39 ਤੋਲੇ ਸੋਨੇ ਦੀ ਲੁੱਟ ਖੋਹ ਦੀ ਝੂਠੀ ਸ਼ਿਕਾਇਤ ਲਿਖਾਉਣ ਵਾਲੇ ਐਨਆਰਆਈ ਜੋੜੇ ਤੇ ਹੋਇਆ ਪਰਚਾ ਦਰਜ

ਬਠਿੰਡਾ-19ਫਰਵਰੀ-ਜਿਲਾ ਬਠਿੰਡਾ ਦੀ ਐਸਐਸਪੀ ਸਾਹਿਬਾ ਅਮਨੀਤ ਕੁੰਡਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੀਤੀ ਦਿਨੇ ਬਠਿੰਡਾ ਵਿੱਚ ਆਸਟਰੇਲੀਆ ਤੋਂ ਵਾਪਸ ਆਏ ਇੱਕ ਐਨਆਰਆਈ ਜੋੜੇ ਨੇ ਪੁਲਿਸ ਕੋਲ ਲੁੱਟ ਖੋਹ ਹੋ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਸੀ। ਐਨਆਰਆਈ ਜੋੜੇ ਅਨੁਸਾਰ ਉਹ ਰਾਤ ਸਮੇਂ ਕਿਸੇ ਵਿਆਹ ਸਮਾਗਮ ਤੋਂ ਘਰ ਵਾਪਸ ਆ ਰਹੇ ਸਨ ਤਾਂ ਰਸਤੇ ਵਿੱਚ ਇੱਕ ਕਾਰ ਸਵਾਰ ਸੱਤ ਅੱਠ ਨੌਜਵਾਨਾਂ ਦੁਆਰਾ ਉਹਨਾਂ ਨਾਲ ਪਿਸਤੌਲ ਦੀ ਨੋਕ ਤੇ ਕੁੱਟਮਾਰ ਕੀਤੀ ਅਤੇ ਉਹਨਾਂ ਪਾਸੋਂ 39 ਤੋਲੇ ਸੋਨੇ ਦੀ ਖੋਹ ਕੀਤੀ। ਉਨਾਂ ਨੇ ਆਪਣੇ ਨਾਲ ਲੁੱਟ ਖੋਹ ਕਰਨ ਵਾਲਿਆ ਦੀ ਕਾਰ ਦੀ ਇੱਕ ਵੀਡੀਓ ਵੀ ਪੇਸ਼ ਕੀਤੀ ਜਿਸ ਵਿੱਚ ਕੁਝ ਵਿਅਕਤੀ ਚਲਦੀ ਹੋਈ ਕਾਰ ਵਿੱਚ ਭੱਜ ਕੇ ਚੜ ਰਹੇ ਸਨ।
ਪੁਲਿਸ ਨੇ ਤੁਰੰਤ ਸ਼ਿਕਾਇਤ ਤੇ ਐਕਸ਼ਨ ਲੈਂਦੇ ਹੋਏ ਕਾਰ ਦੇ ਨੰਬਰ ਨੂੰ ਟਰੇਸ ਕਰਦੇ ਹੋਏ ਮਾਲਕ/ਡਰਾਈਵਰ ਦੀ ਪਹਿਚਾਣ ਕਰ, ਮਦਨ ਲਾਲ ਵਾਸੀ ਖੂਹੀ ਖੇੜਾ ਜਿਲਾ ਫਾਜਿਲਕਾ ਨੂੰ ਚੁੱਕ ਲਿਆਂਦਾ। ਉਸ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਆਪਣੇ ਨਾਲ ਕੁਝ ਪੈਸੇਂਜਰਾਂ ਨੂੰ ਨਜ਼ਦੀਕ ਦੇ ਸ਼ਹਿਰ ਵਿੱਚ ਚੱਲ ਰਹੇ ਵਾਲੀਬਾਲ ਦੇ ਮੈਚ ਦਿਖਾਉਣ ਲਿਆਇਆ ਸੀ । ਜਿਨਾਂ ਵਿੱਚ ਸੁਰੇਸ਼ ਕੁਮਾਰ, ਸੌਰਵ ਕੁਮਾਰ, ਸੰਦੀਪ ਕੁਮਾਰ, ਪੰਕਜ ਕੁਮਾਰ, ਵਿਜੇਪਾਲ, ਪਵਨ ਕੁਮਾਰ, ਵਿਨੋਦ ਕੁਮਾਰ ਅਤੇ ਸਚਿਨ ਨਾਮ ਦੇ ਨੌਜਵਾਨ ਸਨ, ਜੋ ਕਿ ਫਾਜ਼ਿਲਕਾ ਦੇ ਹੀ ਰਹਿਣ ਵਾਲੇ ਹਨ। ਜਦੋਂ ਇਹਨਾਂ ਸਾਰੇ ਨੌਜਵਾਨਾਂ ਨੂੰ ਪੁਲਿਸ ਦੁਆਰਾ ਰਾਊਂਡ ਅਪ ਕੀਤਾ ਗਿਆ ਤਾਂ ਉਨਾਂ ਦੀ ਕਹਾਣੀ ਸੁਣ ਕੇ ਪੁਲਿਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਿਸ ਦੁਆਰਾ ਹਰ ਇੱਕ ਨੌਜਵਾਨ ਦਾ ਅਲੱਗ ਅਲੱਗ ਬਿਆਨ ਲਿਆ ਗਿਆ ਅਤੇ ਸਾਰੇ ਨੌਜਵਾਨਾਂ ਦਾ ਇੱਕੋ ਜਿਹਾ ਬਿਆਨ ਸੀ। ਉਹਨਾਂ ਦੇ ਬਿਆਨ ਅਨੁਸਾਰ ਉਹ ਰਾਤ ਨੂੰ ਮੈਚ ਦੇਖ ਕੇ ਘਰ ਜਾ ਰਹੇ ਸਨ। ਰਸਤੇ ਵਿੱਚ ਐਨਆਰਆਈ ਔਰਤ ਕਾਰ ਦੇ ਬਾਹਰ ਆਪਣੇ ਬੱਚੇ ਨਾਲ ਖੜੀ ਸੀ। ਉਪਰੋਕਤ ਨੌਜਵਾਨਾਂ ਨੇ ਐਨਆਰਆਈ ਜੋੜੇ ਨੂੰ ਕਿਸੇ ਤਰ੍ਹਾਂ ਦੀ ਮਦਦ ਕਰਨ ਦੀ ਪੇਸ਼ਕਸ਼ ਕੀਤੀ। ਪ੍ਰੰਤੂ ਐਨਆਰਆਈ ਮਰਦ ਨੇ ਕਾਫੀ ਜਿਆਦਾ ਸ਼ਰਾਬ ਪੀਤੀ ਹੋਈ ਸੀ, ਜਿਸ ਕਾਰਨ ਉਹ ਨੌਜਵਾਨਾਂ ਨਾਲ ਉਲਟਾ ਉਲਝਣ ਲੱਗ ਪਿਆ ਅਤੇ ਉਨਾਂ ਦੀ ਆਪਸ ਵਿੱਚ ਗਾਲੇ ਗਲੋਚ ਤੱਕ ਹੋ ਗਈ। ਇਸ ਲਈ ਨੌਜਵਾਨਾਂ ਨੇ ਉਥੋਂ ਚਲੇ ਜਾਣਾ ਹੀ ਬਿਹਤਰ ਸਮਝਿਆ।
ਜਦੋਂ ਪੁਲਿਸ ਦੁਆਰਾ ਐਨਆਰਆਈ ਜੋੜੇ ਤੋ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਨਾਂ ਨੇ ਸੱਚ ਕਬੂਲ ਕਰ ਲਿਆ ਅਤੇ ਪੁਲਿਸ ਕੋਲੋਂ ਮਾਫੀਆਂ ਮੰਗਣ ਲੱਗੇ। ਉਹਨਾਂ ਦੱਸਿਆ ਕਿ ਵਿਆਹ ਸਮਾਗਮ ਤੋਂ ਘਰ ਵਾਪਸੀ ਮੌਕੇ ਉਹਨਾਂ ਦੇ ਬੱਚੇ ਨੂੰ ਕਾਰ ਵਿੱਚ ਅਸਹਜ ਮਹਿਸੂਸ ਹੋ ਰਿਹਾ ਸੀ ਜਿਸ ਕਾਰਨ ਉਹ ਉਸ ਨੂੰ ਗੱਡੀ ਵਿੱਚੋਂ ਬਾਹਰ ਲਿਆ ਕੇ ਉਲਟੀ ਵਗੈਰਾ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਸੇ ਮੌਕੇ ਇਹਨਾਂ ਨੌਜਵਾਨਾਂ ਦੀ ਕਾਰ ਆ ਗਈ ਅਤੇ ਉਹਨਾਂ ਨੇ ਮਦਦ ਦੀ ਪੇਸ਼ਕਸ਼ ਕੀਤੀ ਅਤੇ ਇਹਨਾਂ ਦੇ ਵਿੱਚ ਆਪਸੀ ਬਹਿਸਬਾਜੀ ਸ਼ੁਰੂ ਹੋ ਗਈ। ਉਹਨਾਂ ਨੇ ਨੌਜਵਾਨਾਂ ਨੂੰ ਸਬਕ ਸਿਖਾਉਣ ਲਈ ਉਹਨਾਂ ਦੀ ਜਾਂਦਿਆਂ ਦੀ ਵੀਡੀਓ ਬਣਾ ਲਈ ਅਤੇ ਪੁਲਿਸ ਨੂੰ ਝੂਠੀ ਕਹਾਣੀ ਸੁਣਾ ਕੇ ਕੇਸ ਦਰਜ ਕਰਵਾ ਦਿੱਤਾ। ਉਹਨਾਂ ਕੋਲੋਂ ਸੋਨੇ ਦੀ ਕੋਈ ਲੁੱਟਖੋਹ ਨਹੀਂ ਕੀਤੀ ਗਈ ਅਤੇ ਨਾ ਹੀ ਉਹਨਾਂ ਨੌਜਵਾਨਾਂ ਕੋਲ ਕੋਈ ਹਥਿਆਰ ਵਗੈਰਾ ਸਨ। ਪੁਲਿਸ ਦੁਆਰਾ ਐਨਆਰਆਈ ਜੋੜੇ ਨੂੰ ਗੁਮਰਾਹ ਕਰਨ ਦੇ ਜੁਰਮ ਵਿੱਚ ਬੀਐਨਐਸ ਦੀ ਧਾਰਾ 217 ਦੇ ਅਧੀਨ ਪਰਚਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ।