ਕਸਬੇ ਵਿੱਚ ਨੇਵਲੇ ਦਾ ਖੌਫ: ਕਈ ਲੋਕਾਂ ਨੂੰ ਕੱਟ ਕੇ ਕੀਤਾ ਜਖਮੀ, ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ

ਹੰਡਿਆਇਆ-11 ਅਪ੍ਰੈਲ(ਰਾਕੇਸ਼ ਜੇਠੀ)- ਕਸਬੇ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਈ ਜਦੋਂ ਇੱਕ ਨੇਵਲੇ ਨੇ ਅਚਾਨਕ ਲੋਕਾਂ ‘ਤੇ ਹਮਲਾ ਕਰ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਲੋਕ ਰੋਜ਼ਾਨਾ ਦੀ ਤਰ੍ਹਾਂ ਬਾਜ਼ਾਰ ਵਿੱਚ ਆਪਣੇ ਕੰਮਕਾਜ ਵਿੱਚ ਰੁੱਝੇ ਹੋਏ ਸਨ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਰਮਜੀਤ ਬਾਵਾ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਬਾਜ਼ਾਰ ਵਿੱਚ ਖਰੀਦਦਾਰੀ ਲਈ ਗਈ ਹੋਈ ਸੀ। ਜਦੋਂ ਉਹ ਮੂਰਤੀਆਂ ਵਾਲੇ ਮੰਦਰ ਕੋਲੋਂ ਲੰਘ ਰਹੀ ਸੀ ਤਾਂ ਇੱਕ ਨੇਵਲੇ ਨੇ ਅਚਾਨਕ ਉਨ੍ਹਾਂ ‘ਤੇ ਹਮਲਾ ਕਰਕੇ ਕੱਟ ਲਿਆ। ਇਸੇ ਦੌਰਾਨ ਉਸੇ ਨੇਵਲੇ ਨੇ ਨੇੜੇ ਮੌਜੂਦ ਹੋਰ ਦੋ-ਤਿੰਨ ਵਿਅਕਤੀਆਂ ਨੂੰ ਵੀ ਬੁਰੀ ਤਰ੍ਹਾਂ ਜਖਮੀ ਕਰ ਦਿੱਤਾ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਅਫਰਾਤਫਰੀ ਦਾ ਮਾਹੌਲ ਬਣ ਗਿਆ ਅਤੇ ਲੋਕ ਡਰ ਦੇ ਮਾਰੇ ਇੱਧਰ-ਉੱਧਰ ਭੱਜਣ ਲੱਗ ਪਏ। ਆਸ-ਪਾਸ ਦੇ ਲੋਕਾਂ ਨੇ ਹਿੰਮਤ ਦਿਖਾਉਂਦੇ ਹੋਏ ਕਾਫੀ ਮਸ਼ੱਕਤ ਮਗਰੋਂ ਨੇਵਲੇ ਨੂੰ ਕਾਬੂ ਕਰਕੇ ਮਾਰ ਦਿੱਤਾ।
ਜਖਮੀ ਹੋਏ ਸਾਰੇ ਵਿਅਕਤੀਆਂ ਨੂੰ ਤੁਰੰਤ ਇਲਾਜ ਲਈ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਡਾਕਟਰਾਂ ਵੱਲੋਂ ਸਮੇਂ ‘ਤੇ ਇਲਾਜ ਮਿਲਣ ਕਾਰਨ ਹਾਲਤ ਕਾਬੂ ਵਿੱਚ ਦੱਸੀ ਜਾ ਰਹੀ ਹੈ।
ਇਸ ਘਟਨਾ ਤੋਂ ਬਾਅਦ ਕਸਬੇ ਦੇ ਵਸਨੀਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਜੰਗਲੀ ਜਾਨਵਰਾਂ ਦੇ ਦਾਖਲੇ ਨੂੰ ਰੋਕਣ ਲਈ ਢੁਕਵੇਂ ਕਦਮ ਚੁੱਕੇ ਜਾਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
