ਤਨਖਾਹ ਕੱਟਣ ਦੇ ਮਾਮਲੇ ’ਤੇ ਸਫਾਈ ਸੇਵਕਾਂ ਨੇ ਦਫਤਰ ਅੱਗੇ ਸੁੱਟਿਆ ਕੂੜਾ, ਮੁੜ ਸ਼ੁਰੂ ਕੀਤੀ ਹੜਤਾਲ…

ਹੰਡਿਆਇਆ, 22 ਸਤੰਬਰ(ਰਾਕੇਸ਼ ਜੇਠੀ): ਨਗਰ ਪੰਚਾਇਤ ਹੰਡਿਆਇਆ ਦੇ ਸਮੂਹ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਅਤੇ ਤਨਖਾਹ ਕੱਟੇ ਜਾਣ ਦੇ ਵਿਰੋਧ ਵਿੱਚ ਅੱਜ ਮੁੜ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਖੁੱਡੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਪੰਚਾਇਤ ਦੇ ਐਮਸੀਜ਼ ਅਤੇ ਪ੍ਰਧਾਨ ’ਤੇ ਸਫਾਈ ਕਰਮਚਾਰੀਆਂ ਨਾਲ ਧੱਕੇਸ਼ਾਹੀ ਕਰਨ ਦੇ ਦੋਸ਼ ਲਗਾਏ।
ਵਿਜੇ ਕੁਮਾਰ ਖੁੱਡੀ ਨੇ ਦੱਸਿਆ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਗਰ ਪੰਚਾਇਤ ਵਿੱਚ ਕੰਮ ਕਰ ਰਹੇ ਆਊਟਸੋਰਸ ਸਫਾਈ ਕਰਮਚਾਰੀਆਂ ਨੂੰ ਕਾਂਟਰੈਕਟ ਬੇਸ ’ਤੇ ਕਰਨ ਸਬੰਧੀ ਮਤਾ ਪਾਸ ਕੀਤਾ ਜਾਣਾ ਸੀ। ਉਨ੍ਹਾਂ ਅਨੁਸਾਰ, ਪਹਿਲਾਂ ਨਗਰ ਪੰਚਾਇਤ ਹੰਡਿਆਇਆ ਦੇ ਐਮਸੀਜ਼ ਅਤੇ ਪ੍ਰਧਾਨ ਵੱਲੋਂ ਇਹ ਮਤਾ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ, ਜਿਸ ਕਾਰਨ ਸਫਾਈ ਸੇਵਕਾਂ ਨੂੰ ਹੜਤਾਲ ਦਾ ਰਾਹ ਅਪਣਾਉਣਾ ਪਿਆ।
ਉਨ੍ਹਾਂ ਕਿਹਾ ਕਿ ਹੜਤਾਲ ਤੋਂ ਬਾਅਦ ਨਗਰ ਪੰਚਾਇਤ ਦੇ ਐਮਸੀਜ਼ ਅਤੇ ਪ੍ਰਧਾਨ ਵੱਲੋਂ ਆਊਟਸੋਰਸ ਸਫਾਈ ਕਰਮਚਾਰੀਆਂ ਨੂੰ ਕਾਂਟਰੈਕਟ ’ਤੇ ਕਰਨ ਸਬੰਧੀ ਮਤਾ ਪਾਸ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਇੱਕ ਹੋਰ ਮਤਾ ਪਾਸ ਕਰਕੇ ਇਹ ਫੈਸਲਾ ਕੀਤਾ ਗਿਆ ਕਿ ਭਵਿੱਖ ਵਿੱਚ ਜੇਕਰ ਕੋਈ ਸਫਾਈ ਕਰਮਚਾਰੀ ਹੜਤਾਲ ’ਤੇ ਜਾਂਦਾ ਹੈ ਤਾਂ ਉਸ ਦੀ ਤਨਖਾਹ ਵਿੱਚੋਂ ਕਟੌਤੀ ਕੀਤੀ ਜਾਵੇਗੀ।
