ਮੋਗਾ ਰੈਲੀ ਲਈ ਭਾਜਪਾ ਨੇ ਕਸੀ ਕਮਰ, ਹੰਡਿਆਇਆ ਇਕਾਈ ਵੱਲੋਂ ਜ਼ੋਰਦਾਰ ਤਿਆਰੀਆਂ ਸ਼ੁਰੂ

ਹੰਡਿਆਇਆ-3 ਮਾਰਚ-(ਰਾਕੇਸ਼ ਜੇਠੀ)-ਭਾਰਤ ਦੇ ਗ੍ਰਹਿ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਮੁੱਖ ਆਗੂ ਅਮਿਤ ਸ਼ਾਹ ਵੱਲੋਂ 14 ਮਾਰਚ ਨੂੰ ਮੋਗਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਨੂੰ ਲੈ ਕੇ ਜ਼ਿਲ੍ਹੇ ਭਰ ਵਿੱਚ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਸੰਬੰਧੀ ਭਾਰਤੀ ਜਨਤਾ ਪਾਰਟੀ ਦੀ ਹੰਡਿਆਇਆ ਇਕਾਈ ਵੱਲੋਂ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਰੈਲੀ ਵਿੱਚ ਪਹੁੰਚਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਅੱਜ ਸ਼ਾਂਤੀ ਹਾਲ ਹੰਡਿਆਇਆ ਵਿਖੇ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਬਰਨਾਲਾ ਰੈਲੀ ਇੰਚਾਰਜ ਸਤੀਸ਼ ਕੁਮਾਰ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੋਗਾ ਰੈਲੀ ਪੰਜਾਬ ਦੀ ਰਾਜਨੀਤੀ ਵਿੱਚ ਨਵਾਂ ਮੋੜ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਅਮਿਤ ਸ਼ਾਹ ਦੀ ਇਹ ਰੈਲੀ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ਦਾ ਮੁੱਢ ਬੰਨ੍ਹੇਗੀ ਅਤੇ ਸੂਬੇ ਵਿੱਚ ਵਿਕਾਸ ਦੀ ਨਵੀਂ ਲਹਿਰ ਦੀ ਸ਼ੁਰੂਆਤ ਕਰੇਗੀ।
ਉਨ੍ਹਾਂ ਆਰੋਪ ਲਗਾਇਆ ਕਿ Aam Aadmi Party ਨੇ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਸਰਕਾਰ ਤਾਂ ਬਣਾ ਲਈ, ਪਰ ਹਰ ਮੋਰਚੇ ‘ਤੇ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿਤਾਂ ਲਈ ਹੁਣ “ਡਬਲ ਇੰਜਨ” ਵਾਲੀ ਸਰਕਾਰ ਦੀ ਲੋੜ ਹੈ ਤਾਂ ਜੋ ਕੇਂਦਰ ਅਤੇ ਰਾਜ ਸਰਕਾਰ ਮਿਲ ਕੇ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਣ।
ਇਸ ਮੌਕੇ ਮੰਡਲ ਪ੍ਰਧਾਨ ਅਖਿਲੇਸ਼ ਸ਼ਰਮਾ ਨੇ ਵੀ ਵਰਕਰਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ 14 ਮਾਰਚ ਨੂੰ ਮੋਗਾ ਪਹੁੰਚ ਕੇ ਅਮਿਤ ਸ਼ਾਹ ਦੇ ਵਿਚਾਰ ਸੁਣੇ ਜਾਣ।
ਮੀਟਿੰਗ ਵਿੱਚ ਬਰਨਾਲਾ ਜ਼ਿਲ੍ਹਾ ਪ੍ਰਧਾਨ ਦੇ ਨਾਲ ਬਰਨਾਲਾ ਦੇ ਮੰਡਲ ਪ੍ਰਧਾਨ ਪੁਨੀਤ ਕੌਸ਼ਲ ਤੇ ਭਰਤ ਕਾਂਸਲ, ਹੰਡਿਆਇਆ ਦੇ ਮੰਡਲ ਪ੍ਰਧਾਨ ਅਖਿਲੇਸ਼ ਕੁਮਾਰ ਸ਼ਰਮਾ, ਅਸ਼ੋਕ ਕੁਮਾਰ ਸ਼ਾਸ਼ਤਰੀ,ਸਾਬਕਾ ਮੰਡਲ ਪ੍ਰਧਾਨ ਗੋਰਾ ਲਾਲ, ਨਗਰ ਪੰਚਾਇਤ ਹੰਡਿਆਇਆ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਸ਼ਰਮਾ, ਨਰਿੰਦਰ ਗਰਗ ਨੀਟਾ, ਸੋਮਨਾਥ, ਪ੍ਰਦੀਪ ਕੁਮਾਰ, ਬਿੱਟੂ ਕੁਮਾਰ, ਮਨਦੀਪ ਕੁਮਾਰ ਨੋਨਾ, ਬੂਟਾ ਸਿੰਘ, ਮੇਜਰ ਸਿੰਘ, ਮੱਖਣ ਸਿੰਘ ਸਮੇਤ ਹੋਰ ਪਾਰਟੀ ਵਰਕਰ ਮੌਜੂਦ ਸਨ।
ਪਾਰਟੀ ਆਗੂਆਂ ਦਾ ਕਹਿਣਾ ਹੈ ਕਿ ਮੋਗਾ ਰੈਲੀ ਨੂੰ ਇਤਿਹਾਸਕ ਬਣਾਉਣ ਲਈ ਤਿਆਰੀਆਂ ਜ਼ੋਰਾਂ ‘ਤੇ ਹਨ ਅਤੇ ਹੰਡਿਆਇਆ ਇਲਾਕੇ ਤੋਂ ਵੱਡੀ ਗਿਣਤੀ ਵਿੱਚ ਵਰਕਰ ਅਤੇ ਸਮਰਥਕ ਰਵਾਨਾ ਹੋਣਗੇ।
