ਨਸ਼ਿਆਂ ਦੀ ਆਦਤ ਨੇ ਦੋ ਹੋਰ ਨੌਜਵਾਨਾਂ ਦੇ ਲਈ ਜਾਨ

ਮ੍ਰਿਤਕ ਨੌਜਵਾਨਾਂ ਦੀ ਫਾਈਲ ਫੋਟੋ
ਹੰਡਿਆਇਆ-17 ਮਈ -ਹੰਡਿਆਇਆ ਵਿਖੇ 2 ਨੌਜਵਾਨਾਂ ਦੀ ਨਸ਼ਿਆਂ ਦੇ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ। ਹੰਡਿਆਇਆ ਦੀ ਕਿਲ੍ਹਾ ਪੱਤੀ ਦੇ ਵਾਸੀ ਬੱਬੂ ਸਿੰਘ (32) ਪੁੱਤਰ ਮਲਕੀਤ ਸਿੰਘ ਜੋ ਕਾਫੀ ਸਮੇਂ ਤੋਂ ਨਸ਼ਾ ਲੈਣ ਦਾ ਆਦੀ ਸੀ, ਦੀ ਬੀਤੇ ਦਿਨੀਂ ਮੌਤ ਹੋ ਗਈ। ਇਸੇ ਤਰ੍ਹਾਂ ਪਿੰਡ ਬੀਕਾ ਸੂਚ ਪੱਤੀ ਦੇ ਪ੍ਰਭਜੋਤ ਸਿੰਘ (25) ਪੁੱਤਰ ਗੁਰਪ੍ਰੀਤ ਸਿੰਘ, ਜੋ ਬਰਨਾਲਾ ਵਿਖੇ ਝੁੱਗੀਆਂ ਝੌਂਪੜੀਆਂ ਵਿਚ ਚਿੱਟੇ ਦੇ ਓਵਰਡੋਜ ਕਾਰਨ ਮੌਤ ਹੋ ਗਈ। ਇਨ੍ਹਾਂ ਦੀ ਮੌਤ ਹੋਣ ਨਾਲ ਕਸਬਾ ਹੰਡਿਆਇਆ ਵਿਚ ਸੋਗ ਦੀ ਲਹਿਰ ਹੈ। ਇਸ ਸਬੰਧੀ ਬੱਬੂ ਸਿੰਘ ਦੀ ਮਾਤਾ ਪਰਮਜੀਤ ਕੌਰ ਤੇ ਪ੍ਰਭਜੋਤ ਸਿੰਘ ਦੇ ਦਾਦਾ ਭਰਪੂਰ ਸਿੰਘ ਤੇ ਚਾਚਾ ਕੁਲਦੀਪ ਸਿੰਘ ਰਾਮਗੜ੍ਹੀਆ ਨੇ ਕਿਹਾ ਕਿ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਫੇਲ੍ਹ ਸਾਬਤ ਹੋ ਰਹੀ ਹੈ। ਪੰਜਾਬ ਵਿਚ ਚਿੱਟੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਮੌਤਾਂ ਦਾ ਅੰਕੜਾਂ ਘਟਣ ਦੀ ਬਿਜਾਏ ਦਿਨੋਂ ਦਿਨ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਕ ਪਾਸੇ ਤਾਂ ਜ਼ਹਿਰਲੀ ਸ਼ਰਾਬ ਪੀ ਕੇ ਮਰਨ ਵਾਲਿਆਂ ਨੂੰ 10 ਲੱਖ ਰੁਪਏ ਮੁਆਵਜਾ ਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇ ਰਹੀ ਹੈ। ਦੂਜੇ ਪਾਸੇ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਕਾਰਨ ਮਰਨ ਵਾਲਿਆਂ ਦੇ ਵਾਰਸ਼ਾਂ ਨੂੰ ਮੁਆਵਜਾ ਤੇ ਨੌਕਰੀ ਦਿੱਤੀ ਜਾਵੇ।