ਯੂਨੀਅਨ ਪ੍ਰਧਾਨ ਨੇ ਦੋਸ਼ ਲਗਾਇਆ ਕਿ ਇਸ ਫੈਸਲੇ ਦੇ ਚਲਦਿਆਂ ਸਫਾਈ ਸੇਵਕਾਂ ਦੀ ਅਗਸਤ ਮਹੀਨੇ ਦੀ ਤਨਖਾਹ ਵਿੱਚ ਕਟੌਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਇਸ ਕਟੌਤੀ ਨੂੰ ਗਲਤ ਅਤੇ ਬੇਇਨਸਾਫ਼ੀ ਮੰਨਦੇ ਹਨ ਅਤੇ ਇਸੇ ਦੇ ਰੋਸ ਵਜੋਂ ਅੱਜ 22 ਸਤੰਬਰ ਤੋਂ ਅਣਮਿਥੇ ਸਮੇਂ ਲਈ ਮੁੜ ਹੜਤਾਲ ਸ਼ੁਰੂ ਕੀਤੀ ਗਈ ਹੈ।
ਵਿਜੇ ਕੁਮਾਰ ਖੁੱਡੀ ਨੇ ਕਿਹਾ ਕਿ ਯੂਨੀਅਨ ਦਾ ਦੋਸ਼ ਹੈ ਕਿ ਨਗਰ ਪੰਚਾਇਤ ਦੇ ਐਮਸੀ ਅਤੇ ਪ੍ਰਧਾਨ ਵੱਲੋਂ ਅਜਿਹਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਸਫਾਈ ਕਰਮਚਾਰੀ ਆਪਣੀਆਂ ਮੰਗਾਂ ਜਾਂ ਸਮੱਸਿਆਵਾਂ ਦੇ ਹੱਲ ਲਈ ਹੜਤਾਲ ਜਾਂ ਪ੍ਰਦਰਸ਼ਨ ਦਾ ਸਹਾਰਾ ਨਾ ਲੈ ਸਕਣ। ਉਨ੍ਹਾਂ ਕਿਹਾ ਕਿ ਜੇਕਰ ਸਫਾਈ ਕਰਮਚਾਰੀਆਂ ਨਾਲ ਕੋਈ ਧੱਕਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਆਪਣੇ ਹੱਕਾਂ ਲਈ ਆਵਾਜ਼ ਉਠਾਉਣ ਅਤੇ ਸੰਘਰਸ਼ ਕਰਨ ਦਾ ਅਧਿਕਾਰ ਹੈ।
ਯੂਨੀਅਨ ਨੇ ਮੰਗ ਕੀਤੀ ਕਿ ਅਗਸਤ ਮਹੀਨੇ ਦੀ ਕੱਟੀ ਗਈ ਤਨਖਾਹ ਬਹਾਲ ਕੀਤੀ ਜਾਵੇ ਅਤੇ ਸਫਾਈ ਸੇਵਕਾਂ ਦੀਆਂ ਹੋਰ ਮੰਗਾਂ ਦਾ ਵੀ ਜਲਦ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਦੋਂ ਤੱਕ ਮਸਲੇ ਦਾ ਢੁੱਕਵਾਂ ਹੱਲ ਨਹੀਂ ਹੁੰਦਾ, ਹੜਤਾਲ ਜਾਰੀ ਰਹੇਗੀ।
ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਰਾਣੀ, ਸਕੱਤਰ ਪੰਕਜ ਕੁਮਾਰ ਤੋਂ ਇਲਾਵਾ ਸਫਾਈ ਸੇਵਕ ਰਵੀ ਕੁਮਾਰ, ਪੂਜਾ, ਸੁਨੀਤਾ, ਕਿਰਨਾ, ਨਿਕਲ ਰਾਣੀ, ਅਮਨਦੀਪ, ਸ਼ੇਖਰ ਕੁਮਾਰ, ਬੰਧਨਾ, ਮੁਕੇਸ਼ ਆਦਿ ਹਾਜ਼ਰ ਸਨ।
