ਮਨਰੇਗਾ ਮੁਲਾਜ਼ਮਾਂ ਦੀ ਤਿੰਨ ਮਹੀਨੇ ਦੀ ਬਕਾਇਆ ਤਨਖ਼ਾਹ ਤੁਰੰਤ ਜਾਰੀ ਕਰੇ ਸਰਕਾਰ

0
PrimeKhabarPunjab Manrega

ਬਰਨਾਲਾ-25 ਜੂਨ -ਮਨਰੇਗਾ ਮੁਲਾਜ਼ਮ ਪਿਛਲੇ ਤਿੰਨ ਮਹੀਨੇ ਤੋਂ ਤਨਖ਼ਾਹ ਤੋਂ ਬਿਨਾਂ ਕੰਮ ਕਰ ਰਹੇ ਹਨ। ਇੱਕ ਪਾਸੇ ਮਨਰੇਗਾ ਮੁਲਾਜ਼ਮਾਂ ਨੂੰ ਨਿਗੂਣੀਆਂ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਹਨ। ਦੂਜੇ ਪਾਸੇ ਤਨਖਾਹਾਂ ਵੀ ਸਮੇਂ ਸਿਰ ਨਹੀਂ ਦਿੱਤੀਆਂ ਜਾ ਰਹੀਆਂl ਇਸ ਸਬੰਧੀ ਮਨਰੇਗਾ ਮੁਲਾਜਮ ਯੂਨੀਅਨ ਪੰਜਾਬ ਦੇ ਆਗੂ ਗੁਰਪ੍ਰੀਤ ਸਿੰਘ ਬਲਿੰਗ ਤੇ ਗੁਰਦੀਪ ਦਾਸ ਨੇ ਦੱਸਿਆ ਕਿ ਬਹੁਤ ਸਾਰੇ ਮਨਰੇਗਾ ਮੁਲਾਜ਼ਮਾਂ ਦੇ ਪਰਿਵਾਰ ਸਿਰਫ਼ ਤੇ ਸਿਰਫ਼ ਮਨਰੇਗਾ ਮੁਲਾਜ਼ਮ ਦੀ ਤਨਖ਼ਾਹ ਤੇ ਨਿਰਭਰ ਹਨ। ਲੱਕ ਤੋੜਵੀਂ ਮੰਹਿਗਾਈ ਦੇ ਇਸ ਦੌਰ ਵਿੱਚ ਇੱਕ ਦਿਨ ਵੀ ਪੈਸੇ ਬਿਨਾਂ ਕੱਢਣਾ ਮੁਸ਼ਕਲ ਹੁੰਦਾ ਹੈ ਪਰ ਹਰ ਵਾਰ ਮਨਰੇਗਾ ਮੁਲਾਜ਼ਮਾਂ ਨੂੰ ਤਿੰਨ ਮਹੀਨੇ ਤੋ ਤਨਖ਼ਾਹ ਨਹੀਂ ਦਿੱਤੀ ਜਾਂਦੀ ਜਿਸ ਤੋਂ ਤੰਗ ਆ ਕੇ ਮੁਲਾਜ਼ਮ ਨੌਕਰੀ ਛੱਡਣ ਲਈ ਮਜ਼ਬੂਰ ਹਨ। ਪਿਛਲੇ ਇੱਕ ਸਾਲ ਵਿੱਚ ਜਿਲ੍ਹੇ ਦੇ ਪੰਜ ਮੁਲਾਜ਼ਮ ਨੌਕਰੀ ਛੱਡ ਗਏ ਹਨ। ਬੱਚਿਆਂ ਦੀਆਂ ਫ਼ੀਸਾਂ, ਬਜ਼ੁਰਗਾਂ ਦੀ ਦਵਾ-ਦਾਰੂ, ਘਰ ਦਾ ਰਾਸ਼ਨ ਆਦਿ ਸਭ ਕੁੱਝ ਤਾਂ ਰੁਕਣਾ ਹੀ ਸੀ ਅੱਜ ਮਨਰੇਗਾ ਮੁਲਾਜ਼ਮਾਂ ਦੇ ਘਰਾਂ ਵਿੱਚ ਦੋ ਡੰਗ ਦੀ ਰੋਟੀ ਵੀ ਨਹੀਂ ਪੱਕ ਰਹੀ। ਵਹੀਕਲ ਵਿੱਚ ਪੈਟਰੋਲ ਪਵਾਉਣ ਲਈ ਵੀ ਕੋਈ ਪੈਸਾ ਨਹੀਂ ਹੈ। ਮਨਰੇਗਾ ਵਿੱਚ ਰਹਿੰਦਿਆਂ ਮੁਲਾਜ਼ਮ ਕੋਈ ਹੋਰ ਕੰਮ ਵੀ ਨਹੀਂ ਕਰ ਸਕਦਾ। ਮਨਰੇਗਾ ਦੀਆਂ ਰਿਪੋਰਟਾਂ ਇਕੱਠੀਆਂ ਕਰਨ ਲਈ ਦਿਨ-ਰਾਤ ਇੱਕ ਕੀਤਾ ਜਾਂਦਾ ਹੈ ਪਰ ਤਨਖਾਹਾਂ ਦੇਣ ਲਈ SNA ਤੇ FTO ਦਾ ਹੀ ਬਹਾਨਾ ਲਾਇਆ ਜਾ ਰਿਹਾ ਹੈ। ਤਨਖ਼ਾਹਾਂ ਲਈ ਤੇਜ਼ੀ ਨਜ਼ਰ ਨਹੀਂ ਆ ਰਹੀ ਜਦੋਂਕਿ ਕਿ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਬਿਨਾਂ SNA ਦੇ ਤਨਖਾਹਾਂ ਜਾਰੀ ਕਰ ਦਿੱਤੀਆਂ ਗਈਆਂ ਹਨ। ਸੋ ਬੇਨਤੀ ਹੈ ਕਿ ਤਨਖਾਹਾਂ ਤਾਂ ਪਹਿਲਾਂ ਹੀ ਤਿੰਨ ਮਹੀਨੇ ਤੋਂ ਬਕਾਇਆ ਪਈਆਂ ਹਨ ਜੇਕਰ ਤਿੰਨ ਮਹੀਨੇ ਵਿੱਚ SNA ਲਾਗੂ ਨਹੀਂ ਹੋ ਸਕਿਆ ਤਾਂ ਭਵਿੱਖ ਵਿੱਚ ਕਿੰਨਾ ਸਮਾਂ ਲੱਗੇਗਾ ਇਸ ਦਾ ਕੋਈ ਪਤਾ ਨਹੀਂ। ਇਸ ਲਈ ਤਿੰਨ ਮਹੀਨੇ ਦੀ ਬਕਾਇਆ ਤਨਖ਼ਾਹ ਬਿਨਾਂ ਕਿਸੇ ਦੇਰੀ ਤੋਂ ਜਾਰੀ ਕੀਤੀ ਜਾਵੇ। ਜੇਕਰ ਅੱਜ ਵੀ ਸਾਡੀ ਤਨਖ਼ਾਹ ਨਾ ਜਾਰੀ ਕੀਤੀ ਗਈ ਤਾਂ ਮਜਬੂਰਨ ਕੱਲ੍ਹ ਤੋਂ ਮਨਰੇਗਾ ਨਾਲ ਸਬੰਧਤ ਹਰ ਤਰ੍ਹਾਂ ਦੇ ਕੰਮ ਮੁਕੰਮਲ ਬੰਦ ਕਰਕੇ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਧਰਨਾ ਸ਼ੁਰੂ ਕੀਤਾ ਜਾਵੇਗਾ।

About The Author

Leave a Reply

Your email address will not be published. Required fields are marked *

You may have missed