ਦਿਨੋ ਦਿਨ ਲੋਕ ਕਰ ਰਹੇ ਨਗਰ ਪੰਚਾਇਤ ਦੀ ਜ਼ਮੀਨਾਂ ਤੇ ਕਬਜ਼ੇ, ਪ੍ਰਸ਼ਾਸਨ ਸੁੱਤਾ ਕੁੰਭ ਕਰਨੀ ਨੀਂਦ

ਹੰਡਿਆਇਆ-17 ਜੂਨ- ਨਗਰ ਪੰਚਾਇਤ ਹੰਡਿਆਇਆ ਵੱਲੋਂ ਐਨਐਚ 7 ਉਪਰ ਖਸਰਾ ਨੰਬਰ 564 ਬੀਬੜੀਆਂ ਵਾਲੀ ਲਗਭਗ ਚਾਰ ਏਕੜ ਜਮੀਨ ਨੂੰ ਵੇਚਣ ਲਈ ਮਤਾ ਪਾਸ ਕਰ ਦਿੱਤਾ ਗਿਆ ਹੈ। ਜਿਸ ਵਿੱਚ 9 ਐਮ ਸੀ ਨੇ ਜਮੀਨ ਵੇਚਣ ਵਿੱਚ ਸਹਿਮਤੀ ਅਤੇ 4 ਐਮ ਸੀ ਨੇ ਅਸਹਿਮਤੀ ਜਤਾਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਗਰ ਪੰਚਾਇਤ ਹੰਡਿਆਇਆ ਦੁਆਰਾ ਇਹ ਜਮੀਨ ਮਹਿੰਗੇ ਭਾਵ ਵੇਚ ਕੇ ਕਿਤੇ ਹੋਰ ਸਸਤੀ ਤੇ ਜਿਆਦਾ ਜਮੀਨ ਲੈਣ ਦਾ ਵਿਚਾਰ ਕੀਤਾ ਜਾ ਰਿਹਾ ਹੈ।
ਜਦੋਂ ਕਿ ਦਿਨੋ ਦਿਨ ਲੋਕਾਂ ਦੁਆਰਾ ਨਗਰ ਪੰਚਾਇਤ ਹੰਡਿਆਇਆ ਦੀਆਂ ਜਮੀਨਾਂ ਤੇ ਕਬਜ਼ੇ ਕੀਤੇ ਜਾ ਰਹੇ ਹਨ ਪ੍ਰੰਤੂ ਪ੍ਰਸ਼ਾਸਨ ਕੁੰਭ ਕਰਨੀ ਨੀਂਦ ਸੁੱਤਾ ਪਿਆ ਹੈ। ਇੱਥੇ ਵਿਚਾਰਨ ਯੋਗ ਹੈ ਨਗਰ ਪੰਚਾਇਤ ਹੰਡਿਆਇਆ ਕੋਲ,ਜੋ ਜਮੀਨ ਪਹਿਲਾ ਤੋਂ ਹੀ ਹੈ, ਜਦੋਂ ਉਹ ਉਸਦੀ ਹੀ ਸਹੀ ਦੇਖਭਾਲ ਨਹੀਂ ਕਰ ਪਾ ਰਹੇ ਫਿਰ ਹੰਡਿਆਇਆ ਤੋਂ ਬਾਹਰ ਜਮੀਨ ਲੈ ਕੇ ਉਸ ਦੀ ਸੰਭਾਲ ਕਿਵੇਂ ਕਰਨਗੇ। ਨਗਰ ਪੰਚਾਇਤ ਦੀ ਕਿੰਨੀ ਜਗ੍ਹਾ ਤੇ ਲੋਕਾਂ ਨੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ, ਉਹ ਉਹਨਾਂ ਦੇ ਕਬਜ਼ਾ ਛੁੜਾਉਣ ਵਿੱਚ ਅਸਮਰਥ ਹਨ। ਕੁਝ ਲੋਕਾਂ ਦਾ ਤਾਂ ਇੱਥੋਂ ਤੱਕ ਕਹਿਣਾ ਹੈ ਕਿ ਨਗਰ ਪੰਚਾਇਤ ਹੰਡਿਆਇਆ ਦੇ ਕੁਝ ਕਰਮਚਾਰੀਆਂ ਦੀ ਮਿਲੀ ਭੁਗਤ ਨਾਲ ਹੀ ਨਜਾਇਜ਼ ਕਬਜ਼ੇ ਕੀਤੇ ਗਏ ਹਨ।
