ਸਕੂਲ ਚੀਮਾ ਜੋਧਪੁਰ ਵਿੱਚ “ਪਲੇਇੰਗ ਵਿਦ ਮਾਈਂਡ – ਮੈਥਮੈਟਿਕਸ ਐਂਡ ਸਾਇੰਸ” ਪ੍ਰੋਗਰਾਮ ਆਯੋਜਿਤ

ਚੀਮਾ ਜੋਧਪੁਰ, 3 ਨਵੰਬਰ(ਰਾਕੇਸ਼ ਜੇਠੀ) – ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਜੋਧਪੁਰ ਵਿੱਚ ਅੱਜ ਵਿਗਿਆਨ ਗਤੀਵਿਧੀ ਤਹਿਤ ਵਿਸ਼ੇਸ਼ ਪ੍ਰੋਗਰਾਮ “ਪਲੇਇੰਗ ਵਿਦ ਮਾਈਂਡ – ਮੈਥਮੈਟਿਕਸ ਐਂਡ ਸਾਇੰਸ” ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਅਤੇ ਗਣਿਤ ਨਾਲ ਜੋੜਨਾ, ਉਨ੍ਹਾਂ ਦੀ ਪ੍ਰਯੋਗਿਕ ਸਮਝ ਨੂੰ ਮਜ਼ਬੂਤ ਕਰਨਾ ਅਤੇ ਰੁਚਿਕਾਰ ਤਰੀਕੇ ਨਾਲ ਸਿੱਖਣ ਦੀ ਪ੍ਰੇਰਣਾ ਦੇਣਾ ਸੀ।
ਇਸ ਮੌਕੇ ਵਿਸ਼ੇਸ਼ ਰੂਪ ਵਿੱਚ ਸੱਦੇ ਗਏ ਸ਼ਿਕਸ਼ਾ ਰਤਨ, ਰਾਸ਼ਟਰੀ ਅਤੇ ਰਾਜ ਪੱਧਰੀ ਇਨਾਮ ਜੇਤੂ ਡਾ. ਜਸਵਿੰਦਰ ਸਿੰਘ, ਜੋ ਇਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਇੱਕ ਸਰਕਾਰੀ ਸਕੂਲ ਵਿੱਚ ਲੈਕਚਰਾਰ ਵਜੋਂ ਸੇਵਾ ਨਿਭਾ ਰਹੇ ਹਨ, ਨੇ ਵਿਦਿਆਰਥੀਆਂ ਨਾਲ ਪ੍ਰੇਰਣਾਦਾਇਕ ਸੰਵਾਦ ਕੀਤਾ। ਉਨ੍ਹਾਂ ਨੇ ਵਿਗਿਆਨ ਅਤੇ ਗਣਿਤ ਦੇ ਰੋਜ਼ਾਨਾ ਜੀਵਨ ਵਿੱਚ ਮਹੱਤਵ ਬਾਰੇ ਵਿਸਤਾਰ ਨਾਲ ਗੱਲ ਕੀਤੀ ਅਤੇ ਦੱਸਿਆ ਕਿ ਇਹ ਵਿਸ਼ੇ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ, ਸਗੋਂ ਜੀਵਨ ਦੇ ਹਰ ਖੇਤਰ ਵਿੱਚ ਲਾਗੂ ਹੁੰਦੇ ਹਨ।ਡਾ. ਜਸਵਿੰਦਰ ਸਿੰਘ ਨੇ ਆਪਣੇ ਤਜਰਬੇ ਅਤੇ ਗਿਆਨ ਨੂੰ ਵਿਦਿਆਰਥੀਆਂ ਨਾਲ ਸਾਂਝਾ ਕਰਦਿਆਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਇਕ ਮਿਸ਼ਨ ’ਤੇ ਕੰਮ ਕਰ ਰਹੇ ਹਨ, ਜਿਸਦਾ ਉਦੇਸ਼ ਪਿੰਡਾਂ ਅਤੇ ਸ਼ਹਿਰਾਂ ਦੇ ਸਕੂਲਾਂ ਵਿੱਚ ਵਿਗਿਆਨ ਤੇ ਗਣਿਤ ਨੂੰ ਰੁਚਿਕਾਰ ਤੇ ਪ੍ਰਯੋਗਿਕ ਤਰੀਕੇ ਨਾਲ ਪਹੁੰਚਾਉਣਾ ਹੈ। ਇਸ ਲਈ ਉਨ੍ਹਾਂ ਨੇ ਆਪਣੀ ਸਾਇੰਸ ਐਂਡ ਮੈਥਮੈਟਿਕਸ ਪ੍ਰੈਕਟੀਕਲ ਵੈਨ ਤਿਆਰ ਕੀਤੀ ਹੈ, ਜਿਸ ਰਾਹੀਂ ਉਹ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਵਿਗਿਆਨ ਤੇ ਗਣਿਤ ਦੇ ਤਜਰਬੇਕਾਰੀ ਪ੍ਰਯੋਗ ਦਿਖਾ ਰਹੇ ਹਨ।

