ਪੰਜਾਬ ਵਿੱਚ ਬਾਹਰਲਿਆਂ ਨੂੰ ਅਹਿਮ ਜਿੰਮੇਵਾਰੀਆਂ ਦੇ ਕੇ ਮੁੱਖ ਮੰਤਰੀ ਕਰ ਰਹੇ ਹਨ ਪੰਜਾਬੀਆਂ ਨਾਲ ਧੋਖਾ: ਸੁਖਮਿੰਦਰ ਪਾਲ ਜੇਠੀ

ਹੰਡਿਆਇਆ -22 ਮਈ- ਭਾਰਤ ਵਿੱਚ ਅੰਗਰੇਜ਼ ਪਹਿਲਾਂ ਵਪਾਰ ਕਰਨ ਦੇ ਬਹਾਨੇ ਆਏ ਸਨ ਅਤੇ ਸਾਡੀਆਂ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਹੋਏ ਸਾਡੇ ਤੇ ਹੀ ਰਾਜ ਕਰਨ ਲੱਗ ਗਏ। ਕਹਾਵਤ ਸਿੱਧ ਹੋ ਗਈ ਕਿ ਆਈ ਅੱਗ ਲੈਣ ,ਘਰ ਦੀ ਮਾਲਕਨ ਬਣ ਬੈਠੀ।ਇਹਨਾ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬੀਜੇਪੀ ਹਿਊਮਨ ਰਾਈਟਸ ਸੈਲ ਦੇ ਜ਼ਿਲ੍ਹਾ ਪ੍ਰਧਾਨ ਸੁਖਮਿੰਦਰ ਪਾਲ ਜੇਠੀ ਨੇ ਕਿਹਾ ਕਿ ਹੁਣ ਇਸੇ ਤਰ੍ਹਾਂ ਸਾਡਾ ਬਦਲਾਅ ਦਾ ਨਾਰਾ ਦੇਣ ਵਾਲਾ “ਮੁੱਖ ਮੰਤਰੀ” ਦਿੱਲੀ ਦੀ ਹਾਰੀ ਹੋਈ ਟੀਮ ਨੂੰ ਸਾਡੇ ਸਿਰ ਤੇ ਬਿਠਾ ਰਿਹਾ ਹੈ। ਇਹ ਰੰਗਲਾ ਪੰਜਾਬ ਬਣਾਉਣ ਦੀ ਗੱਲ ਕਰਦਾ ਹੈ ਪਰੰਤੂ ਪੰਜਾਬ ਦਾ ਉਜਾੜਾ ਕਰ ਰਿਹਾ ਹੈ। ਦਿੱਲੀ ਤੋਂ ਲਿਆ ਕੇ ਰੀਨਾ ਗੁਪਤਾ ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਦੀ ਚੇਅਰ ਪਰਸਨ ਬਣਾ ਦਿੱਤਾ ਹੈ। ਕੀ ਪੰਜਾਬ ਦੇ ਵਿੱਚ ਹੋਰ ਕੋਈ ਕਾਬਲ ਲੀਡਰ ਨਹੀਂ ਸੀ, ਜਿਸ ਨੂੰ ਚੇਅਰ ਪਰਸਨ ਬਣਾਇਆ ਜਾਂਦਾ। ਦਿੱਲੀ ਦੇ ਦਲਾਲ ਪੰਜਾਬ ਵਿੱਚ ਰਾਜ ਕਰ ਰਹੇ ਹਨ ਅਤੇ ਸਾਡਾ ਕਾਗਜੀ ਮੁੱਖ ਮੰਤਰੀ ਸਟੇਜਾਂ ਤੇ ਚੜ ਕੇ ਵੱਡੀਆਂ ਵੱਡੀਆਂ ਮਸ਼ਹੂਰੀਆਂ ਕਰ ਰਿਹਾ ਹੈ ਤੇ ਵੱਡੇ ਵੱਡੇ ਦਾਅਵੇ ਕਰ ਰਿਹਾ ਹੈ। ਪਰ ਹਕੀਕਤ ਇਹ ਹੈ ਕਿ ਪੰਜਾਬ ਵਿੱਚ ਹੌਲੀ ਹੌਲੀ ਗੈਰ ਪੰਜਾਬੀਆਂ ਦੀ ਸਰਕਾਰ ਬਣ ਜਾਵੇਗੀ। ਭਗਵੰਤ ਮਾਨ ਪਹਿਲਾਂ ਹੀ ਕਹਿੰਦਾ ਹੁੰਦਾ ਸੀ ਕਿ ਅਸੀਂ ਉਹ ਕੰਮ ਕਰਾਂਗੇ ਜੋ ਪਹਿਲਾਂ ਦੀਆਂ ਸਰਕਾਰਾਂ ਨਹੀਂ ਕਰ ਸਕੀਆਂ। ਬਹੁਤ ਨਿੰਦਿਨ ਯੋਗ ਹੈ ਕਿ ਵੋਟਾਂ ਪੰਜਾਬੀਆਂ ਦੀਆਂ ਅਤੇ ਅਹੁਦੇਦਾਰੀਆਂ ਗੈਰ ਪੰਜਾਬੀਆਂ ਨੂੰ। ਦਿੱਲੀ ਤੋਂ ਕੇਜਰੀਵਾਲ ਦਾ ਸਫਾਇਆ ਹੋਣ ਤੋਂ ਬਾਅਦ ਪੰਜਾਬ ਦੀਆਂ ਅਹਿਮ ਜਿੰਮੇਵਾਰੀਆਂ ਕੇਜਰੀਵਾਲ ਦੇ ਚਹੇਤਿਆਂ ਨੂੰ ਦਿੱਤੀਆਂ ਜਾ ਰਹੀਆਂ ਹਨ। ਕੀ ਇਹ ਬਦਲਾਅ ਹੋਣਾ ਸੀ ਪੰਜਾਬ ਦਾ? ਮੁੱਖ ਮੰਤਰੀ ਸਾਹਿਬ ਨੂੰ ਅਪੀਲ ਹੈ ਕਿ ਦੁਬਾਰਾ ਫਿਰ ਤੋਂ ਲਏ ਗਏ ਫੈਸਲਿਆਂ ਤੇ ਨਿਗਾਹ ਮਾਰਨ ਅਤੇ ਪੰਜਾਬੀਆਂ ਦੇ ਹੱਕ ਲਈ ਖੁਦ ਫੈਸਲੇ ਲੈਣ, ਨਾ ਕਿ ਦਿੱਲੀ ਵਾਲਿਆਂ ਦੀ ਰਬੜ ਸਟੈਂਪ ਬਣ ਕੇ ਫੈਸਲੇ ਪਾਸ ਕਰਨ।