ਦਿੱਲੀ ਅਕੈਡਮੀ ਨੇ ਬਰਨਾਲਾ ‘ਚ ‘ਅਸਮਿਤਾ’ ਸਮਾਗਮ ਕਰਵਾਇਆ

PrimeKhabarPunjab S College

ਬਰਨਾਲਾ,11ਅਗਸਤ(ਰਾਕੇਸ਼ ਜੇਠੀ) -ਭਾਰਤੀ ਸਾਹਿਤ ਅਕੈਡਮੀ ਦਿੱਲੀ ਵੱਲੋਂ ਐਸ ਐਸ ਡੀ ਕਾਲਜ ਬਰਨਾਲਾ ਦੀ ਪ੍ਰਬੰਧਕੀ ਕਮੇਟੀ ਦੇ ਸਹਿਯੋਗ ਨਾਲ ‘ਅਸਮਿਤਾ’ ਪ੍ਰੋਗਰਾਮ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਕਾਲਜ ਦੇ ਪ੍ਰਿੰਸੀਪਲ ਰਾਕੇਸ਼ ਜਿੰਦਲ ਨੇ ਜੀ ਆਇਆਂ ਕਹਿੰਦਿਆਂ ਕਾਲਜ ਵਿਚ ਹੁੰਦੇ ਸਾਹਿਤਕ ਸਮਾਗਮਾਂ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਵਿਦਿਆਰਥੀਆਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦਾ ਹਰ ਯਤਨ ਕਰਦੇ ਹਾਂ।
ਅਕੈਡਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਕਿਹਾ ਕਿ ਅਕੈਡਮੀ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਅਦਾਰਾ ਹੈ, ਜੋ ਦੇਸ਼ ਦੀਆਂ ਚੌਵੀ ਭਾਸ਼ਾਵਾਂ ਦੀ ਬਿਹਤਰੀ ਲਈ ਹਰ ਵਕਤ ਤੱਤਪਰ ਰਹਿੰਦਾ ਹੈ ਅਤੇ ਇਨਾਮ ਪ੍ਰਾਪਤ ਕਿਤਾਬਾਂ ਦਾ ਅਨੁਵਾਦ ਵੀ ਸਾਰੀਆਂ ਭਾਸ਼ਾਵਾਂ ਵਿਚ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਬਰਨਾਲਾ ਇਲਾਕੇ ਵਿਚ ਇਸੇ ਤਰ੍ਹਾਂ ਹੋਰ ਸਮਾਗਮ ਵੀ ਕਰਵਾਏ ਜਾਣਗੇ।
ਵਿਦਿਆਰਥੀ ਤੇ ਸਾਹਿਤ ਵਿਸ਼ੇ ‘ਤੇ ਬੋਲਦਿਆਂ ਪ੍ਰੋ ਮਨਦੀਪ ਕੌਰ ਨੇ ਕਿਹਾ ਕੀ ਸਾਹਿਤ ਵਿਦਿਆਰਥੀਆਂ ਵਿਚ ਚੇਤਨਾ ਪੈਦਾ ਕਰਕੇ ਆਲੇ ਦੁਆਲੇ ਨੂੰ ਸਮਝਣ-ਪਰਖਣ ਵਿਚ ਸਹਾਈ ਹੁੰਦਾ ਹੈ ਅਤੇ ਵਿਦਿਆਰਥੀਆਂ ਵਿਚ ਸੰਵੇਦਨਾ ਪੈਦਾ ਕਰਦਾ ਹੈ। ਸਮਾਜ ਦੀ ਬਿਹਤਰੀ ਲਈ ਵੀ ਪ੍ਰੇਰਦਾ ਹੈ। ਉਨ੍ਹਾਂ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ।
ਗੁਆਂਢੀ ਜ਼ਿਲ੍ਹਿਆਂ ਵਿੱਚੋਂ ਆਈਆਂ ਕਵਿੱਤਰੀਆਂ ਮਨਦੀਪ ਔਲਖ, ਖੁਸ਼ਬੀਰ ਕੌਰ ਢਿੱਲੋਂ ਅਤੇ ਅਮਨਦੀਪ ਕੌਰ ਮਾਨ ਨੇ ਆਪਣੀਆਂ ਕਾਵਿ ਵੰਨਗੀਆਂ ਪੇਸ਼ ਕਰਕੇ ਵਾਹ-ਵਾਹ ਖੱਟੀ। ਅੰਤ ਵਿਚ ਬੋਲੀਕਾਰ ਰਘਵੀਰ ਸਿੰਘ ਗਿੱਲ ਕੱਟੂ ਨੇ ਤੀਆਂ ਨਾਲ ਸੰਬੰਧਿਤ ਬੋਲੀਆਂ ਪਾ ਕੇ ਰੰਗ ਬੰਨ੍ਹਿਆ।ਅੰਤ ਵਿਚ ਪ੍ਰੋ ਡਾ ਹਰਪ੍ਰੀਤ ਕੌਰ ਨੇ ਸਭਨਾਂ ਦਾ ਧੰਨਵਾਦ ਕੀਤਾ।ਕੈਪਸ਼ਨ- ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਪ੍ਰੋਫੈਸਰ ਮਨਜੀਤ ਕੌਰ ਤੇ ਕਵਿਤਰੀਆਂ ਮਨਦੀਪ ਔਲਖ, ਖੁਸ਼ਵੀਰ ਕੌਰ ਅਤੇ ਅਮਨਦੀਪ ਕੌਰ ਮਾਨ।

About The Author