ਮੰਚ ਉੱਤੇ ਕੀਤੇ ਗਏ ਉਨ੍ਹਾਂ ਦੇ ਵਿਗਿਆਨਕ ਪ੍ਰਯੋਗਾਂ ਅਤੇ ਗਣਿਤਕ ਗੇਮਾਂ ਨੇ ਵਿਦਿਆਰਥੀਆਂ ਨੂੰ ਬਹੁਤ ਆਕਰਸ਼ਿਤ ਕੀਤਾ। ਵਿਦਿਆਰਥੀਆਂ ਨੇ ਉਤਸ਼ਾਹ ਨਾਲ ਪ੍ਰਸ਼ਨ ਪੁੱਛੇ ਅਤੇ ਪ੍ਰਯੋਗਾਂ ਵਿੱਚ ਭਾਗ ਲਿਆ। ਵਿਸ਼ੇਸ਼ ਜ਼ਰੂਰਤਾਂ ਵਾਲੇ ਬੱਚਿਆਂ ਨੇ ਵੀ ਆਪਣੀ ਸਰਗਰਮ ਹਾਜ਼ਰੀ ਦਰਜ ਕਰਵਾਈ ਅਤੇ ਉਨ੍ਹਾਂ ਵਿੱਚ ਸਿੱਖਣ ਦੀ ਚੰਗੀ ਲਗਨ ਦਿਖਾਈ ਦਿੱਤੀ। ਡਾ. ਜਸਵਿੰਦਰ ਸਿੰਘ ਨੇ ਉਤਸ਼ਾਹਿਤ ਕਰਨ ਲਈ ਸਹੀ ਜਵਾਬ ਦੇਣ ਵਾਲੇ ਵਿਸ਼ੇਸ਼ ਬੱਚੇ ਨੂੰ ਸੋਨੇ ਦੀ ਘੜੀ ਦੇ ਕੇ ਸਨਮਾਨਿਤ ਕੀਤਾ, ਜਿਸ ਨਾਲ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਝਲਕ ਰਹੀ ਸੀ।ਪ੍ਰਿੰਸਿਪਲ ਅਨੀਲ ਕੁਮਾਰ ਨੇ ਡਾ. ਜਸਵਿੰਦਰ ਸਿੰਘ ਦਾ ਤਹਿ ਦਿਲੋਂ ਸਵਾਗਤ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਲਈ ਬਹੁਤ ਹੀ ਲਾਭਕਾਰੀ ਹਨ ਕਿਉਂਕਿ ਇਹ ਸਿੱਖਣ ਦੇ ਪਰੰਪਰਾਗਤ ਤਰੀਕਿਆਂ ਤੋਂ ਹਟਕੇ ਤਜਰਬੇਕਾਰੀ ਅਤੇ ਰੁਚਿਕਾਰ ਸਿੱਖਿਆ ਨੂੰ ਪ੍ਰੋਤਸਾਹਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਸਕੂਲ ਦੇ ਵਿਗਿਆਨ ਤੇ ਗਣਿਤ ਵਿਭਾਗ ਦਾ ਇਹ ਯਤਨ ਸਲਾਘਾਯੋਗ ਹੈ ਜਿਸ ਨਾਲ ਬੱਚਿਆਂ ਵਿੱਚ ਤਰਕਸ਼ੀਲ ਸੋਚ ਤੇ ਖੋਜ ਦੀ ਭਾਵਨਾ ਜਾਗਦੀ ਹੈ।
ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਹਰਵਿੰਦਰ ਸਿੰਘ ਰੋਮੀ ਨੇ ਵੀ ਡਾ. ਜਸਵਿੰਦਰ ਸਿੰਘ ਅਤੇ ਸਕੂਲ ਸਟਾਫ ਦਾ ਵਿਦਿਆਰਥੀਆਂ ਲਈ ਐਸਾ ਪ੍ਰੇਰਣਾਦਾਇਕ ਤੇ ਸਿੱਖਣਯੋਗ ਸੈਸ਼ਨ ਆਯੋਜਿਤ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਵਿਗਿਆਨਕ ਸੋਚ ਅਤੇ ਨਵੀਨਤਾ ਦੀ ਦਿਸ਼ਾ ਵੱਲ ਅੱਗੇ ਵਧਣ ਦਾ ਮੌਕਾ ਮਿਲਦਾ ਹੈ।ਇਹ ਪ੍ਰੋਗਰਾਮ ਸਕੂਲ ਦੇ ਵਿਗਿਆਨ ਅਤੇ ਗਣਿਤ ਵਿਭਾਗ ਵੱਲੋਂ ਆਯੋਜਿਤ ਕੀਤਾ ਗਿਆ। ਇਸ ਮੌਕੇ ਗੁਰਮੀਤ ਕੌਰ, ਪੁਨਮ ਸ਼ਰਮਾ, ਪਾਇਲ ਗਰਗ, ਅਮਤਿੰਦਰ ਕੌਰ, ਮੀਨਾਖ਼ੀ ਗਰਗ, ਰਿਸ਼ੂ ਰਾਣੀ, ਸੁਖਦੀਪ ਕੌਰ, ਡਾ. ਜਤਿੰਦਰ ਜੋਸ਼ੀ, ਮਨਪ੍ਰੀਤ ਕੌਰ, ਰਮਨਦੀਪ ਕੌਰ, ਨਵਦੀਪ ਸ਼ਰਮਾ, ਪਰਮਜੀਤ ਕੌਰ, ਜਸਮੇਲ ਸਿੰਘ, ਹਰਪ੍ਰੀਤ ਸਿੰਘ (ਵੋਕੇਸ਼ਨਲ ਟ੍ਰੇਨਰ), ਉਪਾਸਨਾ, ਮੰਜੀਤ ਕੌਰ, ਬਲਵੀਰ ਸਿੰਘ, ਲਲਿਤਾ, ਵੀਰਪਾਲ ਕੌਰ, ਰੀਨੂ ਗਰਗ, ਰਾਸ਼ੀ, ਅਮਨਦੀਪ ਕੌਰ ਸਮੇਤ ਹੋਰ ਸਟਾਫ ਮੈਂਬਰ ਹਾਜ਼ਰ ਸਨ।

