“ਪੰਜਾਬ ਸਰਕਾਰ” ਲਿਖੀ ਗੱਡੀ ‘ਚੋਂ ਰੁਪਏ, ਸ਼ਰਾਬ ਅਤੇ”ਆਪ” ਪਾਰਟੀ ਦੇ ਪੈਂਫਲੈਟ ਬਰਾਮਦ

ਨਵੀਂ ਦਿੱਲੀ-30 ਜਨਵਰੀ- ਨਵੀਂ ਦਿੱਲੀ ਜ਼ਿਲ੍ਹੇ ਦੇ ਤਿਲਕ ਮਾਰਗ ਥਾਣਾ ਇਲਾਕੇ ਵਿੱਚ ਪੰਜਾਬ ਨੰਬਰ ਦੀ ਇੱਕ ਗੱਡੀ ਤੋਂ ਨਕਦੀ, ਸ਼ਰਾਬ ਅਤੇ”ਆਪ” ਪਾਰਟੀ ਦੇ ਪੈਂਫਲੈਟ ਬਰਾਮਦ ਹੋਏ।ਜ਼ਿਲ੍ਹਾ ਪੁਲਿਸ ਅਧਿਕਾਰੀ ਦੇਵੇਸ਼ ਮਹਲਾ ਨੇ ਦੱਸਿਆ ਕਿ ਬੁਧਵਾਰ ਨੂੰ ਤਿਲਕ ਮਾਰਗ ਥਾਣਾ ਦੀ ਟੀਮ ਚੋਣ ਆਯੋਗ ਦੇ ਹੁਕਮ ਅਨੁਸਾਰ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ ਟੀਮ ਨੇ ਪੰਜਾਬ ਨੰਬਰ ਦੀ ਇੱਕ ਸ਼ੱਕੀ ਗੱਡੀ ਨੂੰ ਰੋਕਿਆ। ਗੱਡੀ ’ਤੇ “ਪੰਜਾਬ ਸਰਕਾਰ” ਲਿਖਿਆ ਹੋਇਆ ਸੀ।ਗੱਡੀ ਦੀ ਤਲਾਸ਼ੀ ਲੈਣ ’ਤੇ ਇਸ ਵਿੱਚੋਂ ਅੱਠ ਲੱਖ ਰੁਪਏ ਬਰਾਮਦ ਹੋਏ। ਇਸ ਤੋਂ ਇਲਾਵਾ, ਗੱਡੀ ਦੇ ਪਿਛਲੇ ਹਿੱਸੇ ਵਿੱਚ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਗੱਡੀ ਵਿੱਚ “ਆਪ” ਪਾਰਟੀ ਦੀ ਚੋਣ ਪ੍ਰਚਾਰ ਸਮੱਗਰੀ (ਪੈਂਫਲੈਟ) ਵੀ ਮੌਜੂਦ ਸਨ। ਕਰਮਚਾਰੀਆਂ ਨੇ ਇਸ ਮਾਮਲੇ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਸੀਨੀਅਰ ਅਧਿਕਾਰੀਆਂ ਨੇ ਗੱਡੀ ਨੂੰ ਥਾਣੇ ਲਿਜਾ ਕੇ ਜਾਂਚ ਸ਼ੁਰੂ ਕਰ ਦਿੱਤੀ।ਤਫ਼ਤੀਸ਼ ਤੋਂ ਬਾਅਦ ਤਿਲਕ ਮਾਰਗ ਥਾਣੇ ਵਿੱਚ ਕੇਸ ਦਰਜ ਕਰਕੇ ਹੋਰ ਜਾਂਚ ਸ਼ੁਰੂ ਕਰ ਦਿੱਤੀ ਗਈ। ਪੁਲਿਸ ਗੱਡੀ ਚਲਾਉਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਨਕਦੀ ਅਤੇ ਸ਼ਰਾਬ ਕਿੱਥੋਂ ਅਤੇ ਕਿਸਦੇ ਆਖਣ ’ਤੇ ਆਈ।