ਨਸ਼ਾ ਮੁਕਤੀ ਯਾਤਰਾ: ਨੌਜਵਾਨਾਂ ਨੂੰ ਮੁਹਿੰਮ ਦਾ ਮੋਢੀ ਬਣਨ ਦਾ ਸੱਦਾ

ਪਿੰਡਾਂ ਵਿਚ ਨੌਜਵਾਨਾਂ ਕਲੱਬਾਂ ਅਤੇ ਖੇਡਾਂ ਨੂੰ ਦਿੱਤਾ ਜਾ ਰਿਹਾ ਹੁਲਾਰਾ: ਹਰਿੰਦਰ ਧਾਲੀਵਾਲ
ਧਨੌਲਾ – 21 ਮਈ- ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਸ਼ੁਰੂ ਨਸ਼ਾ ਮੁਕਤੀ ਯਾਤਰਾ ਪ੍ਰੋਗਰਾਮ ਤਹਿਤ ਧਨੌਲਾ ਦੇ 11 ਵਾਰਡਾਂ ਵਿਚ ਜਾਗਰੂਕਤਾ ਪ੍ਰੋਗਰਾਮ ਕਰਾਏ ਗਏ।
ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਜਿੱਥੇ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਉੱਥੇ ਹੀ ਨਸ਼ਾ ਪੀੜਤਾਂ ਦਾ ਇਲਾਜ ਕਰਵਾਇਆ ਜਾ ਰਿਹਾ ਹੈ।
ਓਨ੍ਹਾਂ ਕਿਹਾ ਕਿ ਇਸ ਦੇ ਨਾਲ ਨਾਲ ਖੇਡ ਮੈਦਾਨਾਂ, ਖੇਡਾਂ ਤੇ ਨੌਜਵਾਨ ਕਲੱਬਾਂ ਨੂੰ ਸੁਰਜੀਤ ਕੀਤਾ ਜਾ ਰਿਹਾ ਹੈ। ਓਨ੍ਹਾਂ ਕਿਹਾ ਕਿ ਸਰਕਾਰ ਸਾਡੇ ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਯੂਥ ਕਲੱਬਾਂ ਨੂੰ ਪੁਨਰ ਸੁਰਜੀਤ ਕਰ ਰਹੀ ਹੈ। ਸਾਡੇ ਨੌਜਵਾਨ ਖੇਡਾਂ ਨਾਲ ਜੁੜਨ, ਇਸ ਲਈ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪਿੰਡਾਂ ਵਿੱਚ ਖੇਡ ਮੈਦਾਨ ਬਣਾਏ ਜਾ ਰਹੇ ਹਨ।
ਇਸ ਮੌਕੇ ਚੇਅਰਮੈਨ ਨਗਰ ਸੁਧਾਰ ਟਰੱਸਟ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਰਾਮ ਤੀਰਥ ਮੰਨਾ ਨੇ ਕਿਹਾ ਕਿ ਜਿਹੜੇ ਲੋਕ ਨਸ਼ੇ ਤੋਂ ਪੀੜਤ ਹਨ, ਉਹਨਾਂ ਦਾ ਇਲਾਜ ਕਰਵਾਇਆ ਜਾਵੇਗਾ। ਸਰਕਾਰ ਵਲੋਂ ਨਸ਼ਾ ਛੁਡਾਊ ਕੇਂਦਰਾਂ ਅਤੇ ਮੁੜ ਵਸੇਬਾ ਕੇਂਦਰਾਂ ਵਿਚ ਸਹੂਲਤਾਂ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਓਨ੍ਹਾਂ ਕਿਹਾ ਕਿ ਨਸ਼ਾ ਕਰਨ ਵਾਲਿਆਂ ਦੇ ਇਲਾਜ ਤੋਂ ਬਾਅਦ ਉਹਨਾਂ ਨੂੰ ਹੁਨਰ ਸਿਖਲਾਈ ਕਰਵਾ ਕੇ ਰੋਜ਼ਗਾਰ ਨਾਲ ਵੀ ਜੋੜਿਆ ਜਾਵੇਗਾ।
ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਧਨੌਲਾ ਗੁਰਜੋਤ ਸਿੰਘ, ਐੱਸ ਐਮ ਓ ਧਨੌਲਾ ਡਾਕਟਰ ਸਤਵੰਤ ਸਿੰਘ ਔਜਲਾ, ਨਗਰ ਕੌਂਸਲ ਧਨੌਲਾ ਦੇ ਪ੍ਰਧਾਨ ਰਣਜੀਤ ਕੌਰ ਸੋਢੀ, ਉਪ ਪ੍ਰਧਾਨ ਸੁਖਵਿੰਦਰ ਸਿੰਘ, ਮੁਹਿੰਮ ਦੇ ਹਲਕਾ ਕੋਆਰਡੀਨੇਟਰ ਕੁਲਦੀਪ ਸਿੰਘ, ਈ ਓ ਨਗਰ ਕੌਂਸਲ ਸ੍ਰੀ ਵਿਸ਼ਾਲਦੀਪ, ਬਲਰਾਜ ਸਿੰਘ ਬੀ ਈ ਈ ਤੇ ਹੋਰ ਮੋਹਤਬਰ ਹਾਜ਼ਰ ਸਨ।
