ਧਨੌਲਾ ਖੁਰਦ ‘ਚ ਰੰਜਿਸ਼ ਨੇ ਲਿਆ ਹਿੰਸਕ ਰੂਪ — ਘਰ ਵਿੱਚ ਘੁੱਸ ਕੇ ਕੁੱਟਮਾਰ, ਤਿੰਨ ਦੋਸ਼ੀ ਗ੍ਰਿਫਤਾਰ

PrimeKhabarPunjab Kothe Guru

ਹੰਡਿਆਇਆ- 26ਅਪ੍ਰੈਲ (ਰਾਕੇਸ਼ ਜੇਠੀ)-ਖੇਤਾਂ ਦੀ ਸਾਂਝੀ ਮੋਟਰ ਨੂੰ ਲੈ ਕੇ ਚੱਲ ਰਹੀ ਪੁਰਾਣੀ ਰੰਜਿਸ਼ ਨੇ ਹਿੰਸਕ ਰੂਪ ਧਾਰ ਲਿਆ, ਜਦੋਂ ਕੁਝ ਵਿਅਕਤੀਆਂ ਨੇ ਘਰ ਵਿੱਚ ਦਾਖਲ ਹੋ ਕੇ ਦੋ ਲੋਕਾਂ ‘ਤੇ ਹਮਲਾ ਕਰ ਦਿੱਤਾ। ਇਸ ਸਬੰਧੀ ਥਾਣਾ ਬਰਨਾਲਾ ਵਿੱਚ ਮਾਮਲਾ ਦਰਜ ਕਰਕੇ ਪੁਲਿਸ ਵੱਲੋਂ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੱਖਣ ਸਿੰਘ ਪੁੱਤਰ ਨਾਜਰ ਸਿੰਘ ਵਾਸੀ ਕੋਠੇ ਗੁਰੂ ਧਨੌਲਾ ਖੁਰਦ ਦੇ ਬਿਆਨਾਂ ‘ਤੇ ਪੁਲਿਸ ਨੇ ਜਗਸੀਰ ਸਿੰਘ ਉਰਫ ਰਾਜੂ, ਮਨਪ੍ਰੀਤ ਸਿੰਘ ਉਰਫ ਮਾਣੀ ਅਤੇ ਵਿੱਕੀ ਸਿੰਘ ਖਿਲਾਫ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਮਿਤੀ 24 ਅਪ੍ਰੈਲ 2026 ਨੂੰ ਮਨਪ੍ਰੀਤ ਸਿੰਘ ਅਤੇ ਵਿੱਕੀ ਸਿੰਘ ਨੇ ਜਗਸੀਰ ਸਿੰਘ ਦੇ ਕਹਿਣ ‘ਤੇ ਲਖਵੀਰ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਲਖਵੀਰ ਸਿੰਘ ਅਤੇ ਮੱਖਣ ਸਿੰਘ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਜਾਂਚ ‘ਚ ਸਾਹਮਣੇ ਆਇਆ ਹੈ ਕਿ ਲਖਵੀਰ ਸਿੰਘ ਅਤੇ ਜਗਸੀਰ ਸਿੰਘ ਵਿਚਕਾਰ ਖੇਤਾਂ ਦੀ ਪਾਣੀ ਵਾਲੀ ਸਾਂਝੀ ਮੋਟਰ ਨੂੰ ਲੈ ਕੇ ਕਾਫੀ ਸਮੇਂ ਤੋਂ ਤਕਰਾਰ ਚੱਲ ਰਹੀ ਸੀ। ਇਸੀ ਰੰਜਿਸ਼ ਦੇ ਚਲਦਿਆਂ ਇਹ ਹਮਲਾ ਕਰਵਾਇਆ ਗਿਆ। ਹਮਲੇ ਦੌਰਾਨ ਮੱਖਣ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖਲ ਕਰਵਾਇਆ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਬੂਟਾ ਸਿੰਘ ਨੇ ਦੱਸਿਆ ਕਿ 26 ਅਪ੍ਰੈਲ ਨੂੰ ਤਿੰਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀਆਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਪਲਟੀਨਾ ਅਤੇ ਹਮਲੇ ਲਈ ਵਰਤੀ ਗਈ ਲੋਹੇ ਦੀ ਕਿਰਚ ਵੀ ਬਰਾਮਦ ਕਰ ਲਈ ਹੈ।
ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਕੱਲ ਅਦਾਲਤ ਵਿੱਚ ਪੇਸ਼ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਇਲਾਕੇ ਵਿੱਚ ਇਸ ਘਟਨਾ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।

About The Author