ਦਰਜਨਾਂ ਪਿੰਡਾਂ ਨੂੰ ਤੋੜਕੇ ਹੋਰਨਾਂ ਬਲਾਕਾਂ ਵਿੱਚ ਜੋੜਨ ਦੇ ਖ਼ਿਲਾਫ਼ ਜਨਤਕ ਜਮਹੂਰੀ ਜਥੇਬੰਦੀਆਂ ਦੇ ਡੈਪੂਟੇਸ਼ਨ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮਿਲਕੇ ਸਰਕਾਰ ਦੇ ਨਾਂ ਮੰਗ ਪੱਤਰ ਭੇਜਿਆ

PrimeKhabar

ਬਰਨਾਲਾ-25 ਅਕਤੂਬਰ(ਰਾਕੇਸ਼ ਜੇਠੀ)- ਅੱਜ ਇੱਥੇ ਮਜ਼ਦੂਰਾਂ -ਕਿਸਾਨਾਂ ਸਮੇਤ ਦਰਜਨਾਂ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਦੇ ਅਧਾਰਿਤ ਇੱਕ ਡੈਪੂਟੇਸ਼ਨ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਬਰਨਾਲਾ ਨੂੰ ਮਿਲਿਆ ਅਤੇ ਪੰਜਾਬ ਸਰਕਾਰ ਦੇ ਨਾਮ ਮੰਗ ਪੱਤਰ ਭੇਜਿਆ ਗਿਆ। ਡੈਪੂਟੇਸ਼ਨ ਵਿੱਚ ਦਲਿਤ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਜਗਰਾਜ ਸਿੰਘ ਟੱਲੇਵਾਲ, ਮਜ਼ਦੂਰ ਅਧਿਕਾਰ ਅੰਦੋਲਨ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਮੱਖਣ ਸਿੰਘ ਰਾਮਗੜ੍ਹ, ਰੁਜ਼ਗਾਰ ਪ੍ਰਾਪਤ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਰਾਜ ਰਾਮਾ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਪ੍ਰੀਤ ਰੂੜੇਕੇ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਆਗੂ ਮਨਜੀਤ ਰਾਜ, ਰਣਜੀਤ ਸਿੰਘ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ , ਡਾ ਰਜਿੰਦਰ ਪਾਲ ਇਨਕਲਾਬੀ ਕੇਂਦਰ ਪੰਜਾਬ, ਬਲਦੇਵ ਸਿੰਘ ਬਲਾਕ ਪ੍ਰਧਾਨ ਭਾਈ ਲਾਲੋ ਪੰਜਾਬੀ ਮੰਚ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਦਰਜਨਾ ਬੀਡੀਪੀਓ ਬਲਾਕ ਤੋੜੇ ਜਾ ਰਹੇ ਹਨ ਅਤੇ ਸੈਂਕੜੇ -ਹਜਾਰਾਂ ਪਿੰਡਾਂ ਨੂੰ ਤੋੜਕੇ ਹੋਰਨਾਂ ਬਲਾਕਾਂ ਵਿੱਚ ਮਰਜ਼ ਕੀਤਾ ਜਾ ਰਿਹਾ ਹੈ। ਆਗੂਆਂ ਨੇ ਭਗਵੰਤ ਮਾਨ ਸਰਕਾਰ ਦੀਆਂ ਇਹਨਾਂ ਨੀਤੀਆਂ ਦਾ ਜ਼ੋਰਦਾਰ ਵਿਰੋਧ ਕਰਦਿਆਂ ਕਿਹਾ ਕਿ ਕਿ ਇਹ ਸਾਰਾ ਕੁੱਝ ਸਿਆਸਤ ਤੋਂ ਪ੍ਰੇਰਿਤ ਹੈ,ਇਸ ਦਾ ਆਮ ਪਬਲਿਕ ਨੂੰ ਕੋਈ ਫਾਇਦਾ ਨਹੀਂ ਹੋਵੇਗਾ। ਉਲਟਾ ਪਿੰਡਾਂ ਵਿੱਚ ਰਹਿਣ ਵਾਲੇ ਅਤੇ ਹਾਸ਼ੀਏ ਤੇ ਧੱਕੇ ਗਏ ਗ਼ਰੀਬ ਪ੍ਰੀਵਾਰਾਂ ਨੂੰ ਜਿਹੜੇ ਪਹਿਲਾਂ ਹੀ ਗ਼ਰੀਬੀ, ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ, ਉਹਨਾਂ ਨੂੰ ਆਪਣੇ ਕੰਮ ਧੰਦਿਆਂ ਲਈ 40 ਤੋਂ 50 ਕਿਲੋਮੀਟਰ ਹੋਰ ਦੂਰ ਜਾਣਾ ਪਿਆ ਕਰੇਗਾ। ਗ਼ਰੀਬ ਲੋਕਾਂ ਨੂੰ ਆਰਥਿਕ ਬੋਝ ਅਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਆਗੂਆਂ ਨੇ ਕਿਹਾ ਕਿ ਸਰਕਾਰ ਨੂੰ ਬਲਾਕਾਂ ਦੇ ਪੁਨਰਗਠਨ ਦੀ ਨੀਤੀ ਤੁਰੰਤ ਬੰਦ ਕਰਨੀ ਚਾਹੀਦੀ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਪਿਛਲੇ ਦਿਨਾਂ ਵਿੱਚ ਜ਼ਿਆਦਾ ਬਾਰਸ਼ਾਂ ਕਾਰਣ ਜਿਹਨਾਂ ਗ਼ਰੀਬ ਲੋਕਾਂ ਦੇ ਘਰਾਂ ਅਤੇ ਡੰਗਰ ਪਸ਼ੂਆਂ ਦਾ ਨੁਕਸਾਨ ਹੋ ਗਿਆ ਹੈ, ਉਹਨਾਂ ਦੀ ਪ੍ਰਭਾਈ ਜਲਦੀ ਕੀਤੀ ਜਾਵੇ। ਮਨਰੇਗਾ ਮਜ਼ਦੂਰਾਂ ਦਾ ਕੰਮ ਤੁਰੰਤ ਚਾਲੂ ਕੀਤਾ ਜਾਵੇ। ਆਗੂਆਂ ਨੇ ਇਹ ਵੀ ਕਿਹਾ ਕਿ ਜਥੇਬੰਦੀਆਂ ਦੀ ਅਗਲੀ ਸਾਂਝੀ ਮੀਟਿੰਗ 31 ਅਕਤੂਬਰ ਨੂੰ ਤਰਕਸ਼ੀਲ ਭਵਨ ਬਰਨਾਲਾ ਵਿਖੇ ਕੀਤੀ ਜਾਵੇਗੀ ਅਤੇ ਅਗਲੇ ਪ੍ਰੋਗਰਾਮ ਦਾ ਫ਼ੈਸਲਾ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸ਼ਿੰਗਾਰਾ ਸਿੰਘ ਚੋਹਾਨ ਕੇ, ਮੇਵਾ ਸਿੰਘ ਹੰਡਾਇਆ, ਗੁਰਜੰਟ ਸਿੰਘ ਢਿੱਲਵਾਂ, ਬਿੱਟੂ ਸਿੰਘ ਰਾਜੀਆ ਅਤੇ ਕਿਸਾਨ ਆਗੂ ਜਰਨੈਲ ਸਿੰਘ ਆਦਿ ਆਗੂ ਹਾਜਰ ਸਨ ।

About The Author

You may have missed