਟਿੰਗ ਦੌਰਾਨ ਦਿੱਲੀ ਦੇ ਜੰਤਰ-ਮੰਤਰ ਵਿਖੇ ਯੁਵਾ ਸ਼ਕਤੀ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਚੱਲ ਰਹੇ ਸੰਘਰਸ਼, ਤਾਲਕਟੋਰਾ ਵਿਖੇ ਟਰੇਡ ਯੂਨੀਅਨਾਂ ਦੀ ਕਾਨਫਰੰਸ, ਪੰਜਾਬ ਵਿੱਚ ਮਿਉਂਸਪਲ ਕਮੇਟੀ ਦੇ ਸਫਾਈ ਕਰਮਚਾਰੀਆਂ ਦੀ ਹੜਤਾਲ, ਬਰਨਾਲਾ ਵਿੱਚ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਅਤੇ PSPCL ਕਰਮਚਾਰੀਆਂ ਦੀਆਂ ਮੰਗਾਂ ਦੇ ਸਮਰਥਨ ਵਿੱਚ ਸਮੂਹਿਕ ਛੁੱਟੀ ਨੂੰ ਪੂਰਾ ਸਮਰਥਨ ਦਿੱਤਾ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਅਜਾਇਬ ਸਿੰਘ, ਡਿਪਟੀ ਸਕੱਤਰ ਰਮੇਸ਼ ਕੁਮਾਰ, ਵਿੱਤ ਸਕੱਤਰ ਜਗਦੀਪ ਖਾਨ ਅਤੇ ਵਿਜੇਪਾਲ ਨੇ ਸੰਬੋਧਨ ਕਰਦਿਆਂ ਬੋਰਡ ਮੈਨੇਜਮੈਂਟ, ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ, ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਦਾ ਜਲਦ ਹੱਲ ਕੀਤਾ ਜਾਵੇ, ਤਾਂ ਜੋ ਹਾਲਾਤ ਹੋਰ ਨਾ ਵਿਗੜਣ।
ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੀਆਂ ਟਰੇਡ ਯੂਨੀਅਨਾਂ ਮਜ਼ਦੂਰ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਇੱਕ ਮੰਚ ‘ਤੇ ਇਕੱਠੀਆਂ ਹੋ ਕੇ ਸੰਘਰਸ਼ ਕਰ ਰਹੀਆਂ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ BBMB ਦੀਆਂ ਸਾਰੀਆਂ ਕਰਮਚਾਰੀ ਜਥੇਬੰਦੀਆਂ ਨੂੰ ਵੀ ਏਕਜੁੱਟ ਹੋ ਕੇ ਕਰਮਚਾਰੀਆਂ ਦੇ ਹੱਕਾਂ ਅਤੇ ਮੰਗਾਂ ਲਈ ਸਾਂਝਾ ਸੰਘਰਸ਼ ਕਰਨਾ ਚਾਹੀਦਾ ਹੈ।

About The Author