ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ‘ਸਾਡਾ ਮਿਸ਼ਨ – ਸਾਡਾ ਰੁਜ਼ਗਾਰ – ਸਾਡਾ ਅਧਿਕਾਰ’ ਵਜੋਂ ਮਹੀਨਾ ਭਰ ਮਨਾਉਣ ਦਾ ਫੈਸਲਾ

WhatsApp Image 2026-09-28 at 15.02.10

ਬਰਨਾਲਾ,28 ਸਤੰਬਰ (ਰਾਕੇਸ਼ ਜੇਠੀ )ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾਈ ਪ੍ਰਧਾਨ ਧੰਨਾ ਮੱਲ ਗੋਇਲ , ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸਰਪ੍ਰਸਤ ਸੁਰਜੀਤ ਸਿੰਘ, ਕੈਸ਼ੀਅਰ ਰਾਕੇਸ਼ ਕੁਮਾਰ ਮਹਿਤਾ ਅਤੇ ਜੁਆਇੰਟ ਸਕੱਤਰ ਰਣਜੀਤ ਸਿੰਘ ਸੋਹੀ ਬਰਨਾਲਾ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਦੀ ਪਿਰਤ ਅਨੁਸਾਰ ਇਸ ਵਾਰ ਵੀ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮੁੱਚੇ ਪੰਜਾਬ ‘ਚ ਜੋਸ਼ ਖਰੋਸ਼ ਨਾਲ ਮਨਾਇਆ ਗਿਆ । ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ’ਸਾਡਾ ਮਿਸ਼ਨ – ਸਾਡਾ ਰੋਜ਼ਗਾਰ – ਸਾਡਾ ਅਧਿਕਾਰ’ ਦੇ ਸਲੋਗਨ ਹੇਠ ਇਹ ਦਿਹਾੜਾ ਪੂਰਾ ਮਹੀਨਾ ਮਨਾਇਆ ਜਾਂਦਾ ਰਹੇਗਾ।
ਇਸ ਦੌਰਾਨ ਜ਼ਿਲ੍ਹਾ ਅਤੇ ਬਲਾਕ ਪੱਧਰੀ ਸਿੱਖਿਲਾਈ ਮੀਟਿੰਗਾਂ, ਜੱਥੇਬੰਦਕ ਕਨਵੈਨਸ਼ਨਾਂ, ਨਸ਼ਿਆਂ, ਭਰੂਣ ਹੱਤਿਆ, ਅੰਧਵਿਸ਼ਵਾਸ ਰਹਿਤ ਸਾਫ-ਸੁਥਰੇ ਅਤੇ ਨਿਰੋਏ ਸਮਾਜ ਦੀ ਸਿਰਜਣਾ ਲਈ ਸਾਂਝੇ ਉਪਰਾਲੇ ਕੀਤੇ ਜਾਣਗੇ।
