ਘੜਮ ਚੌਧਰੀਆਂ ਵੱਲੋਂ ਵਸੂਲਿਆ ਜਾ ਰਿਹਾ ਸੀ “ਪਿੰਡ ਦਾ ਟੋਲ ਟੈਕਸ “

ਪਟਿਆਲਾ-19 ਜਨਵਰੀ- ਪੰਜਾਬ ਹਰਿਆਣਾ ਬਾਰਡਰ ਤੇ ਕਿਸਾਨ ਅੰਦੋਲਨ ਕਰਕੇ ਪੰਜਾਬ ਤੇ ਹਰਿਆਣਾ ਦੇ ਲੋਕ ਮੁੱਖ ਰਸਤੇ ਵਿੱਚੋਂ ਨਾ ਜਾਣ ਸਕਣ ਕਾਰਨ ਬਦਲਵੇ ਰਸਤੇ ਤੇ ਜਾਣ ਲਈ ਮਜਬੂਰ ਹਨ। ਹਲਕਾ ਘਨੌਰ ਵਿੱਚ ਪੈਂਦੇ ਪਿੰਡ ਮਾੜੂ ਵਿਚੋਂ ਲੰਘਣ ਲੱਗੇ ਤਾਂ ਪਿੰਡ ਦੇ ਸਰਪੰਚ ਦੁਆਰਾ ਪਿੰਡ ਵਿੱਚੋਂ ਲੰਘਣ ਵਾਲੇ ਰਾਹਗੀਰਾਂ ਲਈ “ਪਿੰਡ ਦਾ ਟੋਲ ਟੈਕਸ” ਲਗਾ ਦਿੱਤਾ। ਇੱਥੋਂ ਲੰਘਣ ਵਾਲੇ ਹਰੇਕ ਵਾਹਨ ਤੋਂ 100 ਤੋਂ 1000 ਰੁਪਏ ਤੱਕ ਦੀ ਪਰਚੀ ਕੱਟੀ ਜਾਣ ਲੱਗੀ। ਕਈ ਦਿਨਾਂ ਤੋਂ ਚੱਲ ਰਹੀ ਇਸ ਵਸੂਲੀ ਦੀ ਵੀਰਵਾਰ ਨੂੰ ਇੱਕ ਟੈਕਸੀ ਡਰਾਈਵਰ ਵੱਲੋਂ ਵੀਡੀਓ ਵਾਇਰਲ ਕੀਤੀ ਗਈ ਤਾਂ ਪੁਲਿਸ ਨੇ ਪਿੰਡ ਦੇ ਸਰਪੰਚ ਸਮੇਤ ਤਿੰਨ ਲੋਕਾਂ ਦੇ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਇਸ ਬਾਰੇ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਹ ਉਗਰਾਹੀ ਪੰਚਾਇਤ ਵਿੱਚ ਮਤਾ ਪਾ ਕੇ ਕੀਤੀ ਜਾ ਰਹੀ ਹੈ। ਜਦੋਂ ਕਿ ਪੰਚ ਤੇ ਪੰਚਾਇਤ ਸਕੱਤਰ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇੱਥੇ ਦੱਸਣ ਯੋਗ ਹੈ ਕਿ ਪਿੰਡ ਮਾੜੂ ਹਲਕਾ ਵਿਧਾਇਕ ਘਨੌਰ ਗੁਰਲਾਲ ਸਿੰਘ ਦਾ ਜੱਦੀ ਪਿੰਡ ਹੈ।
ਬੀਤੇ ਕੁਝ ਦਿਨਾਂ ਤੋਂ ਪਿੰਡ ਮਾੜੂ ਦੇ ਬਾਹਰ ਬਣੇ ਪੁੱਲ ਤੇ ਕੁਝ ਲੋਕ ਆਉਣ ਜਾਣ ਵਾਲੇ ਵਾਹਨਾਂ ਨੂੰ ਰੋਕ ਕੇ ਉਹਨਾਂ ਤੋਂ “ਪਿੰਡ ਦਾ ਟੋਲ ਟੈਕਸ” ਦੇ ਨਾਂ ਤੇ ਪੈਸਾ ਵਸੂਲ ਰਹੇ ਸਨ। ਸੜਕ ਦੀ ਮੁਰੰਮਤ ਕਰਾਉਣ ਦੇ ਨਾਂ ਤੇ ਹਰੇਕ ਵਾਹਨ ਦੀ 100 ਤੋਂ 1000 ਰੁਪਏ ਤੱਕ ਵੀ ਪਰਚੀ ਕੱਟੀ ਆ ਰਹੀ ਸੀ। ਅੰਬਾਲਾ ਤੋਂ ਆਉਣ ਵਾਲੇ ਲੋਕ ਘਨੌਰ ਦੇ ਪਿੰਡਾਂ ਵਿੱਚੋਂ ਹੁੰਦੇ ਹੋਏ ਪਟਿਆਲਾ ਪੁੱਜਦੇ ਹਨ। ਪਹਿਲਾਂ ਇਹ ਕੰਮ ਸੂਰਜ ਢਲਣ ਵੇਲੇ ਕੀਤਾ ਜਾਂਦਾ ਸੀ ਪਰ ਬੀਤੇ ਕੁਝ ਦਿਨਾਂ ਤੋਂ ਸਵੇਰ ਤੋਂ ਹੀ ਉਗਰਾਹੀ ਸ਼ੁਰੂ ਹੋ ਗਈ ਸੀ। ਪੁਲ ਲੰਘਣ ਵਾਲੇ ਇੱਕ ਆਟੋ ਚਾਲਕ ਨੇ ਦੱਸਿਆ ਕਿ ਉਹ ਦੋ ਦਿਨਾਂ ਤੋਂ ਇਸ ਰਸਤੇ ਤੇ ਲੰਘ ਰਿਹਾ ਹੈ ਤੇ ਰੋਜ਼ਾਨਾ ਉਸ ਕੋਲੋਂ 100 ਰੁਪਏ ਦੀ ਵਸੂਲੀ ਕੀਤੀ ਗਈ। ਇੱਕ ਟਰੱਕ ਚਾਲਕ ਮੁਤਾਬਕ ਉਸ ਕੋਲੋਂ 1500 ਮੰਗੇ ਗਏ ਪਰ ਉਸ ਨੇ 1000 ਦਿੱਤੇ ਤਾਂ ਹੀ ਉਸਨੂੰ ਲੰਘਣ ਦਿੱਤਾ ਗਿਆ।

ਪਿੰਡ ਮਾੜੂ ਦੇ ਸਰਪੰਚ ਬਲਜਿੰਦਰ ਸਿੰਘ ਬਖੂ ਦਾ ਕਹਿਣਾ ਹੈ ਕਿ ਕਰੀਬ ਇੱਕ ਸਾਲ ਤੋਂ ਮੁੱਖ ਮਾਰਗ ਤੇ ਕਿਸਾਨੀ ਧਰਨੇ ਕਾਰਨ ਉਹਨਾਂ ਦੇ ਪਿੰਡ ਵਿੱਚ ਵਾਹਨਾਂ ਦੇ ਆਵਾਜਾਈ ਵੱਧ ਗਈ। ਇਸ ਨਾਲ ਸੜਕਾਂ ਟੁੱਟ ਗਈਆਂ ਤੇ ਪੁਲ ਵੀ ਕਮਜ਼ੋਰ ਹੋ ਗਿਆ ਹੈ। ਹਰ ਸਮੇਂ ਹਾਦਸਿਆਂ ਦਾ ਡਰ ਬਣਿਆ ਰਹਿੰਦਾ। ਉਹ ਕਿਸਾਨ ਆਗੂਆਂ ਕੋਲ ਵੀ ਸਮੱਸਿਆ ਲੈ ਕੇ ਗਏ ਸਨ ਪਰੰਤੂ ਕੁਝ ਵੀ ਨਾ ਹੋਇਆ ਤਾਂ ਉਹਨਾਂ ਪੰਚਾਇਤ ਵਿੱਚ ਮਤਾ ਪਾ ਕੇ ਵਾਹਨਾ ਤੋਂ ਵਸੂਲੀ ਲਈ ਕਮੇਟੀ ਬਣਾਉਣ ਦਾ ਫੈਸਲਾ ਕੀਤਾ। ਪਿੰਡ ਦੇ ਪੰਚ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਵਾਹਨਾਂ ਤੋਂ ਵਸੂਲੀ ਸਬੰਧੀ ਪੰਚਾਇਤ ਵੱਲੋਂ ਪਾਏ ਗਏ ਕਿਸੇ ਮਤੇ ਬਾਰੇ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਉਹਨਾਂ ਕਿਹਾ ਕਿ ਇਹ ਗੈਰ ਕਾਨੂੰਨੀ ਕੰਮ ਕਰਕੇ ਪਿੰਡ ਤੇ ਪੰਚਾਇਤ ਦੀ ਬਦਨਾਮੀ ਹੋਈ ਹੈ। ਪਿੰਡ ਵਾਸੀ ਪ੍ਰਗਟ ਸਿੰਘ ਜਗਤਾਰ ਸਿੰਘ ਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੇ ਲੋਕਾਂ ਲਈ ਇਹ ਅਹਿਮ ਲਾਂਘਾ ਹੈ ਤੇ ਵਸੂਲੀ ਦਾ ਕੰਮ ਕਈ ਦਿਨਾਂ ਤੋਂ ਚੱਲ ਰਿਹਾ ਸੀ। ਇਸ ਤੋਂ ਸਾਰੇ ਅੱਕੇ ਹੋਏ ਸਨ। ਪੰਚਾਇਤ ਸਕੱਤਰ ਜਗਤਾਰ ਸਿੰਘ ਨੇ ਦੱਸਿਆ ਕਿ ਉਸ ਨੂੰ ਵੀ ਇਸ ਮਤੇ ਬਾਰੇ ਕੋਈ ਜਾਣਕਾਰੀ ਨਹੀਂ ਹੈ।
