ਮੁਖ ਅਧਿਆਪਕ ਵਿਰੁਧ ਗ਼ਬਨ ਦੇ ਦੋਸ਼ਾਂ ਦੀ ਜਾਂਚ ਲਈ ਸਿੱਖਿਆ ਵਿਭਾਗ ਦੀ ਟੀਮ ਪਹੁੰਚੀ ਸਕੂਲ

ਪੰਚਾਇਤ ਤੇ ਸਕੂਲ ਕਮੇਟੀ ਵਲੋਂ ਗ੍ਰਾਂਟਾਂ ਦੀ ਦੁਰਵਰਤੋਂ ਦੇ ਲਗਾਏ ਸਨ ਦੋਸ਼; ਮੁਖ ਮੰਤਰੀ ਤੇ ਵਿਜੀਲੈਂਸ ਤਕ ਪੁੱਜਾ ਮਾਮਲਾ
ਬਰਨਾਲਾ, 11 ਅਪ੍ਰੈਲ (ਰਾਕੇਸ਼ ਜੇਠੀ): ਹਲਕਾ ਮਹਿਲ ਕਲਾਂ ਦੇ ਅਧੀਨ ਆਉਂਦੇ ਪਿੰਡ ਸਹਿਜੜਾ ਦੇ ਸਰਕਾਰੀ ਹਾਈ ਸਕੂਲ ’ਚ ਵਿਕਾਸ ਕਾਰਜਾਂ ਲਈ ਆਈਆਂ ਸਰਕਾਰੀ ਗ੍ਰਾਂਟਾਂ ’ਚ ਕਥਿਤ ਘਪਲੇ ਦਾ ਮਾਮਲਾ ਗਰਮਾ ਗਿਆ ਹੈ। ਸਕੂਲ ਮੁਖੀ ਉੱਪਰ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਹਰਕਤ ’ਚ ਆਏ ਸਿੱਖਿਆ ਵਿਭਾਗ ਦੀ ਇਕ ਉੱਚ-ਪੱਧਰੀ ਜਾਂਚ ਟੀਮ ਨੇ ਸਕੂਲ ਦਾ ਦੌਰਾ ਕੀਤਾ ਤੇ ਸਬੰਧਤ ਰਿਕਾਰਡ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪਿੰਡ ਦੀ ਪੰਚਾਇਤ ਤੇ ਸਕੂਲ ਪ੍ਰਬੰਧਕ ਕਮੇਟੀ ਨੇ ਕਰੀਬ ਦੋ ਹਫਤੇ ਪਹਿਲਾਂ ਮੁਖ ਮੰਤਰੀ, ਸਿੱਖਿਆ ਮੰਤਰੀ, ਮੈਂਬਰ ਪਾਰਲੀਮੈਂਟ, ਵਿਜੀਲੈਂਸ ਵਿਭਾਗ ਤੇ ਡੀਸੀ ਬਰਨਾਲਾ ਨੂੰ ਲਿਖ਼ਤੀ ਸ਼ਿਕਾਇਤ ਭੇਜ ਕੇ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ। ਸ਼ਿਕਾਇਤ ਕਰਤਾਵਾਂ ਨੇ ਗੰਭੀਰ ਦੋਸ਼ ਲਗਾਉਂਦਿਆਂ ਦੱਸਿਆ ਕਿ ਸਕੂਲ ’ਚ ਐੱਨਐੱਸਕਿਊਐੱਫ਼ ਲੈਬ ਦੀ ਉਸਾਰੀ ਤੇ ਰੰਗ-ਰੋਗਨ ਦੇ ਕੰਮ ’ਚ ਭਾਰੀ ਬੇਨਿਯਮੀਆਂ ਕੀਤੀਆਂ ਗਈਆਂ ਹਨ। ਦੋਸ਼ ਹੈ ਕਿ ਸਕੂਲ ਮੁਖੀ ਨੇ ਸਮਾਨ ਦੀ ਖ਼ਰੀਦ ਲਈ ਕੋਈ ਵੀ ਅਧਿਕਾਰਤ ਖ਼ਰਚਾ ਕਮੇਟੀ ਨਹੀਂ ਬਣਾਈ ਤੇ ਆਪਣੀ ਮਰਜ਼ੀ ਨਾਲ ਘਟੀਆ ਦਰਜੇ ਦਾ ਰੰਗ-ਰੋਗਨ ਖ਼ਰੀਦ ਕੇ ਸਰਕਾਰੀ ਪੈਸੇ ਦੀ ਦੁਰਵਰਤੋਂ ਕੀਤੀ। ਹੈਰਾਨੀਜਨਕ ਤਥ ਇਹ ਵੀ ਸਾਹਮਣੇ ਆਇਆ ਹੈ ਕਿ ਲੈਬ ਦੀ ਛੱਤ (ਲੈਂਟਰ) ਪੈਣ ਤੋਂ ਪਹਿਲਾਂ ਹੀ ਕੁਲ ਗ੍ਰਾਂਟ ਦਾ ਕਰਬਿ 85 ਫ਼ੀਸਦੀ ਹਿੱਸਾ ਕਾਗਜ਼ਾਂ ’ਚ ਖ਼ਰਚਿਆ ਦਿਖਾ ਦਿੱਤਾ ਗਿਆ ਹੈ। ਪਿੰਡ ਵਾਸੀਆਂ ਨੇ ਸ਼ਿਕਾਇਤ ’ਚ ਇਹ ਵੀ ਉਭਾਰਿਆ ਹੈ ਕਿ ਉਕਤ ਸਕੂਲ ਮੁਖੀ ਕੋਲ ਜ਼ਿਲ੍ਹਾ ਸਮਾਰਟ ਮੈਂਟਰ ਦਾ ਅਹਿਮ ਅਹੁਦਾ ਹੋਣ ਕਾਰਨ, ਉਨ੍ਹਾਂ ਨੇ ਕੁਝ ਖਾਸ ਸਕੂਲਾਂ ਨੂੰ ਨਿਯਮਾਂ ਤੋਂ ਬਾਹਰ ਜਾ ਕੇ ਵੱਧ ਗ੍ਰਾਂਟਾਂ ਜਾਰੀ ਕਰਵਾਈਆਂ ਹਨ। ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਨੇ ਕਿਹਾ ਕਿ ਸਿਰਫ਼ ਮੌਜੂਦਾ ਕੰਮਾਂ ਦੀ ਹੀ ਨਹੀਂ। ਸਗੋਂ ਉਕਤ ਸਕੂਲ ਮੁਖੀ ਦੇ ਕਾਰਜਕਾਲ ਦੌਰਾਨ ਹੋਏ ਸਾਰੇ ਵਿਕਾਸ ਕਾਰਜਾਂ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ।
—ਸਕੂਲ ਮੁਖੀ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ
ਦੂਜੇ ਪਾਸੇ ਸਕੂਲ ਮੁਖੀ ਰਾਜੇਸ਼ ਕੁਮਾਰ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗ੍ਰਾਂਟਾਂ ਦਾ ਖ਼ਰਚਾ ਨਿਯਮਾਂ ਅਨੁਸਾਰ ਹੀ ਕੀਤਾ ਜਾ ਰਿਹਾ ਹੈ ਤੇ ਰੰਗ ਦੀ ਕੁਆਲਿਟੀ ਬਾਰੇ ਉੱਠੇ ਇਤਰਾਜ਼ ਤੋਂ ਬਾਅਦ ਉਸ ਨੂੰ ਬਦਲ ਕੇ ਦੂਜੀ ਕੰਪਨੀ ਦਾ ਰੰਗ ਲਿਆਂਦਾ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਹ ਡੀਐੱਸਐੱਮ ਦੀ ਡਿਊਟੀ ਦੇ ਵਾਧੂ ਭਾਰ ਕਾਰਨ ਪ੍ਰੇਸ਼ਾਨ ਹਨ ਤੇ ਇਸ ਨੂੰ ਹਟਾਉਣ ਲਈ ਵਿਭਾਗ ਨੂੰ ਲਿਖ ਚੁੱਕੇ ਹਨ।
—ਜਾਂਚ ਪ੍ਰਕਿਰਿਆ ਜਾਰੀ, ਰਿਪੋਰਟ ਆਉਣ ’ਤੇ ਹੋਵੇਗੀ ਕਾਰਵਾਈ : ਡੀਈਓ
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਸਿੱ) ਸੁਨੀਤਇੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਜਾਂਚ ਪ੍ਰਕਿਰਿਆ ਜਾਰੀ ਹੈ। ਉਨ੍ਹਾਂ ਕਿਹਾ ਕਿ ਜਾਂਚ ਟੀਮ ਦੀ ਰਿਪੋਰਟ ਦੇ ਆਧਾਰ `ਤੇ ਜੋ ਵੀ ਤੱਥ ਸਾਹਮਣੇ ਆਉਣਗੇ। ਉਸ ਅਨੁਸਾਰ ਬਣਦੀ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ। ਇਸ ਜਾਂਚ ਦੌਰਾਨ ਪਿੰਡ ਵਾਸੀਆਂ ’ਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ ਤੇ ਉਹ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਉਡੀਕ ਕਰ ਰਹੇ ਹਨ।
