ਬਰਨਾਲਾ ਮੀਟਿੰਗ ’ਚ ਰਣਨੀਤੀ ਤਿਆਰ: ਪੰਜਾਬ ’ਚ ਸਿਆਸੀ ਤਬਦੀਲੀ ਦਾ ਮੁੱਢ ਬੰਨ੍ਹੇਗੀ ਅਮਿਤ ਸ਼ਾਹ ਦੀ ਫੇਰੀ: ਸਤੀਸ਼ ਗਰਗ

IMG-20260303-WA0013.jpg

ਬਰਨਾਲਾ, 3 ਮਾਰਚ (ਰਾਕੇਸ਼ ਜੇਠੀ): ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 14 ਮਾਰਚ ਨੂੰ ਮੋਗਾ ਵਿਖੇ ਹੋਣ ਜਾ ਰਹੀ ਮਹਾ ਰੈਲੀ ਨੂੰ ਲੈ ਕੇ ਮਾਲਵਾ ਖਿੱਤੇ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਇਸ ਰੈਲੀ ਨੂੰ ਇਤਿਹਾਸਕ ਬਣਾਉਣ ਤੇ ਭਾਜਪਾ ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਬਰਨਾਲਾ ਦਿਹਾਤੀ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਮੋਨੂੰ ਤੇ ਸ਼ਹਿਰੀ ਮੰਡਲ ਪ੍ਰਧਾਨ ਭਰਤ ਕਾਂਸਲ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਮੰਗਲਵਾਰ ਨੂੰ ਬਰਨਾਲਾ ਵਿਖੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦੀ ਇਕ ਵਿਸ਼ੇਸ਼ ਰਣਨੀਤਕ ਮੀਟਿੰਗ ਹੋਈ। ਜਿਸ ’ਚ ਰੈਲੀ ਦੀ ਸਫ਼ਲਤਾ ਲਈ ਬਕਾਇਦਾ ਰੂਪ-ਰੇਖਾ ਉਲੀਕੀ ਗਈ ਤੇ ਵੱਖ-ਵੱਖ ਇਕਾਈਆਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਗਈਆਂ। ਮੀਟਿੰਗ ਨੂੰ ਸੰਬੋਧਨ ਕਰਦਿਆਂ ਬਰਨਾਲਾ ਰੈਲੀ ਇੰਚਾਰਜ ਸਤੀਸ਼ ਗਰਗ ਨੇ ਵਿਸ਼ਵਾਸ ਨਾਲ ਕਿਹਾ ਕਿ 14 ਮਾਰਚ ਦੀ ਰੈਲੀ ਮਹਿਜ਼ ਇਕ ਇਕੱਠ ਨਹੀਂ। ਸਗੋਂ ਪੰਜਾਬ ਦੀ ਸਿਆਸਤ ’ਚ ਇਕ ਨਵਾਂ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਅਮਿਤ ਸ਼ਾਹ ਦੀ ਆਮਦ ਨਾਲ ਸੂਬੇ ’ਚ ਭਾਜਪਾ ਦੇ ਹੱਕ ’ਚ ਇਕ ਅਜਿਹੀ ਲਹਿਰ ਚੱਲੇਗੀ। ਜੋ ਆਉਣ ਵਾਲੇ ਸਮੇਂ ’ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਨ ਦਾ ਮੁੱਢ ਬੰਨ੍ਹੇਗੀ। ਗਰਗ ਨੇ ਵਰਕਰਾਂ ਨੂੰ ਥਾਪੜਾ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਘਰ-ਘਰ ਜਾ ਕੇ ਕੇਂਦਰ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਦਾ ਪ੍ਰਚਾਰ ਕਰੀਏ ਤੇ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਨਾਲ ਜੋੜੀਏ। ਮੀਟਿੰਗ ’ਚ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਸਰਗਰਮ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਰੈਲੀ ਤਕ ਹਰ ਵੋਟਰ ਤਕ ਪਹੁੰਚ ਕੀਤੀ ਜਾ ਸਕੇ। ਇਸ ਅਹਿਮ ਬੈਠਕ ’ਚ ਰੀਤੂ ਸ਼ਰਮਾ, ਲੋਕੇਸ਼ ਕੌਸ਼ਲ, ਵਿਵੇਕ ਕੁਮਾਰ, ਹਨੀ ਸ਼ਰਮਾ, ਮਨੀਸ਼ ਗਰਗ, ਧਰਮ ਸਿੰਘ, ਕੌਸਲਰ ਗੋਨੀ, ਪ੍ਰੇਮ ਪ੍ਰੀਤਮ ਜਿੰਦਲ, ਬਲਵਿੰਦਰ ਸ਼ਰਮਾ, ਵਿੱਕੀ ਬਾਂਸਲ, ਬੇਅੰਤ ਗਿੱਲ, ਕਾਲਾ ਸਿੰਗਲਾ, ਬਲਜਿੰਦਰ ਟੀਟੂ, ਪੁਨੀਤ, ਗੱਖੀ, ਜਗਦੇਵ ਸਿੰਘ, ਮਨਸੂਰ ਅਲੀ ਆਦਿ ਹਾਜ਼ਰ ਸਨ।
—`ਆਪ` ਸਰਕਾਰ `ਤੇ ਤਿੱਖੇ ਹਮਲੇ: ਡਬਲ ਇੰਜਨ ਸਰਕਾਰ ਦੀ ਵਕਾਲਤ
ਮੀਟਿੰਗ ਦੌਰਾਨ ਸੂਬੇ ਦੀ ਮੌਜੂਦਾ ਸਥਿਤੀ `ਤੇ ਚਿੰਤਾ ਪ੍ਰਗਟ ਕਰਦਿਆਂ ਸਤੀਸ਼ ਗਰਗ ਨੇ ਆਮ ਆਦਮੀ ਪਾਰਟੀ `ਤੇ ਤਿੱਖੇ ਸਿਆਸੀ ਬਾਣ ਛੱਡੇ। ਉਨ੍ਹਾਂ ਕਿਹਾ ਕਿ `ਆਪ` ਨੇ ਚੋਣਾਂ ਵੇਲੇ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ `ਗਰੰਟੀਆਂ` ਦੇ ਰੂਪ ’ਚ ਸਬਜ਼ਬਾਗ ਦਿਖਾਏ ਸਨ। ਪਰ ਅੱਜ ਸੱਤਾ ਦੇ ਨਸ਼ੇ ’ਚ ਇਹ ਸਰਕਾਰ ਹਰ ਮੋਰਚੇ `ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪੰਜਾਬ ਨੂੰ ਮੌਜੂਦਾ ਆਰਥਿਕ ਤੇ ਸਮਾਜਿਕ ਸੰਕਟ ’ਚੋਂ ਕੱਢਣ ਲਈ ਕੇਂਦਰ ਤੇ ਸੂਬੇ ’ਚ ਡਬਲ ਇੰਜਨ ਦੀ ਸਰਕਾਰ ਹੋਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਦੋਂ ਦਿੱਲੀ ਤੇ ਪੰਜਾਬ ’ਚ ਭਾਜਪਾ ਦਾ ਤਾਲਮੇਲ ਹੋਵੇਗਾ। ਉਦੋਂ ਹੀ ਸੂਬੇ ’ਚ ਵਿਕਾਸ ਤੇ ਖੁਸ਼ਹਾਲੀ ਦੀ ਨਵੀਂ ਸਵੇਰ ਆਵੇਗੀ।
—ਬਰਨਾਲਾ ਜ਼ਿਲ੍ਹੇ ਤੋਂ ਉੱਠੇਗਾ ਜਨ-ਸੈਲਾਬ: ਨਰਿੰਦਰ ਗਰਗ ਨੀਟਾ
ਜ਼ਿਲ੍ਹਾ ਆਗੂ ਨਰਿੰਦਰ ਗਰਗ ਨੀਟਾ ਨੇ ਮੀਟਿੰਗ ’ਚ ਰੈਲੀ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪੂਰੇ ਜ਼ਿਲ੍ਹੇ ਅੰਦਰ ਵਰਕਰਾਂ ’ਚ ਬੇਮਿਸਾਲ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ 14 ਮਾਰਚ ਦੀ ਸਵੇਰ ਬਰਨਾਲਾ ਤੋਂ ਵੱਡੀ ਗਿਣਤੀ ਗੱਡੀਆਂ ਤੇ ਬੱਸਾਂ ਦਾ ਇਕ ਵਿਸ਼ਾਲ ਕਾਫ਼ਲਾ ਮੋਗਾ ਲਈ ਰਵਾਨਾ ਹੋਵੇਗਾ। ਮੰਡਲ ਪ੍ਰਧਾਨਾਂ ਨੇ ਮੀਟਿੰਗ ’ਚ ਭਰੋਸਾ ਦਿੱਤਾ ਕਿ ਪਿੰਡਾਂ ਤੇ ਸ਼ਹਿਰੀ ਵਾਰਡਾਂ ’ਚੋਂ ਲੋਕ ਆਪਣੇ ਆਪ ਰੈਲੀ ’ਚ ਜਾਣ ਲਈ ਤਿਆਰ ਹਨ। ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਲੋਕ ਹੁਣ ਬਦਲਾਅ ਚਾਹੁੰਦੇ ਹਨ।

About The Author

You may have missed