ਆਗੂਆਂ ਨੇ ਕਿਹਾ ਕਿ ਕਿੱਤੇ ਦੀ ਰਾਖੀ ਲਈ ਪਿਛਲੇ ਲੰਮੇ ਸਮੇਂ ਤੋਂ ਨਿੱਜਤਾ ਤੋਂ ਉੱਪਰ ਉੱਠ ਵਿਉਂਤਬੰਦੀ ਅਤੇ ਭਾਈਚਾਰਕ ਸਾਂਝ ਦੇ ਬਲਬੂਤੇ ਸਹਿਨਸ਼ੀਲਤਾ ਅਤੇ ਲੈਅਬੱਧ ਕੀਤੇ ਸੰਘਰਸ਼ ਸਦਕਾ 20 ਨਵੰਬਰ 2024 ਨੂੰ ਡਾਇਰੈਕਟਰ ਸਿਹਤ ਵਿਭਾਗ ਪੰਜਾਬ ਸਰਕਾਰ ਵੱਲੋਂ ਸੂਬਾਈ ਵਫਦ ਨਾਲ ਪੈਨਲ ਮੀਟਿੰਗ ਲਈ ਲਿਖਤੀ ਪੱਤਰ ਮਿਲਿਆ। ਉਸ ਅਨੁਸਾਰ 26 ਨਵੰਬਰ 2024 ਨੂੰ ਸਿਹਤ ਮੰਤਰੀ ਦੀ ਰਹਿਨੁਮਾਈ ਹੇਠ ਪ੍ਰਿੰਸੀਪਲ ਸਿਹਤ ਸਕੱਤਰ, ਡਾਇਰੈਕਟਰ ਸਿਹਤ ਵਿਭਾਗ ਅਤੇ ਸਮੂਹ ਵਿਭਾਗੀ ਮੁਖੀਆਂ ਦੀ ਮੌਜੂਦਗੀ ‘ਚ ਪੈਨਲ ਮੀਟਿੰਗ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ ਦੀ ਅਗਵਾਈ ‘ਚ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਹੋਈ, ਜਿਸ ‘ਚ ਸ਼ਾਰਟ ਟਰਮ ਟ੍ਰੇਨਿੰਗ ਕਰਵਾਉਣ ਦੀ ਸਹਿਮਤੀ ਲੈਣ ‘ਚ ਐਸੋਸੀਏਸ਼ਨ ਨੂੰ ਸਫਲਤਾ ਮਿਲੀ। ਇਸ ਸਮਾਜਿਕ ਮਸਲੇ ਨੂੰ ਕਾਨੂੰਨੀ ਨੁਕਤੇ ਤੋਂ ਹੀ ਦੇਖਿਆ ਜਾਣਾ ਬਹੁਤ ਮੰਦਭਾਗਾ ਹੈ। ਸੂਬੇ ਦੇ ਸਮੂਹ ਵਿਧਾਇਕਾਂ ਸਮੇਤ ਵਿਰੋਧੀ ਧਿਰਾਂ ਅਤੇ ਮੁੱਖ ਮੰਤਰੀ ਨੂੰ ਵਾਰ-ਵਾਰ ਗੁਹਾਰ ਲਗਾਉਣ ਦਾ ਸਿਲਸਿਲਾ ਜਾਰੀ ਰਿਹਾ, ਪ੍ਰੰਤੂ ਖੜੋਤ ਨੂੰ ਤੋੜਨ ਲਈ ਅਤੇ ਟ੍ਰੇਨਿੰਗ ਸ਼ੁਰੂ ਕਰਵਾਉਣ ਲਈ ਮੁੱਖ ਮੰਤਰੀ ਦੀ ਰਿਹਾਇਸ਼ ਦੇ ਘਿਰਾਓ ਲਈ ਸੰਗਰੂਰ ਵਿਖੇ 12 ਅਪ੍ਰੈਲ ਨੂੰ ਇੱਕ ਇਤਿਹਾਸਕ ਅਤੇ ਵਿਸ਼ਾਲ ਰੈਲੀ ਦਾ ਆਯੋਜਨ ਭਰਾਤਰੀ ਸਾਂਝ ਦੇ ਸਹਿਯੋਗ ਨਾਲ ਕੀਤਾ ਗਿਆ। ਜਿਸ ਦੇ ਦਬਾਅ ਸਦਕਾ ਪੰਜਾਬ ਸਰਕਾਰ ਵੱਲੋਂ 16 ਅਪ੍ਰੈਲ ਨੂੰ ਕੈਬਨਿਟ ਸਬ-ਕਮੇਟੀ ਨਾਲ ਮੀਟਿੰਗ ਤਹਿ ਹੋਈ। ਚੇਅਰਮੈਨ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸਿਹਤ ਮੰਤਰੀ ਡਾ. ਬਲਵੀਰ ਸਿੰਘ, ਪ੍ਰਿੰਸੀਪਲ ਸਿਹਤ ਸਕੱਤਰ ਕੁਮਾਰ ਰਾਹੁਲ ਜੀ ਨਾਲ ਸੂਬਾ ਪ੍ਰਧਾਨ ਦੀ ਅਗਵਾਈ ‘ਚ 5 ਮੈਂਬਰੀ ਸੂਬਾਈ ਵਫਦ ਦੀ ਪੰਜਾਬ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਹੋਈ। ਮੀਟਿੰਗ ਦੌਰਾਨ ਟ੍ਰੇਨਿੰਗ ਜਲਦੀ ਸ਼ੁਰੂ ਕਰਨ ਲਈ ਮੰਤਰੀ ਸਾਹਿਬਾਨਾਂ ਵੱਲੋਂ ਪ੍ਰਿੰਸੀਪਲ ਸਕੱਤਰ ਨੂੰ ਆਦੇਸ਼ ਦਿੱਤੇ ਗਏ।
ਮੁੜ 27 ਅਪ੍ਰੈਲ ਨੂੰ ਸਕੱਤਰੇਤ ‘ਚ ਸੂਬਾਈ ਵਫਦ ਵੱਲੋਂ ਪ੍ਰਿੰਸੀਪਲ ਸਕੱਤਰ ਨਾਲ ਮੀਟਿੰਗ ਵਿੱਚ ਸਵੈ-ਘੋਸ਼ਣਾ, ਤਜਰਬਾ ਅਤੇ ਯੋਗਤਾ ਸਰਟੀਫਿਕੇਟ ਅਤੇ ਲਿਸਟਾਂ ਜਮਾਂ ਕਰਵਾਉਣ ਦੀ ਸਲਾਹ ਦਿੱਤੀ । ਯਤਨ ਲਗਾਤਾਰ ਜਾਰੀ ਰਹੇ ਅਤੇ ਮੁੜ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ 21 ਜੁਲਾਈ 2026 ਨੂੰ ਜਾਰੀ ਰਜਿਸਟਰਡ ਪੱਤਰ ਰਾਹੀਂ ਪੰਦਰਾਂ ਦਿਨ ਅੰਦਰ ਸਬੰਧਤ ਦਸਤਾਵੇਜ਼ ਪ੍ਰੋਫਾਰਮੇ ਅਨੁਸਾਰ ਸਿਵਲ ਸਰਜਨ, ਸੀਨੀਅਰ ਮੈਡੀਕਲ ਅਫਸਰ ਕੋਲ ਜਮ੍ਹਾਂ ਕਰਵਾਉਣ ਦੇ ਆਦੇਸ਼ ਦਿੱਤੇ, ਜੋ ਕਰਵਾ ਦਿੱਤੇ ਗਏ ਹਨ।
ਟ੍ਰੇਨਿੰਗ ਸ਼ੁਰੂ ਕਰਵਾਉਣ ਲਈ ਮੁੜ 7 ਸਤੰਬਰ ਨੂੰ ਡਾਇਰੈਕਟਰ ਸਿਹਤ ਵਿਭਾਗ ਨਾਲ ਪਰਿਵਾਰ ਕਲਿਆਣ ਭਵਨ ਚੰਡੀਗੜ੍ਹ ਵਿਖੇ ਸੂਬਾਈ ਵਫਦ ਵੱਲੋਂ ਮੀਟਿੰਗ ਕੀਤੀ ਗਈ ਅਤੇ ਫੌਰੀ ਟ੍ਰੇਨਿੰਗ ਸ਼ੁਰੂ ਕਰਵਾਉਣ ਲਈ ਪ੍ਰਪੋਜ਼ਲ ਵੀ ਜਮਾਂ ਕਰਵਾਈ ਗਈ ਅਤੇ 15 ਸਤੰਬਰ ਨੂੰ ਪੰਜਾਬ ਭਵਨ ਵਿਖੇ ਸਿਹਤ ਮੰਤਰੀ ਡਾ. ਬਲਵੀਰ ਸਿੰਘ ਅਤੇ ਪ੍ਰਿੰਸੀਪਲ ਸਿਹਤ ਸਕੱਤਰ ਕੁਮਾਰ ਰਾਹੁਲ ਜੀ ਨੂੰ ਮਿਲ ਕੇ ਟ੍ਰੇਨਿੰਗ ਜਲਦੀ ਸ਼ੁਰੂ ਕਰਨ ਦੀ ਮੰਗ ਕੀਤੀ ਅਤੇ ਪ੍ਰਪੋਜ਼ਲ ਸਬੰਧੀ ਦਸਤਾਵੇਜ਼ ਸੌਂਪੇ ਗਏ। ਜਿਸ ਦੀ ਬਦੌਲਤ ਸਿਹਤ ਵਿਭਾਗ ਵੱਲੋਂ 16 ਸਤੰਬਰ ਨੂੰ ਜਾਰੀ ਰਜਿਸਟਰਡ ਪੱਤਰ ਰਾਹੀਂ 22 ਸਤੰਬਰ ਨੂੰ 7 ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤਹਿ ਕੀਤੀ ਗਈ ਸੀ, ਜੋ ਹੋ ਚੁੱਕੀ ਹੈ ਅਤੇ ਵਿਚਾਰ ਵਟਾਂਦਰਾ ਵੀ ਹੋਇਆ ਹੈ।
