ਮਹਿਲ ਕਲਾਂ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ, ਦੋ ਹਥਿਆਰਬੰਦ ਨੌਜਵਾਨ ਕਾਬੂ

pic

ਮਹਿਲ ਕਲਾਂ, 21 ਜੁਲਾਈ(ਰਾਕੇਸ਼ ਜੇਠੀ): ਜ਼ਿਲ੍ਹਾ ਬਰਨਾਲਾ ਵਿੱਚ ਗੈਂਗਸਟਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਅੱਜ ਸਵੇਰੇ ਮਹਿਲ ਕਲਾਂ ਨੇੜੇ ਪੁਲਿਸ ਅਤੇ ਹਥਿਆਰਬੰਦ ਨੌਜਵਾਨਾਂ ਵਿਚਾਲੇ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਦੋ ਪਿਸਤੌਲ, ਜ਼ਿੰਦਾ ਕਾਰਤੂਸ ਅਤੇ ਇੱਕ ਵਰਨਾ ਕਾਰ ਬਰਾਮਦ ਕੀਤੀ ਹੈ।
ਸੀਨੀਅਰ ਕਪਤਾਨ ਪੁਲਿਸ ਬਰਨਾਲਾ ਮੁਹੰਮਦ ਸਰਫਰਾਜ ਆਲਮ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਉਪ ਕਪਤਾਨ ਪੁਲਿਸ ਮਹਿਲ ਕਲਾਂ ਸਤਵਿੰਦਰ ਸਿੰਘ ਵਿਰਕ ਦੀ ਨਿਗਰਾਨੀ ਹੇਠ ਥਾਣਾ ਮਹਿਲ ਕਲਾਂ ਦੀ ਪੁਲਿਸ, ਕਾਊਂਟਰ ਇੰਟੈਲੀਜੈਂਸ ਅਤੇ ਸੀਆਈਏ ਸਟਾਫ਼ ਦੀ ਟੀਮ ਵੱਲੋਂ ਪੁਰਾਣੇ ਟੋਲ ਪਲਾਜ਼ਾ ਮਹਿਲ ਕਲਾਂ ਵਿਖੇ ਵਿਸ਼ੇਸ਼ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਇੱਕ ਚਿੱਟੇ ਰੰਗ ਦੀ ਵਰਨਾ ਕਾਰ ਸ਼ੱਕੀ ਹਾਲਤ ਵਿੱਚ ਮਹਿਲ ਕਲਾਂ ਵੱਲੋਂ ਰਾਏਕੋਟ ਸੜਕ ‘ਤੇ ਆਉਂਦੀ ਦਿਖਾਈ ਦਿੱਤੀ। ਪੁਲਿਸ ਵੱਲੋਂ ਰੁਕਣ ਦਾ ਇਸ਼ਾਰਾ ਕਰਨ ‘ਤੇ ਕਾਰ ਸਵਾਰਾਂ ਨੇ ਰੁਕਣ ਦੀ ਬਜਾਏ ਪੁਲਿਸ ਪਾਰਟੀ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਨੇ ਤੁਰੰਤ ਬੈਰੀਕੇਡ ਅੱਗੇ ਕਰਕੇ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਾਰ ਚਾਲਕ ਨੇ ਬੈਰੀਕੇਡ ਨੂੰ ਟੱਕਰ ਮਾਰ ਕੇ ਭੱਜਣ ਦੀ ਕੋਸ਼ਿਸ਼ ਕੀਤੀ।


ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਗੱਡੀ ਦੇ ਪਿੱਛੇ ਤਿੰਨ ਫਾਇਰ ਕੀਤੇ ਗਏ, ਜਿਸ ਤੋਂ ਬਾਅਦ ਕਾਰ ਸਵਾਰ ਘਬਰਾ ਗਏ ਅਤੇ ਗੱਡੀ ਛੱਡ ਕੇ ਝੋਨੇ ਦੇ ਖੇਤਾਂ ਵੱਲ ਭੱਜਣ ਲੱਗੇ। ਭੱਜਦੇ ਸਮੇਂ ਇੱਕ ਹੋਰ ਫਾਇਰ ਪੁਲਿਸ ਪਾਰਟੀ ਵੱਲ ਕੀਤਾ ਗਿਆ, ਪਰ ਪੁਲਿਸ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਲਈ।
ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਅਰਸਦੀਪ ਸਿੰਘ ਉਰਫ਼ ਅਰਸੀ ਪੁੱਤਰ ਜਗਸੀਰ ਸਿੰਘ ਵਾਸੀ ਬਖਤਗੜ੍ਹ (ਹਾਲ ਵਾਸੀ ਮਹਿਲ ਕਲਾਂ) ਅਤੇ ਗੁਰਸਰਨ ਸਿੰਘ ਉਰਫ਼ ਸਰਨਾ ਪੁੱਤਰ ਜਗਸੀਰ ਸਿੰਘ ਵਾਸੀ ਰੌਂਤਾ, ਜ਼ਿਲ੍ਹਾ ਮੋਗਾ ਵਜੋਂ ਹੋਈ ਹੈ।
ਤਲਾਸ਼ੀ ਦੌਰਾਨ ਮੁਲਜ਼ਮਾਂ ਦੇ ਕਬਜ਼ੇ ਵਿਚੋਂ ਇੱਕ .30 ਬੋਰ ਪਿਸਤੌਲ ਸਮੇਤ 2 ਜ਼ਿੰਦਾ ਕਾਰਤੂਸ, ਇੱਕ ਦੇਸੀ .32 ਬੋਰ ਪਿਸਤੌਲ ਸਮੇਤ 2 ਜ਼ਿੰਦਾ ਕਾਰਤੂਸ, ਵਰਨਾ ਕਾਰ ਨੰਬਰ DL-9CAA-6877 ਅਤੇ ਮੌਕੇ ਤੋਂ ਫਾਇਰਿੰਗ ਦੌਰਾਨ ਵਰਤੇ ਗਏ ਪੰਜ ਖੋਲ ਕਾਰਤੂਸ ਬਰਾਮਦ ਕੀਤੇ ਗਏ।


ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਉਨ੍ਹਾਂ ਦੇ ਸੰਭਾਵਿਤ ਗੈਂਗਸਟਰ ਕਨੈਕਸ਼ਨਾਂ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ।
ਬਰਾਮਦਗੀ:
ਇੱਕ ਪਿਸਤੌਲ .30 ਬੋਰ ਸਮੇਤ 2 ਜ਼ਿੰਦਾ ਕਾਰਤੂਸ
ਇੱਕ ਦੇਸੀ ਪਿਸਤੌਲ .32 ਬੋਰ ਸਮੇਤ 2 ਜ਼ਿੰਦਾ ਕਾਰਤੂਸ
ਵਰਨਾ ਕਾਰ ਨੰਬਰ DL-9CAA-6877 (ਚਿੱਟਾ ਰੰਗ)
ਫਾਇਰਿੰਗ ਦੌਰਾਨ ਵਰਤੇ ਗਏ 5 ਖੋਲ ਕਾਰਤੂਸ
ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

About The Author