ਹੰਡਿਆਇਆ ਦੇ ਲਾਲਾ ਬਾਬੂ ਸਰਵ ਹਿਤਕਾਰੀ ਵਿਦਿਆ ਮੰਦਰ ਵਿਖੇ “ਨਮਾਮੀ ਭਾਰਤਮ” ਤਹਿਤ ਸਮਾਗਮ ਕਰਵਾਇਆ ਗਿਆ

ਹੰਡਿਆਇਆ, 25 ਸਤੰਬਰ(ਰਾਕੇਸ਼ ਜੇਠੀ): ਹੰਡਿਆਇਆ ਸਥਿਤ ਲਾਲਾ ਬਾਬੂ ਸਰਵ ਹਿੱਤਕਾਰੀ ਵਿਦਿਆ ਮੰਦਰ ਵਿਖੇ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਨੂੰ ਸਮਰਪਿਤ ‘ਨਮਾਮੀ ਭਾਰਤਮ’ ਮੁਹਿੰਮ ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਨਾਲ ਜੁੜੇ ਮੈਂਬਰਾਂ ਵੱਲੋਂ ਉਤਸ਼ਾਹ ਨਾਲ ਭਾਗ ਲਿਆ ਗਿਆ ਅਤੇ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦਾ ਸਮੂਹਿਕ ਗਾਇਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਵਾਈਸ ਪ੍ਰੈਸੀਡੈਂਟ ਅਸ਼ੋਕ ਕੁਮਾਰ ਸ਼ਾਸਤਰੀ ਨੇ ਦੱਸਿਆ ਕਿ ਭਾਰਤ ਸਰਕਾਰ ਅਤੇ ਸੱਭਿਆਚਾਰ ਮੰਤਰਾਲੇ ਵੱਲੋਂ ਰਾਸ਼ਟਰੀ ਗੀਤ ‘ਵੰਦੇ ਮਾਤਰਮ’ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਸਾਲ ਭਰ ਦੇ ਰਾਸ਼ਟਰੀ ਸਮਾਗਮ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਬੰਕਿਮ ਚੰਦਰ ਚੈਟਰਜੀ ਵੱਲੋਂ ਰਚਿਤ ਇਹ ਅਮਰ ਗੀਤ ਪਹਿਲੀ ਵਾਰ 7 ਨਵੰਬਰ 1875 ਨੂੰ ‘ਬੰਗਦਰਸ਼ਨ’ ਪੱਤਰਿਕਾ ਵਿੱਚ ਪ੍ਰਕਾਸ਼ਿਤ ਹੋਇਆ ਸੀ ਅਤੇ ਬਾਅਦ ਵਿੱਚ ਉਨ੍ਹਾਂ ਦੇ ਪ੍ਰਸਿੱਧ ਨਾਵਲ ‘ਆਨੰਦਮਠ’ ਵਿੱਚ ਸ਼ਾਮਲ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਸੰਘਰਸ਼ ਦੌਰਾਨ ‘ਵੰਦੇ ਮਾਤਰਮ’ ਦੇਸ਼ ਵਾਸੀਆਂ ਲਈ ਪ੍ਰੇਰਣਾ, ਏਕਤਾ ਅਤੇ ਰਾਸ਼ਟਰੀ ਚੇਤਨਾ ਦਾ ਮਹੱਤਵਪੂਰਨ ਪ੍ਰਤੀਕ ਬਣਿਆ। ਇਸ ਦੀ 150ਵੀਂ ਵਰ੍ਹੇਗੰਢ ਮੌਕੇ 7 ਨਵੰਬਰ 2025 ਤੋਂ 7 ਨਵੰਬਰ 2026 ਤੱਕ ਦੇਸ਼ ਭਰ ਵਿੱਚ ਯਾਦਗਾਰੀ ਸਮਾਗਮ ਕਰਵਾਏ ਜਾ ਰਹੇ ਹਨ। ਇਸੇ ਲੜੀ ਤਹਿਤ ‘ਨਮਾਮੀ ਭਾਰਤਮ’ ਮੁਹਿੰਮ ਅਧੀਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵਿਦਿਆਰਥੀਆਂ, ਅਧਿਆਪਕਾਂ ਅਤੇ ਨਾਗਰਿਕਾਂ ਵੱਲੋਂ ਸਮੂਹਿਕ ਤੌਰ ’ਤੇ ‘ਵੰਦੇ ਮਾਤਰਮ’ ਦਾ ਗਾਇਨ ਕੀਤਾ ਜਾ ਰਿਹਾ ਹੈ।
ਅਸ਼ੋਕ ਕੁਮਾਰ ਸ਼ਾਸਤਰੀ ਨੇ ਕਿਹਾ ਕਿ ਅਜਿਹੇ ਪ੍ਰੋਗਰਾਮਾਂ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ, ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਰਾਸ਼ਟਰੀ ਗੀਤ ਦੇ ਇਤਿਹਾਸ ਤੇ ਸੰਦੇਸ਼ ਨਾਲ ਜੋੜਨਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਵਿਦਿਆਰਥੀਆਂ ਵਿੱਚ ਦੇਸ਼ ਪ੍ਰਤੀ ਸਤਿਕਾਰ ਅਤੇ ਰਾਸ਼ਟਰੀ ਚੇਤਨਾ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।
ਇਸ ਮੌਕੇ ਸੰਸਥਾ ਦੇ ਮੈਂਬਰ ਸੁਬੋਧ ਗੋਇਲ, ਸਕੂਲ ਪ੍ਰਿੰਸੀਪਲ ਸੁਸ਼ਮਾ ਕੋਟੀਆ, ਪ੍ਰੋਗਰਾਮ ਸੰਯੋਜਕ ਗੀਤਾ ਸ਼ਰਮਾ, ਸ਼ੈਲੀ ਚੌਪੜਾ, ਅਧਿਆਪਕਾ ਦੀਪਿਕਾ ਗਰਗ, ਰੇਨੂ ਸ਼ਰਮਾ ਅਤੇ ਪਰਮਜੀਤ ਕੌਰ ਤੋਂ ਇਲਾਵਾ ਹੋਰ ਅਧਿਆਪਕ, ਵਿਦਿਆਰਥੀਆਂ ਦੇ ਮਾਪੇ ਅਤੇ ਸਕੂਲ ਨਾਲ ਜੁੜੇ ਮੈਂਬਰ ਵੀ ਹਾਜ਼ਰ ਸਨ।
