ਹਿਟ ਐਂਡ ਰਨ ਕਾਰਨ ਤਿੰਨ ਵਾਹਨ ਆਪਸ ਵਿੱਚ ਟਕਰਾਏ, ਤਿੰਨ ਵਿਅਕਤੀ ਜ਼ਖ਼ਮੀ

ਧਨੌਲਾ, 1 ਅਗਸਤ(ਰਾਕੇਸ਼ ਜੇਠੀ): ਧਨੌਲਾ-ਪੰਧੇਰ ਰੋਡ ‘ਤੇ ਪਿੰਡ ਕਾਲੇਕੇ ਨੇੜੇ ਪੈਟਰੋਲ ਪੰਪ ਕੋਲ ਸ਼ਨੀਵਾਰ ਸਵੇਰੇ ਇੱਕ ਹਿਟ ਐਂਡ ਰਨ ਘਟਨਾ ਕਾਰਨ ਤਿੰਨ ਵਾਹਨ ਹਾਦਸਾਗ੍ਰਸਤ ਹੋ ਗਏ, ਜਿਸ ਵਿੱਚ ਤਿੰਨ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 8:36 ਵਜੇ ਐਮ.ਡੀ.ਟੀ. ਡਿਵਾਈਸ ਰਾਹੀਂ ਸੜਕ ਸੁਰੱਖਿਆ ਫੋਰਸ (SSF) ਨੂੰ ਹਾਦਸੇ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਸਬ ਇੰਸਪੈਕਟਰ ਕਰਮਜੀਤ ਸਿੰਘ, ਸਿਪਾਹੀ ਗੁਰਮੇਘ ਸਿੰਘ ਅਤੇ ਮਹਿਲਾ ਸਿਪਾਹੀ ਵੀਰਪਾਲ ਕੌਰ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਤੁਰੰਤ ਰਾਹਤ ਕਾਰਜ ਸ਼ੁਰੂ ਕੀਤੇ।
ਮੁੱਢਲੀ ਜਾਂਚ ਅਨੁਸਾਰ ਇੱਕ ਆਲਟੋ ਕਾਰ ਤੇਜ਼ ਰਫ਼ਤਾਰ ਨਾਲ ਅਚਾਨਕ ਕੱਟ ਮਾਰ ਕੇ ਹੋਰ ਵਾਹਨਾਂ ਨੂੰ ਟੱਕਰ ਮਾਰਦੀ ਹੋਈ ਮੌਕੇ ਤੋਂ ਫਰਾਰ ਹੋ ਗਈ। ਇਸ ਕਾਰਨ ਇੱਕ ਮੋਟਰਸਾਈਕਲ, ਇੱਕ ਸਕੂਟੀ ਅਤੇ ਇੱਕ ਕ੍ਰੇਟਾ ਕਾਰ ਆਪਸ ਵਿੱਚ ਟਕਰਾ ਗਏ। ਹਾਦਸੇ ਵਿੱਚ ਮੋਟਰਸਾਈਕਲ ਸਵਾਰ ਸ਼ਿਵਾਨੂੰ ਸਿੰਘ ਵਾਸੀ ਬਰਨਾਲਾ, ਸਕੂਟੀ ਸਵਾਰ ਕਾਰਮਜੀਤ ਕੌਰ ਵਾਸੀ ਕੋਟਦੁਨਾ ਅਤੇ ਕ੍ਰੇਟਾ ਕਾਰ ਚਾਲਕ ਸਤਨਾਮ ਸਿੰਘ ਵਾਸੀ ਰਤੀਆ ਨੂੰ ਮਾਮੂਲੀ ਸੱਟਾਂ ਲੱਗੀਆਂ।
ਹਾਦਸੇ ਦੌਰਾਨ ਸਕੂਟੀ ਸਵਾਰ ਕਾਰਮਜੀਤ ਕੌਰ ਦੇ ਮੋਢੇ ‘ਤੇ ਸੱਟ ਲੱਗਣ ਕਾਰਨ ਅੰਦਰੂਨੀ ਸੱਟ ਦੀ ਸ਼ੰਕਾ ਹੋਣ ‘ਤੇ ਐਸਐਸਐਫ ਦੀ ਟੀਮ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਧਨੌਲਾ ਦਾਖ਼ਲ ਕਰਵਾਇਆ। ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾ ਰਿਹਾ, ਜਦਕਿ ਵਾਹਨਾਂ ਦਾ ਮਾਲੀ ਨੁਕਸਾਨ ਹੋਇਆ ਹੈ।
ਪੁਲਿਸ ਵੱਲੋਂ ਹਿਟ ਐਂਡ ਰਨ ਕਰਨ ਵਾਲੀ ਆਲਟੋ ਕਾਰ ਦੀ ਭਾਲ ਕੀਤੀ ਜਾ ਰਹੀ ਹੈ।
