ਰਾਜੀਆ ਨੇੜੇ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਤਿੰਨ ਜ਼ਖਮੀ, SSF ਟੀਮ ਨੇ 4 ਮਿੰਟਾਂ ਵਿੱਚ ਪਹੁੰਚ ਕੇ ਬਚਾਈ ਕੀਮਤੀ ਜਾਨ

ਬਰਨਾਲਾ, 14 ਅਗਸਤ(ਰਾਕੇਸ਼ ਜੇਠੀ): ਪਿੰਡ ਰਾਜੀਆ ਨੇੜੇ ਸੈਲਰ ਕੋਲ ਅੱਜ ਸ਼ਾਮ ਇੱਕ ਤੇਜ਼ ਰਫ਼ਤਾਰ ਪਲਟੀਨਾ ਮੋਟਰਸਾਈਕਲ ਦਾ ਅਚਾਨਕ ਟਾਇਰ ਫਟਣ ਕਾਰਨ ਮੋਟਰਸਾਈਕਲ ਸਵਾਰ ਦੋ ਵਿਅਕਤੀ ਅਤੇ ਇੱਕ ਔਰਤ ਸਮੇਤ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ (SSF) ਜ਼ਿਲ੍ਹਾ ਬਰਨਾਲਾ ਦੀ ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਹਸਪਤਾਲ ਪਹੁੰਚਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ SSF ਜ਼ਿਲ੍ਹਾ ਬਰਨਾਲਾ ਦੇ ਇੰਚਾਰਜ ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਰੂਟ ਨੰਬਰ 88307 ’ਤੇ MDT ਡਿਵਾਈਸ ਰਾਹੀਂ ਸ਼ਾਮ 5:13 ਵਜੇ ਰਾਜੀਆ ਨੇੜੇ ਸੈਲਰ ਕੋਲ ਹਾਦਸੇ ਦੀ ਸੂਚਨਾ ਪ੍ਰਾਪਤ ਹੋਈ। SSF ਟੀਮ ਬਿਨਾਂ ਸਮਾਂ ਗਵਾਏ ਕੇਵਲ 4 ਮਿੰਟਾਂ ਵਿੱਚ 5:17 ਵਜੇ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਮੌਕੇ ’ਤੇ ਮੌਜੂਦ ਪ੍ਰਤੱਖਦਰਸ਼ੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਪਲਟੀਨਾ ਮੋਟਰਸਾਈਕਲ ਨੰਬਰ PB65R-7078 ਧਨੌਲਾ ਵੱਲੋਂ ਪਿੰਡ ਮੱਤੀ ਵੱਲ ਜਾ ਰਿਹਾ ਸੀ। ਅਚਾਨਕ ਮੋਟਰਸਾਈਕਲ ਦਾ ਟਾਇਰ ਫਟਣ ਕਾਰਨ ਮੋਟਰਸਾਈਕਲ ਬੇਕਾਬੂ ਹੋ ਗਿਆ ਅਤੇ ਉਸ ’ਤੇ ਸਵਾਰ ਤਿੰਨੋਂ ਵਿਅਕਤੀ ਸੜਕ ’ਤੇ ਡਿੱਗ ਕੇ ਗੰਭੀਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਮੋਟਰਸਾਈਕਲ ਬਿੱਟੂ ਸਿੰਘ ਪੁੱਤਰ ਸੁਰਜੀਤ ਸਿੰਘ ਚਲਾ ਰਿਹਾ ਸੀ ਅਤੇ ਉਸ ਨਾਲ ਉਸ ਦੇ ਪਿਤਾ ਸੁਰਜੀਤ ਸਿੰਘ ਪੁੱਤਰ ਬਾਘ ਸਿੰਘ ਅਤੇ ਉਸ ਦੀ ਭੂਆ ਗੇਬੋ ਕੌਰ ਪਤਨੀ ਅਮਰਜੀਤ ਸਿੰਘ, ਸਾਰੇ ਵਾਸੀ ਗਰਚਾ ਰੋਡ, ਬਰਨਾਲਾ, ਸਵਾਰ ਸਨ। ਉਹ ਆਪਣੇ ਕਿਸੇ ਰਿਸ਼ਤੇਦਾਰ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪਿੰਡ ਮੱਤੀ, ਜ਼ਿਲ੍ਹਾ ਮਾਨਸਾ ਜਾ ਰਹੇ ਸਨ। SSF ਟੀਮ ਵੱਲੋਂ ਮੌਕੇ ’ਤੇ ਹੀ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਅਤੇ ਆਪਣੀ ਸਰਕਾਰੀ ਗੱਡੀ ਰਾਹੀਂ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਖਮੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਾਦਸੇ ਸਬੰਧੀ ਸੂਚਿਤ ਕੀਤਾ ਗਿਆ। ਸਹਾਇਕ ਥਾਣੇਦਾਰ ਅਮਰੀਕ ਸਿੰਘ ਨੇ ਦੱਸਿਆ ਕਿ ਡਾਕਟਰੀ ਜਾਂਚ ਉਪਰੰਤ ਸਿਰ ’ਤੇ ਗੰਭੀਰ ਸੱਟ ਹੋਣ ਕਾਰਨ ਗੇਬੋ ਕੌਰ ਨੂੰ ਏਮਜ਼ ਹਸਪਤਾਲ ਬਠਿੰਡਾ, ਜਦਕਿ ਦੋਵੇਂ ਜ਼ਖਮੀ ਵਿਅਕਤੀਆਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। SSF ਟੀਮ ਵੱਲੋਂ ਹਾਦਸਾਗ੍ਰਸਤ ਮੋਟਰਸਾਈਕਲ ਨੂੰ ਸੜਕ ਤੋਂ ਪਾਸੇ ਕਰਵਾ ਕੇ ਆਵਾਜਾਈ ਨੂੰ ਵੀ ਨਿਰਵਿਘਨ ਚਾਲੂ ਕਰਵਾਇਆ ਗਿਆ। ਜ਼ਖਮੀਆਂ ਦੇ ਪਰਿਵਾਰ ਵੱਲੋਂ ਤੁਰੰਤ ਮਦਦ ਅਤੇ ਸਮੇਂ ਸਿਰ ਹਸਪਤਾਲ ਪਹੁੰਚਾਉਣ ਲਈ ਸੜਕ ਸੁਰੱਖਿਆ ਫੋਰਸ ਦੀ ਟੀਮ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਅਮਰੀਕ ਸਿੰਘ, ਸਿਪਾਹੀ ਅਮਰਜੀਤ ਸਿੰਘ ਅਤੇ ਲੇਡੀ ਸਿਪਾਹੀ ਦੀਪਿਕਾ ਰਾਣੀ ਹਾਜ਼ਰ ਸਨ।
