PWD ਨੇ ਪੁਲਿਸ ਫੋਰਸ ਦੀ ਮਦਦ ਨਾਲ ਖੁੱਡੀ ਕਲਾਂ ਵਿੱਚ ਸੜਕ ਦਾ ਕੰਮ ਪੂਰਾ ਕਰਵਾਇਆ….

ਹੰਡਿਆਇਆ-25ਅਕਤੂਬਰ(ਰਾਕੇਸ਼ ਜੇਠੀ)- ਅੱਜ ਪੀ ਡਬਲਯੂ ਡੀ ਨੇ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਖੁੱਡੀ ਕਲਾਂ ਵਿਖੇ ਸੜਕ ਦੇ ਅਧੂਰੇ ਪਏ ਕੰਮ ਨੂੰ ਪੂਰਾ ਕਰ ਲਿਆ। ਇੱਥੇ ਦੱਸਣ ਯੋਗ ਹੈ ਕੀ ਕੁਝ ਦਿਨ ਪਹਿਲਾਂ ਖੁੱਡੀ ਕਲਾਂ ਵਿਖੇ ਸੜਕ ਬਣਾਉਣ ਦੇ ਕੰਮ ਨੂੰ ਪਿੰਡ ਦੇ ਸਰਪੰਚ ਸਿਮਰਨਜੀਤ ਸਿੰਘ ਸਿਮੀ ਅਤੇ ਉਸਦੇ ਕੁਝ ਸਮਰਥਕਾਂ ਨੇ ਮਿਲ ਕੇ ਰੋਕ ਦਿੱਤਾ ਸੀ ਅਤੇ ਉਹਨਾਂ ਨੇ ਖੁੱਡੀ ਕਲਾਂ ਦੇ ਆਮ ਆਦਮੀ ਪਾਰਟੀ ਦੇ ਆਗੂ ਤਰਸੇਮ ਸਿੰਘ ਤੇ ਮਨ ਮਰਜ਼ੀ ਨਾਲ ਸੜਕ ਬਣਾਏ ਜਾਣ ਦਾ ਇਲਜ਼ਾਮ ਲਗਾਇਆ ਸੀ। ਉਸ ਮੌਕੇ ਪੁਲਿਸ ਦੁਆਰਾ ਸਰਪੰਚ ਸਿਮਰਨਜੀਤ ਸਿੰਘ ਅਤੇ ਕੁਝ ਸਮਰਥਕਾਂ ਨੂੰ ਸਰਕਾਰੀ ਕੰਮ ਵਿੱਚ ਦਖਲ ਦੇਣ ਤੇ ਉਸ ਨੂੰ ਰੋਕਣ ਸਬੰਧੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ।
ਬਰਨਾਲਾ ਤੋਂ ਐਮਐਲਏ ਕੁਲਦੀਪ ਸਿੰਘ ਢਿੱਲੋ ਅਤੇ ਗੁਰਦੀਪ ਸਿੰਘ ਬਾਠ ਵੀ ਸਰਪੰਚ ਸਿਮਰਨਜੀਤ ਸਿੰਘ ਦੇ ਸਮਰਥਨ ਵਿੱਚ ਖੁੱਡੀ ਕਲਾਂ ਆ ਗਏ ਅਤੇ ਸੜਕ ਦੇ ਕੰਮ ਨੂੰ ਉੱਥੇ ਹੀ ਰੁਕਵਾ ਦਿੱਤਾ ਸੀ। ਉਹਨਾਂ ਨੇ ਦੇਰ ਸ਼ਾਮ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਸਰਪੰਚ ਅਤੇ ਉਹਨਾਂ ਦੇ ਸਮਰਥਕਾਂ ਨੂੰ ਹਿਰਾਸਤ ਚੋਂ ਬਾਹਰ ਕਢਵਾਇਆ ਸੀ।
ਲੰਬੇ ਸਮੇਂ ਤੋਂ ਨਿਰਮਾਣ ਅਧੀਨ ਪਈ ਇਸ ਸੜਕ ਨੂੰ ਅੱਜ ਸਵੇਰੇ ਪੀਡਬਲਡੀ ਵੱਲੋਂ ਆਪਣੀ ਪੁਰਾਣੀ ਪਲਾਨਿੰਗ ਤਹਿਤ ਸੜਕ ਦਾ ਨਿਰਮਾਣ ਕਰ ਦਿੱਤਾ ਤੇ ਸਰਪੰਚ ਅਤੇ ਉਹਨਾਂ ਦੇ ਸਮਰਥਕਾਂ ਦੀ ਸੜਕ ਦੀ ਸਾਈਡ ਤੇ ਖਾਲ ਬਣਾਉਣ ਦੀ ਮੰਗ ਨੂੰ ਖਾਰਜ ਕਰ ਦਿੱਤਾ। ਇਸ ਮੌਕੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ ਤਾਂ ਜੋ ਕੋਈ ਅਣਸੁਖਾਵੀ ਘਟਨਾ ਨਾ ਹੋ ਸਕੇ। ਜਾਣਕਾਰੀ ਅਨੁਸਾਰ ਸਰਪੰਚ ਅਤੇ ਉਸ ਦੇ ਸਮਰਥਕਾਂ ਨੂੰ ਪੁਲਿਸ ਦੁਆਰਾ ਘਰ ਤੋਂ ਬਾਹਰ ਹੀ ਨਹੀਂ ਨਿਕਲ ਦਿੱਤਾ ਗਿਆ। ਉਹਨਾਂ ਨੂੰ ਸੜਕ ਬਣਾਉਣ ਸਮੇਂ ਘਰਾਂ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇੱਥੇ ਸਿਆਣੇ ਦੀ ਕਹਾਵਤ “ਜੋਰਾਵਾਰ ਦਾ ਸੱਤ ਬੀਹੀ ਸੌ” ਸਹੀ ਸਾਬਤ ਹੁੰਦੀ ਹੈ।
