ਭਾਰੀ ਬਰਸਾਤ ਕਾਰਨ ਇੰਦਰਾ ਕਲੋਨੀ ਦੇ ਦਸ ਪਰਿਵਾਰ ਹੋਏ ਘਰੋਂ ਬੇਘਰ, ਪ੍ਰਸ਼ਾਸਨ ਨਹੀਂ ਲੈ ਰਿਹਾ ਕੋਈ ਸਾਰ

ਹੰਡਿਆਇਆ -27ਅਗੱਸਤ (ਰਾਕੇਸ਼ ਜੇਠੀ) – ਪਿਛਲੇ ਦੋ ਤਿੰਨ ਦਿਨ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਕਸਬਾ ਹੰਡਿਆਇਆ ਦੀ ਇੰਦਰਾ ਕਲੋਨੀ ਦੇ ਦਸ ਪਰਿਵਾਰ ਆਪਣੇ ਘਰ ਤੋਂ ਬਾਹਰ ਰਹਿਣ ਲਈ ਮਜਬੂਰ ਹੋ ਗਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਾਰਡ ਦੇ ਐਮਸੀ ਕੁਲਦੀਪ ਤਾਜਪੁਰੀਆ ਅਤੇ ਹੋਰ ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਬੀਤੇ ਦੋ ਦਿਨਾਂ ਤੋਂ ਪੈ ਰਹੇ ਲਗਾਤਾਰ ਮੀਂਹ ਕਾਰਨ ਉਹਨਾਂ ਦੇ ਘਰਾਂ ਦੇ ਪਿਛਲੇ ਪਾਸੇ ਕਈ ਫੁੱਟ ਪਾਣੀ ਖੜਾ ਹੋ ਗਿਆ ਹੈ। ਜਿਸ ਕਾਰਨ ਉਹਨਾਂ ਦੇ ਘਰਾਂ ਵਿੱਚ ਤਰੇੜਾਂ ਆਣੀਆਂ ਸ਼ੁਰੂ ਹੋ ਗਈਆਂ ਹਨ। ਆਪਣੀ ਜਾਨ ਤੇ ਮਾਲ ਦੀ ਰੱਖਿਆ ਕਰਦੇ ਹੋਏ ਸਾਰੇ ਪਰਿਵਾਰਾਂ ਨੇ ਆਪਣੇ-ਆਪਣੇ ਘਰ ਖਾਲੀ ਕਰ ਦਿੱਤੇ ਅਤੇ ਆਪਣਾ ਸਮਾਨ ਅਤੇ ਪਰਿਵਾਰ ਨੂੰ ਲੈ ਕੇ ਇੰਦਰਾ ਕਲੋਨੀ ਵਿੱਚ ਬਣੀ ਧਰਮਸ਼ਾਲਾ ਵਿੱਚ ਸ਼ਿਫਟ ਹੋ ਗਏ ਹਨ।
ਐਮਸੀ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਹੈਲਪਲਾਈਨ ਨੰਬਰ ਤੇ ਫੋਨ ਕੀਤਾ ਪ੍ਰੰਤੂ ਉਹਨਾਂ ਵੱਲੋਂ ਅੱਗੇ ਤਹਿਸੀਲਦਾਰ ਸਾਹਿਬ ਦਾ ਨੰਬਰ ਦੇ ਦਿੱਤਾ ਗਿਆ। ਜਦੋਂ ਤਹਿਸੀਲਦਾਰ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਅੱਗੇ ਕਾਰਜ ਸਾਧਕ ਅਫਸਰ ਹੰਡਿਆਇਆ ਦਾ ਨੰਬਰ ਦੇ ਦਿੱਤਾ। ਉਹਨਾਂ ਸਰਕਾਰ ਪ੍ਰਤੀ ਰੋਸ਼ ਜਾਹਿਰ ਕਰਦੇ ਹੋਏ ਕਿਹਾ ਕਿ ਸਰਕਾਰ ਵੱਲੋਂ ਹੈਲਪਲਾਈਨ ਨੰਬਰ ਲੋਕਾਂ ਦੀ ਹੈਲਪ ਲਈ ਦਿੱਤਾ ਗਿਆ ਹੈ ਜਾਂ ਫਿਰ ਲੋਕਾਂ ਨੂੰ ਅੱਗੇ ਤੋ ਅੱਗੇ ਨੰਬਰ ਟ੍ਰਾਂਸਫਰ ਕਰ ਦੇਣ ਲਈ ਦਿੱਤਾ ਗਿਆ ਹੈ। ਜਦੋਂ ਇਸ ਸਮੱਸਿਆ ਸਬੰਧੀ ਇੰਦਰਾ ਕਲੋਨੀ ਦੇ ਨਿਵਾਸੀਆਂ ਨੇ ਨਗਰ ਪੰਚਾਇਤ ਹੰਡਾਇਆ ਦੇ ਪ੍ਰਧਾਨ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਤੋਂ ਅਸਮਰਥਾ ਜਤਾਈ।

ਇੰਦਰਾ ਕਲੋਨੀ ਦੇ ਇਹ ਪਰਿਵਾਰ ਅਜੇ ਵੀ ਸਰਕਾਰ ਵੱਲੋਂ ਮਦਦ ਦੀ ਉਮੀਦ ਨਾਲ ਘਰੋਂ ਬਾਹਰ ਧਰਮਸ਼ਾਲਾ ਵਿੱਚ ਦਿਨ ਗੁਜਾਰ ਰਹੇ ਹਨ ਕਿਉਂਕਿ ਘਰ ਵਿੱਚ ਰਹਿਣ ਦਾ ਖਤਰਾ ਮੁੱਲ ਨਹੀਂ ਲੈ ਸਕਦੇ। ਕਈ ਫੁੱਟ ਪਾਣੀ ਅਜੇ ਵੀ ਉਹਨਾਂ ਦੇ ਘਰਾਂ ਪਿੱਛੇ ਖਤਰੇ ਦੇ ਤੌਰ ਤੇ ਮੰਡਰਾ ਰਿਹਾ ਹੈ, ਕਿਸੇ ਵੀ ਸਮੇਂ ਕੋਈ ਵੀ ਅਣਸੁਖਾਵੀ ਘਟਨਾ ਹੋ ਸਕਦੀ ਹੈ ਕਿਉਂਕਿ ਮੌਸਮ ਵਿਭਾਗ ਵੱਲੋਂ ਅਜੇ ਵੀ ਮੀਂਹ ਦੇ ਖਤਰੇ ਦਾ ਅਲਰਟ ਦਿੱਤਾ ਜਾ ਰਿਹਾ। ਸਮੂਹ ਮਹੱਲਾ ਨਿਵਾਸੀਆਂ ਅਤੇ ਐਮਸੀ ਨੇ ਡਿਪਟੀ ਕਮਿਸ਼ਨਰ ਬਰਨਾਲਾ ਅੱਗੇ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਸਾਡੀ ਇਸ ਸਮੱਸਿਆ ਦਾ ਸਮਾਧਾਨ ਕੀਤਾ ਜਾਵੇ ਤਾਂ ਜੋ ਲੋਕ ਆਪਣੇ ਘਰਾਂ ਵਿੱਚ ਸੁਰੱਖਿਤ ਵਾਪਸ ਰਹਿਣ ਲੱਗ ਸਕਣ।
ਇਸ ਮੌਕੇ ਸਮੂਹ ਮਹੱਲਾ ਨਿਵਾਸੀਆਂ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਰੋਸ ਜਾਹਿਰ ਕਰਦੇ ਹੋਏ ਨਾਰੇਬਾਜ਼ੀ ਕੀਤੀ ਗਈ। ਇਸ ਮੌਕੇ ਐਮਸੀ ਕੁਲਦੀਪ ਤਾਜਪੁਰੀਆ ਦੇ ਨਾਲ ਗੁਰਨਾਮ ਸਿੰਘ, ਨਿਰਭੈ ਸਿੰਘ, ਬਲਵੀਰ ਸਿੰਘ ਭੋਲਾ ਖਾਂ ਕੱਕੂ ਸਿੰਘ ਸਰਦਾਰ ਸਿੰਘ ਗੁਰਦੇਵ ਸਿੰਘ ਗੁਲਜਾਰ ਸਿੰਘ ਬਲਜੀਤ ਕੌਰ, ਸਰਬਜੀਤ ਕੌਰ ਸੁਖਵਿੰਦਰ ਕੌਰ ਪਰਮਜੀਤ ਕੌਰ ਵੀਰਪਾਲ ਕੌਰ ਸਿਮਰਨਜੀਤ ਕੌਰ ਗੁਰਪ੍ਰੀਤ ਕੌਰ ਅਤੇ ਹੋਰ ਮੁਹੱਲਾ ਨਿਵਾਸੀ ਵੀ ਹਾਜ਼ਰ ਸਨ।
