ਰਾਜ ਸਭਾ ਮੈਂਬਰ ਪਦਮ ਸ਼੍ਰੀ ਰਾਜਿੰਦਰ ਗੁਪਤਾ ਵੱਲੋਂ ਉਠਾਈਆਂ ਮੰਗਾਂ ਨੂੰ ਰੇਲਵੇ ਮੰਤਰਾਲੇ ਵੱਲੋਂ ਮਨਜ਼ੂਰੀ

ਬਰਨਾਲਾ ਵਿੱਚ ਵੰਦੇ ਭਾਰਤ ਐਕਸਪ੍ਰੈੱਸ ਦੇ ਠਹਿਰਾਅ ਨੂੰ ਮਨਜ਼ੂਰੀ
ਪੰਜਾਬ -17ਦਸੰਬਰ (ਰਾਕੇਸ਼ ਜੇਠੀ)-ਪੰਜਾਬ ਵਿੱਚ ਰੇਲ ਸੰਪਰਕ ਨੂੰ ਮਜ਼ਬੂਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਭਾਰਤੀ ਰੇਲਵੇ ਮੰਤਰਾਲੇ ਨੇ ਰਾਜ ਸਭਾ ਮੈਂਬਰ ਅਤੇ ਪਦਮ ਸ਼੍ਰੀ ਰਾਜਿੰਦਰ ਗੁਪਤਾ ਵੱਲੋਂ ਕੇਂਦਰੀ ਰੇਲਵੇ, ਜਾਣਕਾਰੀ ਤੇ ਪ੍ਰਸਾਰਣ ਅਤੇ ਇਲੈਕਟ੍ਰਾਨਿਕਸ ਤੇ ਸੂਚਨਾ ਤਕਨਾਲੋਜੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨਾਲ ਹੋਈ ਹਾਲੀਆ ਮੁਲਾਕਾਤ ਦੌਰਾਨ ਉਠਾਈਆਂ ਅਹਿਮ ਮੰਗਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਕੇਂਦਰ ਸਰਕਾਰ ਦੇ ਰੇਲ ਮੰਤਰਾਲੇ ਨੇ ਫਿਰੋਜ਼ਪੁਰ–ਦਿੱਲੀ ਵੰਦੇ ਭਾਰਤ ਐਕਸਪ੍ਰੈੱਸ ਦਾ ਬਰਨਾਲਾ ਵਿੱਚ ਠਹਿਰਾਅ ਮਨਜ਼ੂਰ ਕਰ ਲਿਆ ਹੈ। ਰਾਜ ਸਭਾ ਲਈ ਚੁਣੇ ਜਾਣ ਤੋਂ ਬਾਅਦ ਇਹ ਸ਼੍ਰੀ ਗੁਪਤਾ ਦੀ ਰੇਲਵੇ ਮੰਤਰੀ ਨਾਲ ਪਹਿਲੀ ਸਰਕਾਰੀ ਮੁਲਾਕਾਤ ਸੀ। ਇਸ ਦੌਰਾਨ ਸ਼੍ਰੀ ਰਾਜਿੰਦਰ ਗੁਪਤਾ ਨੇ ਫਿਰੋਜ਼ਪੁਰ ਤੋਂ ਚੱਲ ਰਹੀ ਨਵੀਂ ਵੰਦੇ ਭਾਰਤ ਐਕਸਪ੍ਰੈਸ ਦਾ ਬਰਨਾਲਾ ਵਿੱਚ ਠਹਿਰਾਉ ਯਕੀਨੀ ਬਣਾਉਣ ਦੀ ਜ਼ੋਰਦਾਰ ਮੰਗ ਰੱਖੀ। ਉਨ੍ਹਾਂ ਨੇ ਇਲਾਕੇ ਦੇ ਵਸਨੀਕਾਂ, ਵਪਾਰੀਆਂ ਅਤੇ ਯਾਤਰੀਆਂ ਵੱਲੋਂ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਰੇਖਾਂਕਿਤ ਕੀਤਾ। ਰੇਲਵੇ ਮੰਤਰਾਲੇ ਨੇ ਹੁਣ ਇਸ ਮੰਗ ਨੂੰ ਸਵੀਕਾਰ ਕਰ ਲਿਆ ਹੈ ਅਤੇ ਬਰਨਾਲਾ ਨੂੰ ਇੱਕ ਉਭਰਦਾ ਹੋਇਆ ਆਰਥਿਕ ਅਤੇ ਸਮਾਜਿਕ ਕੇਂਦਰ ਮੰਨਦਿਆਂ ਇਸ ਦੀ ਮਹੱਤਤਾ ਨੂੰ ਮੰਨਤਾ ਦਿੱਤੀ ਹੈ।
ਇਸ ਮੰਗ ਦੀ ਮਨਜ਼ੂਰੀ ਬਰਨਾਲਾ, ਸੰਗਰੂਰ, ਬਠਿੰਡਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਲਈ ਵੱਡੀ ਰਾਹਤ ਸਾਬਤ ਹੋਈ ਹੈ, ਜੋ ਕਈ ਸਾਲਾਂ ਤੋਂ ਬਿਹਤਰ ਰੇਲ ਸਹੂਲਤਾਂ ਦੀ ਮੰਗ ਕਰ ਰਹੇ ਸਨ। ਗੌਰਤਲਬ ਹੈ ਕਿ ਕੇਂਦਰੀ ਰੇਲਵੇ ਰਾਜ ਮੰਤਰੀ ਸ਼੍ਰੀ ਰਵਨੀਤ ਬਿੱਟੂ ਨੇ ਵੀ ਬਰਨਾਲਾ ਵਿੱਚ ਵੰਦੇ ਭਾਰਤ ਐਕਸਪ੍ਰੈਸ ਦੇ ਠਹਿਰਾਉ ਦੀ ਮੰਗ ਦਾ ਸਮਰਥਨ ਕੀਤਾ ਸੀ।
ਸ਼੍ਰੀ ਰਾਜਿੰਦਰ ਗੁਪਤਾ ਨੇ ਰੇਲਵੇ ਮੰਤਰੀ ਅਤੇ ਰੇਲਵੇ ਮੰਤਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਤੁਰੰਤ ਅਤੇ ਸਕਾਰਾਤਮਕ ਕਾਰਵਾਈ ਨਾਲ ਖੇਤਰੀ ਵਿਕਾਸ ਨੂੰ ਵੱਡਾ ਉਤਸ਼ਾਹ ਮਿਲੇਗਾ, ਯਾਤਰੀਆਂ ਲਈ ਯਾਤਰਾ ਆਸਾਨ ਹੋਵੇਗੀ ਅਤੇ ਦਿੱਲੀ ਸਮੇਤ ਹੋਰ ਵੱਡੇ ਸ਼ਹਿਰਾਂ ਨਾਲ ਆਰਥਿਕ ਸੰਪਰਕ ਮਜ਼ਬੂਤ ਹੋਣਗੇ।
ਇਹ ਮਨਜ਼ੂਰੀਆਂ ਪੰਜਾਬ ਵਿੱਚ ਰੇਲਵੇ ਢਾਂਚੇ ਦੇ ਵਿਕਾਸ ਅਤੇ ਜਵਾਬਦੇਹ ਪ੍ਰਸ਼ਾਸਨ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦੁਬਾਰਾ ਸਾਬਤ ਕਰਦੀਆਂ ਹਨ।
