ਅਣਪਛਾਤੇ ਟਰੱਕ ਨੇ ਡਿਜ਼ਾਇਰ ਕਾਰ ਨੂੰ ਮਾਰੀ ਟੱਕਰ, ਵੱਡਾ ਹਾਦਸਾ ਟਲਿਆ – ਸੜਕ ਸੁਰੱਖਿਆ ਫੋਰਸ ਨੇ ਤੁਰੰਤ ਪਹੁੰਚ ਕੇ ਰੂਟ ਕਰਵਾਇਆ ਕਲੀਅਰ

20260726_085331.jpg

ਧਨੌਲਾ, 25 ਜੁਲਾਈ(ਰਾਕੇਸ਼ ਜੇਠੀ): ਸੜਕ ਸੁਰੱਖਿਆ ਫੋਰਸ (SSF) ਦੀ ਟੀਮ ਨੇ ਇੱਕ ਹੋਰ ਸੜਕ ਹਾਦਸੇ ‘ਤੇ ਤੁਰੰਤ ਕਾਰਵਾਈ ਕਰਦਿਆਂ ਵੱਡੇ ਜਾਨੀ ਨੁਕਸਾਨ ਨੂੰ ਟਲਣ ਵਿੱਚ ਅਹਿਮ ਭੂਮਿਕਾ ਨਿਭਾਈ। ਪ੍ਰਾਪਤ ਜਾਣਕਾਰੀ ਅਨੁਸਾਰ ਰੂਟ ਨੰਬਰ 88307 (ਧਨੌਲਾ ਟੀ ਪੁਆਇੰਟ ਤੋਂ ਪੰਧੇਰ) ‘ਤੇ ਪਿੰਡ ਕੋਟਦੁਨਾ ਨੇੜੇ ਐੱਸ.ਬੀ.ਆਈ. ਬੈਂਕ ਕੋਲ ਸ਼ਾਮ 8:07 ਵਜੇ ਕੰਟਰੋਲ ਰੂਮ ਰਾਹੀਂ ਹਾਦਸੇ ਦੀ ਸੂਚਨਾ ਮਿਲੀ, ਜਿਸ ਉਪਰੰਤ ਐੱਸ.ਐੱਸ.ਐੱਫ. ਦੀ ਟੀਮ ਸ਼ਾਮ 8:19 ਵਜੇ ਮੌਕੇ ‘ਤੇ ਪਹੁੰਚ ਗਈ। ਮੌਕੇ ‘ਤੇ ਪਤਾ ਲੱਗਾ ਕਿ ਇੱਕ ਅਣਪਛਾਤੇ ਟਰੱਕ ਨੇ ਡਿਜ਼ਾਇਰ ਕਾਰ (ਨੰਬਰ PB13BK-4711) ਨੂੰ ਟੱਕਰ ਮਾਰ ਕੇ ਫ਼ਰਾਰ ਹੋ ਗਿਆ। ਕਾਰ ਚਾਲਕ ਗੁਰਪ੍ਰੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਅਸਪਾਲ ਕਲਾਂ ਇਸ ਹਾਦਸੇ ਵਿੱਚ ਵਾਲ-ਵਾਲ ਬਚ ਗਿਆ। ਹਾਦਸੇ ਕਾਰਨ ਕਾਰ ਦਾ ਕਾਫ਼ੀ ਨੁਕਸਾਨ ਹੋਇਆ, ਪਰ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਐੱਸ.ਐੱਸ.ਐੱਫ. ਟੀਮ ਨੇ ਤੁਰੰਤ ਕਾਰ ਨੂੰ ਸੜਕ ਤੋਂ ਸੁਰੱਖਿਅਤ ਸਾਈਡ ‘ਤੇ ਕਰਵਾ ਕੇ ਆਵਾਜਾਈ ਨੂੰ ਸੁਚਾਰੂ ਬਣਾਇਆ ਅਤੇ ਰੂਟ ਕਲੀਅਰ ਕਰਵਾਇਆ। ਇਸ ਮੌਕੇ ਏ.ਐੱਸ.ਆਈ. ਅਮਰੀਕ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਧਨੌਲਾ-ਭੀਖੀ ਰੋਡ ਕਾਫ਼ੀ ਤੰਗ ਹੈ ਅਤੇ ਰਾਤ ਸਮੇਂ ਇੱਥੇ ਹਾਦਸਿਆਂ ਦੀ ਸੰਭਾਵਨਾ ਵੱਧ ਰਹਿੰਦੀ ਹੈ। ਉਨ੍ਹਾਂ ਵਾਹਨ ਚਾਲਕਾਂ ਨੂੰ ਸਲਾਹ ਦਿੱਤੀ ਕਿ ਰਾਤ ਵੇਲੇ ਘੱਟ ਰਫ਼ਤਾਰ ਨਾਲ ਵਾਹਨ ਚਲਾਉਣ, ਡਿੱਪਰ ਲਾਈਟਾਂ ਦੀ ਵਰਤੋਂ ਕਰਨ ਅਤੇ ਵਿਸ਼ੇਸ਼ ਸਾਵਧਾਨੀ ਵਰਤਣ। ਉਨ੍ਹਾਂ ਕਿਹਾ ਕਿ ਇਹ ਸੜਕ ਨੀਵੀਂ ਹੋਣ ਕਾਰਨ ਬਰਸਾਤ ਦੌਰਾਨ ਪਾਣੀ ਖੜ੍ਹਾ ਹੋ ਜਾਂਦਾ ਹੈ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਹੋਰ ਵੱਧ ਜਾਂਦਾ ਹੈ। ਏ.ਐੱਸ.ਆਈ. ਅਮਰੀਕ ਸਿੰਘ ਨੇ ਕਾਰ ਚਾਲਕ ਨੂੰ ਜਾਣਕਾਰੀ ਦਿੱਤੀ ਕਿ ਜੇਕਰ ਉਹ ਅਣਪਛਾਤੇ ਟਰੱਕ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਵਾਉਣਾ ਚਾਹੁੰਦਾ ਹੈ ਤਾਂ ਥਾਣਾ ਧਨੌਲਾ ਵਿਖੇ ਲਿਖਤੀ ਦਰਖ਼ਾਸਤ ਦੇਵੇ, ਤਾਂ ਜੋ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਟਰੱਕ ਦੀ ਪਛਾਣ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਇਸ ਮੌਕੇ ਏ.ਐੱਸ.ਆਈ. ਅਮਰੀਕ ਸਿੰਘ ਅਤੇ ਸਿਪਾਹੀ ਸਤਵੀਰ ਸਿੰਘ ਸਮੇਤ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਜੂਦ ਸੀ।

About The Author

You may have missed