ਸੂਬਾ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਸਿੰਘ ਢਿੱਲੋ ਦਾ ਬਰਨਾਲਾ ਵਿੱਚ ਹੋਵੇਗਾ ਭਰਵਾਂ ਸਵਾਗਤ, 27 ਜੁਲਾਈ ਨੂੰ ਮਹਾਂ ਰੈਲੀ ਅਤੇ ਨਵੇਂ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ

ਬਰਨਾਲਾ, 24ਜੁਲਾਈ(ਰਾਕੇਸ਼ ਜੇਠੀ)- ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਬਣਨ ਤੋਂ ਬਾਅਦ ਕੇਵਲ ਸਿੰਘ ਢਿੱਲੋ ਦੇ ਸਨਮਾਨ ਵਿੱਚ ਬਰਨਾਲਾ ਜ਼ਿਲ੍ਹਾ ਭਾਜਪਾ ਵੱਲੋਂ 27 ਜੁਲਾਈ (ਸੋਮਵਾਰ) ਨੂੰ ਇੱਕ ਵਿਸ਼ਾਲ ਮਹਾਂ ਰੈਲੀ ਅਤੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੇ ਦੱਸਿਆ ਕਿ ਪਾਰਟੀ ਆਗੂਆਂ ਅਤੇ ਵਰਕਰਾਂ ਵਿੱਚ ਸਮਾਗਮ ਨੂੰ ਲੈ ਕੇ ਭਾਰੀ ਉਤਸ਼ਾਹ ਹੈ ਅਤੇ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਚੁੱਕਾ ਹੈ।
ਉਨ੍ਹਾਂ ਦੱਸਿਆ ਕਿ ਕੇਵਲ ਸਿੰਘ ਢਿੱਲੋ ਦੇ ਬਰਨਾਲਾ ਪਹੁੰਚਣ ‘ਤੇ ਭਾਜਪਾ ਆਗੂਆਂ ਅਤੇ ਵਰਕਰਾਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਅਤੇ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮਹਾਂ ਰੈਲੀ ਵਿੱਚ ਜ਼ਿਲ੍ਹੇ ਸਮੇਤ ਆਸ-ਪਾਸ ਦੇ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਭਾਜਪਾ ਕਾਰਕੁਨ ਅਤੇ ਸਮਰਥਕ ਸ਼ਮੂਲੀਅਤ ਕਰਨਗੇ।
ਨਰਿੰਦਰ ਗਰਗ ਨੀਟਾ ਨੇ ਇਹ ਵੀ ਦੱਸਿਆ ਕਿ ਇਸੇ ਦਿਨ ਸਥਾਨਕ ਹੰਡਿਆਇਆ ਰੋਡ ‘ਤੇ ਬਣੇ ਭਾਜਪਾ ਦੇ ਨਵੇਂ ਜ਼ਿਲ੍ਹਾ ਦਫ਼ਤਰ ਦਾ ਉਦਘਾਟਨ ਵੀ ਕੇਵਲ ਸਿੰਘ ਢਿੱਲੋ ਵੱਲੋਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵਾਂ ਦਫ਼ਤਰ ਜ਼ਿਲ੍ਹੇ ਵਿੱਚ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤੀ ਦੇਵੇਗਾ ਅਤੇ ਵਰਕਰਾਂ ਲਈ ਇੱਕ ਕੇਂਦਰੀ ਸੰਗਠਨਾਤਮਕ ਮੰਚ ਵਜੋਂ ਕੰਮ ਕਰੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਦਫ਼ਤਰ ਦੇ ਉਦਘਾਟਨ ਉਪਰੰਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋ ਵੱਲੋਂ ਨਵੇਂ ਜ਼ਿਲ੍ਹਾ ਪ੍ਰਧਾਨ ਨਰਿੰਦਰ ਗਰਗ ਨੀਟਾ ਨੂੰ ਰਸਮੀ ਤੌਰ ‘ਤੇ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਸੰਭਾਲਣ ਲਈ ਕੁਰਸੀ ‘ਤੇ ਬਿਠਾਇਆ ਜਾਵੇਗਾ।
ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਇਹ ਸਮਾਗਮ ਪਾਰਟੀ ਲਈ ਇਤਿਹਾਸਕ ਹੋਵੇਗਾ ਅਤੇ ਇਸ ਰਾਹੀਂ ਸੰਗਠਨ ਨੂੰ ਜ਼ਿਲ੍ਹੇ ਵਿੱਚ ਹੋਰ ਮਜ਼ਬੂਤ ਕਰਨ ਦਾ ਸੰਦੇਸ਼ ਦਿੱਤਾ ਜਾਵੇਗਾ।