10-15 ਸਾਲ ਦੇ ਨਜਾਇਜ਼ ਕਬਜ਼ੇ ਤੋਂ ਬਾਅਦ ਜਦੋਂ ਕਬਜ਼ਾ ਧਾਰਕ ਉਸ ਜਗ੍ਹਾ ਤੇ ਆਪਣਾ ਪੱਕਾ ਘਰ ਬਣਾ ਲੈਂਦਾ ਹੈ, ਉਸ ਸਮੇਂ ਨਗਰ ਪੰਚਾਇਤ ਦੇ ਕਰਮਚਾਰੀ ਉਸ ਨੂੰ ਖਾਲੀ ਕਰਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੰਦੇ ਹਨ ਜੋ ਕਿ ਜਿਆਦਾਤਰ ਅਸਫਲ ਹੀ ਰਹਿੰਦੀਆਂ ਹਨ।ਜੇਕਰ ਸਮੇਂ ਰਹਿੰਦੇ ਹੀ ਅਜਿਹੇ ਲੋਕਾਂ ਤੇ ਕਾਰਵਾਈ ਕੀਤੀ ਜਾਵੇ ਤਾਂ ਨਜਾਇਜ਼ ਕਬਜ਼ੇ ਹੋਣ ਤੋਂ ਰੋਕਿਆ ਜਾ ਸਕਦਾ ਹੈ।
2-3 ਮਹੀਨੇ ਪਹਿਲਾਂ ਨਗਰ ਪੰਚਾਇਤ ਹੰਡਿਆਇਆ ਦਾ ਸਮੂਹ ਸਟਾਫ ਪੁਲਿਸ ਪ੍ਰਸ਼ਾਸਨ ਨਾਲ ਬਾਬਾ ਜੀਵਨ ਸਿੰਘ ਨਗਰ ਵਿੱਚ ਛੱਪੜ ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਹਟਾਉਣ ਗਏ ਸਨ, ਉਥੋਂ ਦੀ ਮੌਜੂਦਾ ਸੱਤਾ ਧਿਰ ਦੀ ਐਮਸੀ ਨੇ ਪ੍ਰਸ਼ਾਸਨ ਤੇ ਦਬਾਅ ਪਾ ਕੇ ਨਜਾਇਜ਼ ਕਬਜੇ ਨੂੰ ਹਟਾਉਣ ਨਹੀਂ ਦਿੱਤਾ। ਬੀਤੇ ਦਿਨ ਉਸੇ ਐਮਸੀ ਦੇ ਵਾਰਡ ਵਿੱਚ ਉਸੇ ਨਜਾਇਜ਼ ਉਸਾਰੀ ਦੇ ਨਜ਼ਦੀਕ ਇੱਕ ਹੋਰ ਵਿਅਕਤੀ ਨੇ ਘਰ ਦੇ ਨਾਲ ਲੱਗਦੀ ਛੱਪੜ ਦੀ ਹੋਰ ਜਮੀਨ ਤੇ ਕਬਜ਼ਾ ਕਰ ਲਿਆ। ਸੂਚਨਾ ਦਿੱਤੀ ਜਾਨ ਦੇ ਬਾਵਜੂਦ ਵੀ ਖਬਰ ਲਿਖੇ ਜਾਣ ਤੱਕ ਨਗਰ ਪੰਚਾਇਤ ਹੰਡਿਆਇਆ ਵੱਲੋਂ ਅਜੇ ਤੱਕ ਉਸ ਨਜਾਇਜ਼ ਉਸਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਜੇਕਰ ਉਸੇ ਦਿਨ ਪ੍ਰਸ਼ਾਸਨ ਵੱਲੋਂ ਨਾਜਾਇਜ਼ ਕਬਜ਼ਾ ਹਟਾ ਕੇ ਜਮੀਨ ਤੇ ਕਬਜ਼ਾ ਕਰ ਲਿਆ ਗਿਆ ਹੁੰਦਾ ਤਾਂ ਅੱਜ ਕਿਸੇ ਹੋਰ ਵਿਅਕਤੀ ਦੁਆਰਾ ਨਜਾਇਜ਼ ਕਬਜ਼ਾ ਕਰਨ ਦੀ ਹਿੰਮਤ ਨਹੀਂ ਕੀਤੀ ਜਾਣੀ ਸੀ। ਇਸ ਬਾਰੇ ਜਾਣਕਾਰੀ ਲੈਣ ਲਈ ਕਾਰਜ ਸਾਧਕ ਅਫਸਰ ਨੂੰ ਫੋਨ ਅਤੇ ਵਟਸਐਪ ਰਾਹੀਂ ਕਈ ਵਾਰ ਸੰਪਰਕ ਕੀਤਾ ਗਿਆ ਪਰੰਤੂ ਉਹਨਾਂ ਨੇ ਫੋਨ ਚੁੱਕਣਾ ਜਾਂ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ।