ਹੰਡਿਆਇਆ ਦੇ ਲਾਲਾ ਬਾਬੂ ਰਾਮ ਸਰਹਿਤਕਾਰੀ ਵਿੱਦਿਆ ਮੰਦਰ ਵਿਖੇ 15 ਅਗਸਤ ਤੇ ਤੀਆਂ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ

ਹੰਡਿਆਇਆ,16ਅਗਸਤ(ਰਾਕੇਸ਼ ਜੇਠੀ): ਲਾਲਾ ਬਾਬੂ ਰਾਮ ਸਰਹਿਤਕਾਰੀ ਵਿੱਦਿਆ ਮੰਦਰ ਸਕੂਲ, ਹੰਡਿਆਇਆ ਵਿਖੇ 15 ਅਗਸਤ ਆਜ਼ਾਦੀ ਦਿਹਾੜੇ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਤੀਆਂ ਦੇ ਤਿਉਹਾਰ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਦੀ ਭਾਵਨਾ ਨਾਲ ਭਰਪੂਰ ਵੱਖ-ਵੱਖ ਪੇਸ਼ਕਾਰੀਆਂ ਦੇ ਨਾਲ-ਨਾਲ ਰੰਗਾ-ਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਖੂਬ ਸਮਾਂ ਬੰਨ੍ਹਿਆ ਗਿਆ।
ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਨ ਨਾਲ ਕੀਤੀ ਗਈ। ਇਸ ਤੋਂ ਬਾਅਦ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਤੀਆਂ ਨਾਲ ਸਬੰਧਤ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ। ਬੱਚਿਆਂ ਦੀਆਂ ਮਨਮੋਹਕ ਪੇਸ਼ਕਾਰੀਆਂ ਨੇ ਹਾਜ਼ਰ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਪੂਰਾ ਮਾਹੌਲ ਦੇਸ਼ ਭਗਤੀ ਤੇ ਪੰਜਾਬੀ ਸੱਭਿਆਚਾਰ ਦੇ ਰੰਗ ਵਿੱਚ ਰੰਗਿਆ ਗਿਆ।
ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੁਸ਼ਮਾ ਕੋਟੀਆ ਨੇ ਵਿਦਿਆਰਥੀਆਂ ਨੂੰ 15 ਅਗਸਤ ਦੇ ਇਤਿਹਾਸਕ ਮਹੱਤਵ ਅਤੇ ਦੇਸ਼ ਦੀ ਆਜ਼ਾਦੀ ਲਈ ਮਹਾਨ ਸ਼ਹੀਦਾਂ ਵੱਲੋਂ ਦਿੱਤੀਆਂ ਕੁਰਬਾਨੀਆਂ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਤੀਆਂ ਦੇ ਤਿਉਹਾਰ ਦੀ ਪੰਜਾਬੀ ਸੱਭਿਆਚਾਰ ਵਿੱਚ ਮਹੱਤਤਾ ਬਾਰੇ ਵੀ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕਰਦਿਆਂ ਆਪਣੀ ਵਿਰਾਸਤ ਅਤੇ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ।
ਇਸ ਮੌਕੇ ਅਧਿਆਪਿਕਾ ਰੇਨੂ ਸ਼ਰਮਾ, ਪਰਮਜੀਤ ਕੌਰ, ਬਲਜਿੰਦਰ ਕੌਰ ਸਮੇਤ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ। ਸਕੂਲ ਪ੍ਰਬੰਧਕਾਂ ਵੱਲੋਂ ਬੱਚਿਆਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ ਗਈ ਅਤੇ ਅਜਿਹੇ ਸੱਭਿਆਚਾਰਕ ਤੇ ਦੇਸ਼ ਭਗਤੀ ਨਾਲ ਸਬੰਧਤ ਪ੍ਰੋਗਰਾਮ ਭਵਿੱਖ ਵਿੱਚ ਵੀ ਕਰਵਾਉਣ ਲਈ ਉਤਸ਼ਾਹਿਤ ਕੀਤਾ ਗਿਆ।
