ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟ ਸੋਰਸਸ ਵਰਕਰ ਯੂਨੀਅਨ ਨੇ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਸੌਂਪਿਆ ਮੰਗ ਪੱਤਰ

ਬਰਨਾਲਾ -03 ਜੂਨ -ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਆਊਟ ਸੋਰਸਸ ਵਰਕਰ ਯੂਨੀਅਨ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਬਾਰੇ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਵਿੱਚ ਆਊਟਸੋਰਸ ਪ੍ਰਬੰਧ ਤੇ ਵੱਖ ਵੱਖ ਕੈਟਾਗਰੀਆਂ ਜਿਵੇਂ ਸੀਵਰਮੈਨ, ਪੰਪ ਆਪਰੇਟਰ, ਫਿਟਰ, ਬੇਲਦਾਰ, ਕਲਰਕ, ਡਰਾਈਵਰ, ਸਫਾਈ ਸੇਵਕ ਆਦਿ ਦੀਆਂ ਪੋਸਟਾਂ ਤੇ ਕੰਮ ਕਰ ਰਹੇ ਹਨ। ਜਿਨਾਂ ਦੀਆਂ ਤਨਖਾਹਾਂ ਬਹੁਤ ਹੀ ਨਿਗੁਣੀਆਂ ਹਨ। ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਉਹਨਾਂ ਦੱਸਿਆ ਕਿ 23 ਅਪ੍ਰੈਲ 2025 ਨੂੰ ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਸਿੰਘ ਨਾਲ ਮਿਊਨਸੀਪਲ ਭਵਨ ਚੰਡੀਗੜ੍ਹ ਵਿਖੇ ਜਥੇਬੰਦੀ ਦੀ ਮੀਟਿੰਗ ਹੋਈ ਸੀ। ਜਿਸ ਵਿੱਚ ਚੰਡੀਗੜ੍ਹ ਹੈਡ ਆਫਿਸ ਦੁਆਰਾ ਸਾਰੇ ਕੱਚੇ ਕਾਮਿਆਂ ਦੀਆਂ ਲਿਸਟਾਂ ਮੰਗੀਆਂ ਗਈਆਂ ਸਨ ਪਰੰਤੂ ਇੱਕ ਮਹੀਨਾ ਬੀਤ ਜਾਣ ਉਪਰੰਤ ਵੀ ਵਿਭਾਗਾਂ ਵੱਲੋਂ ਕੋਈ ਲਿਸਟਾਂ ਚੰਡੀਗੜ੍ਹ ਹੈਡ ਆਫਿਸ ਨਹੀਂ ਭੇਜੀਆਂ ਗਈਆਂ। ਇਸ ਲਈ ਅੱਜ ਉਹਨਾਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਮੰਗਾਂ ਸਬੰਧੀ ਜਾਨੂ ਕਰਵਾਇਆ ਗਿਆ ਹੈ।ਜਿਸ ਵਿੱਚ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਕੱਚੇ ਮੁਲਾਜ਼ਮਾਂ ਨੂੰ ਮਹਿਕਮੇ ਵਿੱਚ ਮਰਜ ਕਰਨ, ਮੁਲਾਜ਼ਮਾਂ ਦੀ ਤਨਖਾਹ 1948 ਤਹਿਤ ਦੇਣ ਅਤੇ ਰਿਟਾਇਰਮੈਂਟ ਦੀ ਉਮਰ ਤੱਕ ਪਹੁੰਚੇ ਕੱਚੇ ਮੁਲਾਜ਼ਮਾਂ ਦੀ ਨੌਕਰੀ 65 ਸਾਲ ਤੱਕ ਕਰ ਦੇਣ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜੇਕਰ ਉਪਰੋਕਤ ਮੰਗਾਂ ਨੂੰ ਰਹਿੰਦੇ ਸਮੇਂ ਤੱਕ ਹੱਲ ਨਹੀਂ ਕੀਤਾ ਗਿਆ ਤਾਂ ਮਜਬੂਰਨ 10 ਜੂਨ ਤੋਂ ਪੰਜਾਬ ਪੱਧਰੀ ਹੜਤਾਲ ਕੀਤੀ ਜਾਵੇਗੀ, ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦੀ ਹੋਵੇਗੀ।