ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਜਿਲ੍ਹਾ ਬਰਨਾਲਾ ਵਲੋਂ ਐਮ.ਪੀ. ਨੂੰ ਦਿੱਤਾ ਮੰਗ-ਪੱਤਰ

ਬਰਨਾਲਾ, 25 ਮਈ (ਰਾਕੇਸ਼ ਜੇਠੀ)- ਮਗਨਰੇਗਾ ਕਰਮਚਾਰੀ ਯੂਨੀਅਨ (ਪੰਜਾਬ) ਜਿਲ੍ਹਾ ਬਰਨਾਲਾ ਵਲੋਂ ਸੂਬਾ ਕਮੇਟੀ ਮੈਬਰ ਗੁਰਦੀਪ ਦਾਸ ਸ਼ਹਿਣਾ ਤੇ ਜਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਗਿੱਲ ਦੀ ਅਗਵਾਈ ਵਿਚ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਗੁਰਦੀਪ ਦਾਸ ਸ਼ਹਿਣਾ ਤ ਗੁਰਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਅਸੀਂ ਪੰਜਾਬ ਭਰ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਿਚ ਪਿਛਲੇ 18 ਸਾਲਾਂ ਤੋਂ ਕੰਟਰੈਕਟ ਆਧਾਰਿਤ ਸੇਵਾਵਾਂ ਨਿਭਾਅ ਰਹੇ ਹਾਂ। ਉਨ੍ਹਾਂ ਦੱਸਿਆ ਕਿ ਮਗਨਰੇਗਾ ਮੁਲਾਜ਼ਮਾਂ ਨੂੰ ਪਿਛਲੇ 6-7 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ, ਜਿਸ ਕਾਰਨ ਮੁਲਾਜ਼ਮਾਂ ਨੂੰ ਪਰਿਵਾਰ ਦਾ ਗੁਜਾਰਾ ਕਰਨਾ ਔਖਾ ਹੋਇਆ ਪਿਆ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਤੇ ਸਰਕਾਰ ਬਣਨ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਮਗਨਰੇਗਾ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਹੁਣ ਠੇਕੇਦਾਰੀ ਸਿਸਟਮ ਬਿਲਕੁਲ ਬੰਦ ਕਰ ਕੇ ਪੰਚਾਇਤ ਵਿਭਾਗ ਵਿਚ ਮੁਲਾਜ਼ਮਾਂ ਨੂੰ ਪੱਕੀਆਂ ਅਸਾਮੀਆਂ ’ਤੇ ਮਰਜ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਨਰੇਗਾ ਬੰਦ ਕਰ ਕੇ ਵਿਕਸਤ ਭਾਰਤ (ਜੀ ਰਾਮ ਜੀ) ਬਿੱਲ ਪਾਸ ਕਰਨ ਸਮੇਂ ਪੰਜਾਬ ਸਰਕਾਰ ਵਲੋਂ ਬੁਲਾਏ ਵਿਸ਼ੇਸ਼ ਇਜਲਾਸ ਦੌਰਾਨ ਮੁੱਖ ਮੰਤਰੀ ਨੇ ਮਗਨਰੇਗਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਬਿਜਾਏ ਉਨ੍ਹਾਂ ਦੇ ਵਿਰੁੱਧ ਹੀ ਬਿਆਨ ਦਿੱਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਬਣਾਈ ਪਾਲਿਸੀ ਵੀ ਨਰੇਗਾ ਮੁਲਾਜ਼ਮਾਂ ਦੇ ਹੱਕ ਵਿਚ ਪਾਲਿਸੀ ਨਹੀਂ ਬਣਾਈ। ਵਿਭਾਗ ਵਲੋਂ ਨਰੇਗਾ ਮੁਲਾਜ਼ਮਾਂ ਡਾਟਾ ਪੋਰਟਲ ਰਾਹੀਂ ਇਕੱਤਰ ਕਰ ਕੇ ਪੋਰਟਲ ਤੇ ਇਹ ਵਿਭਾਗ ਦੀਆਂ ਪ੍ਰਵਾਨਗੀਆਂ ਲੈਣ ਦੇ ਬਾਵਜੂਦ ਵੀ ਮੁਲਾਜ਼ਮਾਂ ਨੂੰ ਆਰਡਰ ਨਹੀਂ ਦਿੱਤੇ ਗਏ। ਦੂਜੇ ਪਾਸੇ ਪੰਜਾਬ ਸਰਕਾਰ ਅਤੇ ਵੀਡੀਓਜ਼ ਦਾ ਕੋਟਾ ਇਕੱਠਾ ਕਰ ਕੇ ਨਵੀਂ ਅਸਾਮੀ ਪੰਚਾਇਤ ਵਿਭਾਗ ਸਕੱਤਰ ਨੂੰ ਪੰਜਾਬ ਸਰਕਾਰ ਨੇ ਕੈਬਨਿਟ ਵਲੋਂ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ। ਇਸ ਲਈ ਪੰਚਾਇਤ ਸੰਮਤੀ ਦੀਆਂ ਪੰਚਾਇਤ ਸਕੱਤਰਾਂ ਅਤੇ ਵੀਡੀਓਜ਼ ਦੀਆਂ ਸਾਰੀਆਂ ਅਸਾਮੀਆਂ ਖਾਲੀ ਹੋ ਚੁੱਕੀਆਂ ਹਨ। ਦਫਤਰੀ ਕਰਮਚਾਰੀਆਂ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ। ਇਸ ਮੌਕੇ ਪਰਮਿੰਦਰ ਸਿੰਘ ਮਾਣੂੰਕੇ, ਗੁਰਪ੍ਰੀਤ ਸਿੰਘ ਸੇਰਗਿੱਲ, ਬਲਕਰਨ ਸਿੰਘ ਸੇਰਗਿੱਲ, ਜਸਮੀਤ ਸਿੰਘ ਤੁੰਗ, ਹਰਦੇਵ ਸਿੰਘ ਸਿੱਧੂ, ਰੌਬਿਨਦੀਪ ਸਿੰਘ, ਕੁਲਵਿੰਦਰ ਸਿੰਘ, ਪੰਕਜ ਕੁਮਾਰ, ਜੁਲਫ ਅਲੀ, ਸੁਖਚੈਨ ਸਿੰਘ, ਗੁਰਮੇਲ ਸਿੰਘ, ਸਤਨਾਮ ਸਿੰਘ, ਦਿਲਪ੍ਰੀਤ ਸਿੰਘ ਜਟਾਣਾ, ਬਲਵਿੰਦਰ ਸਿੰਘ ਬੱਗਾ ਆਦਿ ਹਾਜਰ ਸਨ।