ਪਰ ਇਸ ਸਬੰਧੀ ਕੀਤੇ ਜਾ ਰਹੇ ਯਤਨ ਕੁਝ ਢਿੱਲੇ ਜਾਪਦੇ ਹਨ, ਕਿਉਂਕਿ ਜ਼ਿਆਦਾਤਰ ਜ਼ਿਲ੍ਹਾ ਸਿਵਲ ਸਰਜਨਾਂ ਵੱਲੋਂ ਸਬੰਧਤ ਦਸਤਾਵੇਜ਼ ਭੇਜਣ ਵਿੱਚ ਦੇਰੀ ਕਾਰਨ ਟ੍ਰੇਨਿੰਗ ਸ਼ੁਰੂ ਕਰਨ ਵਿੱਚ ਵੀ ਦੇਰੀ ਹੋ ਰਹੀ ਹੈ। ਸੋ ਸੂਬਾ, ਜ਼ਿਲ੍ਹਾ ਅਤੇ ਬਲਾਕ ਆਗੂਆਂ ਨੂੰ ਇਸ ਵੱਲ ਫੌਰੀ ਧਿਆਨ ਦਿੰਦਿਆਂ ਸਬੰਧਤ ਅਧਿਕਾਰੀਆਂ ਨੂੰ ਮਿਲ ਕੇ ਦਸਤਾਵੇਜ਼ ਫੌਰੀ ਤੌਰ ਤੇ ਜਮਾਂ ਕਰਵਾਉਣ ਲਈ ਸੁਹਿਰਦ ਯਤਨ ਕਰਨ ਅਤੇ ਟ੍ਰੇਨਿੰਗ ਜਲਦੀ ਸ਼ੁਰੂ ਕਰਵਾਉਣ ਲਈ ਹੋਰ ਸੁਹਿਰਦ ਉਪਰਾਲਿਆਂ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ।
ਅੱਜ ਜਦੋਂ ਸਾਮਰਾਜੀ ਤਾਕਤਾਂ ਆਪਣੀ ਚੌਧਰ ਕਾਇਮ ਰੱਖਣ ਲਈ ਗਰੀਬ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਬੇਲੋੜੀ ਜੰਗ ਦੇ ਮੂੰਹ ਵੱਲ ਧੱਕ ਰਹੀਆਂ ਹਨ, ਤਾਂ ਇਸ ਸਮੇਂ ਸ਼ਹੀਦ ਭਗਤ ਸਿੰਘ ਦੀ ਇਨਕਲਾਬੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾਉਣਾ ਸਮੇਂ ਦੀ ਅਹਿਮ ਲੋੜ ਹੈ ।ਇਸ ਸਮੇਂ ਡਾ ਮੋਹਨ ਲਾਲ ਬਲਾਕ ਪ੍ਰਧਾਨ ਬਰਨਾਲਾ, ਰਣਜੀਤ ਸਿੰਘ ਸੋਹੀ ਬਰਨਾਲਾ, ਹਰਬੰਸ ਸਿੰਘ ਬਲਾਕ ਸਕੱਤਰ ਮਹਿਲਕਲਾਂ, ਜਗਰੂਪ ਸਿੰਘ ਬੜੈਚ ਜਿਲਾ ਖ਼ਜ਼ਾਨਚੀ ਬਰਨਾਲਾ, ਸੁਖਪਾਲ ਸਿੰਘ ਰਾਏਸਰ, ਇਕਬਾਲ ਮੁਹੰਮਦ ਮਾਂਗੇਵਾਲ, ਗੁਰਚਰਨ ਹਮੀਦੀ, ਰਫੀ ਖਾਨ ਚੁਹਾਣਕੇ, ਹਰਦੀਪ ਸਿੰਘ ਗੁਰਮਾ ਅਤੇ ਗੁਰਪ੍ਰੀਤ ਸਿੰਘ ਅਮਲਾਸਿੰਘ ਵਾਲਾ ਹਾਜ਼ਰ ਸਨ।

About The Author

You may have missed