ਦੋ ਮੋਟਰਸਾਈਕਲ ਆਪਸ ਵਿੱਚ ਟਕਰਾਏ, ਤਿੰਨ ਵਿਅਕਤੀ ਗੰਭੀਰ ਜ਼ਖ਼ਮੀ

ਸੜਕ ਸੁਰੱਖਿਆ ਫੋਰਸ ਨੇ 5 ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ
ਬਰਨਾਲਾ, 23 ਜੁਲਾਈ(ਰਾਕੇਸ਼ ਜੇਠੀ)- ਸੜਕ ਸੁਰੱਖਿਆ ਫੋਰਸ, ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 23-07-2026 ਨੂੰ ਕਰੀਬ ਰਾਤ 8:10 ਵਜੇ ਕੰਟਰੋਲ ਰੂਮ ਬਰਨਾਲਾ ਤੋਂ ਰੂਟ ਨੰਬਰ 88307 ‘ਤੇ ਟੈਲੀਫੋਨ ਰਾਹੀਂ ਸੂਚਨਾ ਪ੍ਰਾਪਤ ਹੋਈ ਕਿ ਪਿੰਡ ਕੋਟਦੋਨਾਂ ਨੇੜੇ ਦਾਣਾ ਮੰਡੀ ਕੋਲ ਸੜਕ ਹਾਦਸਾ ਵਾਪਰਿਆ ਹੈ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਦੀ ਟੀਮ ਕਰੀਬ 5 ਮਿੰਟਾਂ ਵਿੱਚ ਮੌਕੇ ‘ਤੇ ਪਹੁੰਚ ਗਈ ਅਤੇ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਮੁੱਢਲੀ ਜਾਂਚ ਅਤੇ ਪ੍ਰਤੱਖ ਦਰਸ਼ੀਆਂ ਦੇ ਬਿਆਨਾਂ ਅਨੁਸਾਰ ਜੋਰਾ ਸਿੰਘ ਵਾਸੀ ਕੋਟਦੋਨਾਂ ਆਪਣੇ ਮੋਟਰਸਾਈਕਲ ‘ਤੇ ਖੇਤਾਂ ਤੋਂ ਘਰ ਵਾਪਸ ਆ ਰਿਹਾ ਸੀ। ਦਾਣਾ ਮੰਡੀ ਕੋਲ ਅਚਾਨਕ ਇੱਕ ਅਵਾਰਾ ਕੁੱਤਾ ਮੋਟਰਸਾਈਕਲ ਅੱਗੇ ਆ ਜਾਣ ਕਾਰਨ ਮੋਟਰਸਾਈਕਲ ਦੀ ਉਸ ਨਾਲ ਟੱਕਰ ਹੋ ਗਈ, ਜਿਸ ਕਾਰਨ ਜੋਰਾ ਸਿੰਘ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਪਿਆ। ਇਸੇ ਦੌਰਾਨ ਪਿੱਛੋਂ ਆ ਰਹੇ ਦੂਜੇ ਮੋਟਰਸਾਈਕਲ, ਜਿਸ ਨੂੰ ਲਖਵਿੰਦਰ ਸਿੰਘ ਵਾਸੀ ਕੋਟਦੋਨਾਂ ਚਲਾ ਰਿਹਾ ਸੀ ਅਤੇ ਜਿਸ ਦੇ ਪਿੱਛੇ ਲੱਖਾ ਸਿੰਘ ਵਾਸੀ ਕੋਟਦੋਨਾਂ ਸਵਾਰ ਸੀ, ਦਾ ਮੋਟਰਸਾਈਕਲ ਸੜਕ ‘ਤੇ ਡਿੱਗੇ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਕਾਰਨ ਉਹ ਵੀ ਸੜਕ ‘ਤੇ ਡਿੱਗ ਪਏ।
ਹਾਦਸੇ ਵਿੱਚ ਜੋਰਾ ਸਿੰਘ, ਲਖਵਿੰਦਰ ਸਿੰਘ ਅਤੇ ਲੱਖਾ ਸਿੰਘ, ਤਿੰਨੇ ਵਾਸੀ ਕੋਟਦੋਨਾਂ, ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਤੁਰੰਤ ਜ਼ਖ਼ਮੀਆਂ ਨੂੰ ਸੜਕ ਤੋਂ ਸੁਰੱਖਿਅਤ ਥਾਂ ‘ਤੇ ਕਰਕੇ ਮੁੱਢਲੀ ਸਹਾਇਤਾ ਦਿੱਤੀ ਅਤੇ ਸਰਕਾਰੀ ਗੱਡੀ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਪਹੁੰਚਾਇਆ। ਇਸ ਸਬੰਧੀ ਜ਼ਖ਼ਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਤੁਰੰਤ ਸੂਚਿਤ ਕੀਤਾ ਗਿਆ।
ਡਾਕਟਰਾਂ ਵੱਲੋਂ ਮੁੱਢਲੀ ਜਾਂਚ ਉਪਰੰਤ ਜੋਰਾ ਸਿੰਘ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਸਿਵਲ ਹਸਪਤਾਲ ਬਰਨਾਲਾ ਰੈਫਰ ਕਰ ਦਿੱਤਾ ਗਿਆ। ਕੁਝ ਸਮੇਂ ਬਾਅਦ ਲਖਵਿੰਦਰ ਸਿੰਘ ਨੂੰ ਵੀ ਬਿਹਤਰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਰੈਫਰ ਕੀਤਾ ਗਿਆ, ਜਿੱਥੇ ਦੋਵਾਂ ਦਾ ਇਲਾਜ ਜਾਰੀ ਹੈ।
ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਸੂਚਨਾ ਕੰਟਰੋਲ ਰੂਮ ਬਰਨਾਲਾ ਅਤੇ ਥਾਣਾ ਧਨੌਲਾ ਨੂੰ ਦੇ ਦਿੱਤੀ ਗਈ ਹੈ, ਜਿਨ੍ਹਾਂ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਰਾਤ ਸਮੇਂ ਵਾਹਨ ਚਲਾਉਂਦੇ ਹੋਏ ਗਤੀ ਸੀਮਤ ਰੱਖਣ ਅਤੇ ਪੂਰੀ ਸਾਵਧਾਨੀ ਵਰਤਣ, ਕਿਉਂਕਿ ਗਰਮੀਆਂ ਦੌਰਾਨ ਅਵਾਰਾ ਕੁੱਤੇ ਅਤੇ ਹੋਰ ਪਸ਼ੂ ਅਕਸਰ ਸੜਕਾਂ ‘ਤੇ ਆ ਜਾਂਦੇ ਹਨ, ਜਿਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਹਾਦਸਾਗ੍ਰਸਤ ਦੋਵੇਂ ਮੋਟਰਸਾਈਕਲਾਂ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਨਿਰਵਿਘਨ ਚਾਲੂ ਕਰਵਾਇਆ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਅਮਰੀਕ ਸਿੰਘ ਤੋਂ ਇਲਾਵਾ ਸਿਪਾਹੀ ਸਤਬੀਰ ਸਿੰਘ ਅਤੇ ਸਿਪਾਹੀ ਸੁਖਵੰਤ ਸਿੰਘ ਵੀ ਮੌਕੇ ‘ਤੇ ਹਾਜ਼ਰ ਸਨ।
