ਸਰਕਾਰੀ ਸਿਹਤ ਸੇਵਾਵਾਂ ਦੇ ਦਾਅਵਿਆਂ ਦੀ ਨਿਕਲੀ ਫੂਕ; ਰਾਤ ਸਮੇਂ ਭਦੌੜ ਹਸਪਤਾਲ ਦੀ ਐਮਰਜੈਂਸੀ ਨੂੰ ਜਿੰਦਾ ਲੱਗਾ ਹੋਣ ਕਾਰਨ ਮਰੀਜ਼ ਹੋਇਆ ਖੱਜਲ-ਖੁਆਰ

PrimekhabarPunjab Bhadaur

ਭਦੌੜ, 8 ਅਪ੍ਰੈਲ (ਰਾਕੇਸ਼ ਜੇਠੀ): ਪੰਜਾਬ ਸਰਕਾਰ ਵਲੋਂ ਸਿਹਤ ਸਹੂਲਤਾਂ ਦੇ ਕੀਤੇ ਜਾ ਰਹੇ ਵੱਡੇ-ਵੱਡੇ ਦਾਅਵਿਆਂ ਦੀ ਉਸ ਵੇਲੇ ਫੂਕ ਨਿਕਲ ਗਈ। ਜਦੋਂ ਦੇਰ ਸ਼ਾਮ ਇਕ ਸੜਕ ਹਾਦਸੇ ’ਚ ਗੰਭੀਰ ਜ਼ਖਮੀ ਹੋਏ ਵਿਅਕਤੀ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਭਦੌੜ ਲਿਆਂਦਾ ਗਿਆ। ਪਰ ਅੱਗੋਂ ਹਸਪਤਾਲ ਨੂੰ ਜਿੰਦਾ ਲੱਗਾ ਹੋਇਆ ਸੀ। ਸਮੇਂ ਸਿਰ ਡਾਕਟਰੀ ਸਹਾਇਤਾ ਨਾ ਮਿਲਣ ਕਾਰਨ ਮਰੀਜ਼ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜੋ ਕਿ ਮੌਜੂਦਾ ਸਿਹਤ ਪ੍ਰਬੰਧਾਂ ’ਤੇ ਵੱਡੇ ਸਵਾਲ ਖੜ੍ਹੇ ਕਰਦਾ ਹੈ। ਜਾਣਕਾਰੀ ਅਨੁਸਾਰ ਪਿੰਡ ਮੱਝੂਕੇ ਨੇੜੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ’ਚ ਗੁਰਤੇਜ ਸਿੰਘ ਬਿੱਲਾ ਪੁੱਤਰ ਦਰਸ਼ਨ ਸਿੰਘ ਵਾਸੀ ਮੱਝੂਕੇ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਪਿੰਡ ਮੱਝੂਕੇ ਦੇ ਸਾਬਕਾ ਪੰਚਾਇਤ ਮੈਂਬਰ ਸ਼ਿਵਚਰਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਮੱਝੂਕੇ ਤੋਂ ਹਿੰਮਤਪੁਰਾ ਵੱਲ ਜਾ ਰਹੇ ਸਨ ਤਾਂ ਉਨ੍ਹਾਂ ਨੇ ਸੜਕ ’ਤੇ ਗੁਰਤੇਜ ਸਿੰਘ ਨੂੰ ਲਹੂ-ਲੁਹਾਨ ਹਾਲਤ ’ਚ ਡਿੱਗਿਆ ਦੇਖਿਆ। ਮਾਨਵਤਾ ਦੇ ਨਾਤੇ ਉਹ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਜ਼ਖਮੀ ਨੂੰ ਸਿਵਲ ਹਸਪਤਾਲ ਭਦੌੜ ਲੈ ਕੇ ਪਹੁੰਚੇ। ਸ਼ਿਵਚਰਨ ਸਿੰਘ ਨੇ ਕਿਹਾ ਕਿ ਜਦੋਂ ਉਹ ਜ਼ਖਮੀ ਨੂੰ ਲੈ ਕੇ ਹਸਪਤਾਲ ਪਹੁੰਚੇ ਤਾਂ ਉੱਥੇ ਤਾਲਾ ਲੱਗਿਆ ਹੋਇਆ ਸੀ ਤੇ ਕੋਈ ਵੀ ਡਾਕਟਰ ਜਾਂ ਸਟਾਫ਼ ਮੌਜੂਦ ਨਹੀਂ ਸੀ। ਮਰੀਜ਼ ਦੀ ਹਾਲਤ ਵਿਗੜਦੀ ਦੇਖ ਉਨ੍ਹਾਂ ਨੂੰ ਮਜਬੂਰਨ ਇਕ ਨਿੱਜੀ ਹਸਪਤਾਲ ਜਾਣਾ ਪਿਆ। ਉੱਥੇ ਐਕਸ-ਰੇਅ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਕਿ ਗੁਰਤੇਜ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ ਹਨ। ਸਰਕਾਰ ਦੀ ਇਸ ਅਣਗਹਿਲੀ ਵਿਰੁੱਧ ਹਾਜ਼ਰ ਲੋਕਾਂ ਨੇ ਤਿੱਖਾ ਰੋਸ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਇਸ਼ਤਿਹਾਰਾਂ ’ਚ ਹੀ ਸਿਹਤ ਸਹੂਲਤਾਂ ਦੇ ਗੱਫੇ ਵੰਡ ਰਹੀ ਹੈ। ਜਦਕਿ ਜ਼ਮੀਨੀ ਹਕੀਕਤ ਇਹ ਹੈ ਕਿ ਐਮਰਜੈਂਸੀ ਵੇਲੇ ਹਸਪਤਾਲਾਂ ਨੂੰ ਜਿੰਦੇ ਲੱਗੇ ਹੋਏ ਹਨ। ਜੇਕਰ ਦੇਰੀ ਕਾਰਨ ਕਿਸੇ ਦੀ ਜਾਨ ਚਲੀ ਜਾਂਦੀ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੁੰਦਾ? ਉਨ੍ਹਾਂ ਮੰਗ ਕੀਤੀ ਕਿ ਹਸਪਤਾਲਾਂ ’ਚ ਡਾਕਟਰਾਂ ਦੀ 24 ਘੰਟੇ ਤਾਇਨਾਤੀ ਯਕੀਨੀ ਬਣਾਈ ਜਾਵੇ। ਇਸ ਮੌਕੇ ਜਗਸੀਰ ਸਿੰਘ ਜੱਗਾ, ਜਸਵੀਰ ਸਿੰਘ, ਬੇਅੰਤ ਸਿੰਘ, ਗਗਨ ਸਿੰਘ, ਸੌਰਵ ਕੁਮਾਰ, ਨਾਇਬ ਸਿੰਘ ਅਤੇ ਬਲਵਿੰਦਰ ਕੌਰ ਆਦਿ ਮੌਜੂਦ ਸਨ।
—ਪੁਲਿਸ ਕਾਰਵਾਈ ’ਚ ਵੀ ਆਈ ਅੜਚਣ
ਹੈਰਾਨੀ ਦੀ ਗੱਲ ਉਦੋਂ ਸਾਹਮਣੇ ਆਈ ਜਦੋਂ ਪੀੜਤ ਧਿਰ ਪੁਲਿਸ ਕਾਰਵਾਈ ਲਈ ਥਾਣਾ ਭਦੌੜ ਪਹੁੰਚੀ। ਪੁਲਿਸ ਨੇ ਉਨ੍ਹਾਂ ਨੂੰ ਹਦਾਇਤ ਕੀਤੀ ਕਿ ਕਾਨੂੰਨੀ ਕਾਰਵਾਈ ਐੱਮਐੱਲਆਰ ਲਈ ਮਰੀਜ਼ ਨੂੰ ਮੁੜ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਜਾਵੇ ਤਾਂ ਜੋ ਉੱਥੋਂ ਸੂਚਨਾ ਆਉਣ `ਤੇ ਪਰਚਾ ਦਰਜ ਕੀਤਾ ਜਾ ਸਕੇ। ਜਦੋਂ ਉਹ ਦੁਬਾਰਾ ਮਰੀਜ਼ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੇ ਤਾਂ ਫਿਰ ਉਹੀ ਸਥਿਤੀ ਸੀ। ਹਸਪਤਾਲ ਨੂੰ ਜਿੰਦਾ ਲੱਗਾ ਹੋਇਆ ਸੀ।

About The Author

You may have missed