ਲੁੱਟ-ਖੋਹ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ, ਖੋਹੀ ਗਈ ਈ-ਸਕੂਟਰੀ ਤੇ ਹਥਿਆਰ ਬਰਾਮਦ

IMG-20260715-WA0022.jpg

ਹੰਡਿਆਇਆ, 15 ਜੁਲਾਈ:(ਰਾਕੇਸ਼  ਜੇਠੀ)-ਪੁਲਿਸ ਚੌਂਕੀ ਹੰਡਿਆਇਆ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੋਸ਼ੀਆਂ ਦੇ ਕਬਜ਼ੇ ਵਿਚੋਂ ਵਾਰਦਾਤ ਦੌਰਾਨ ਵਰਤਿਆ ਗਿਆ ਮੋਟਰਸਾਈਕਲ, ਤੇਜ਼ਧਾਰ ਹਥਿਆਰ ਅਤੇ ਖੋਹੀ ਗਈ ਇਲੈਕਟ੍ਰਿਕ ਸਕੂਟਰੀ ਵੀ ਬਰਾਮਦ ਕਰ ਲਈ ਹੈ।
ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਖੁੱਡੀ ਕਲਾਂ ਦੇ ਰਹਿਣ ਵਾਲੇ ਅਮਰਜੀਤ ਸਿੰਘ ਪੁੱਤਰ ਬੁੱਧ ਸਿੰਘ ਵੱਲੋਂ ਸਕੂਟਰੀ ਖੋਹੇ ਜਾਣ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਅਨੁਸਾਰ, 12 ਜੁਲਾਈ ਨੂੰ ਸਵੇਰੇ ਕਰੀਬ 3 ਵਜੇ ਜਦੋਂ ਉਹ ਆਪਣੇ ਖੇਤਾਂ ਵਿੱਚ ਪਾਣੀ ਲਗਾ ਕੇ ਵਾਪਸ ਆ ਰਿਹਾ ਸੀ ਅਤੇ ਪ੍ਰੇਮ ਢਾਬਾ ਨੇੜੇ ਮੁੱਖ ਹਾਈਵੇ ‘ਤੇ ਪਹੁੰਚਿਆ ਤਾਂ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸ ਦਾ ਰਾਹ ਰੋਕ ਲਿਆ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਉਸ ਕੋਲੋਂ ਇਲੈਕਟ੍ਰਿਕ ਸਕੂਟਰੀ ਖੋਹ ਲਈ ਅਤੇ ਮੌਕੇ ਤੋਂ ਫਰਾਰ ਹੋ ਗਏ।
ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਵੱਲੋਂ ਤੁਰੰਤ ਜਾਂਚ ਸ਼ੁਰੂ ਕੀਤੀ ਗਈ। ਤਫਤੀਸ਼ ਦੌਰਾਨ ਪੁਲਿਸ ਨੇ ਰਾਜਦੀਪ ਸਿੰਘ ਉਰਫ ਕਾਲੂ ਵਾਸੀ ਬਰਨਾਲਾ , ਸਤਨਾਮ ਸਿੰਘ ਉਰਫ ਸੱਤੂ ਵਾਸੀ ਮੁਝੈਲਾ ਦੇ ਕੋਠੇ ਭੱਠਲਾਂ ਅਤੇ ਵਿਕਾਸ ਕੁਮਾਰ ਵਾਸੀ ਬਿਹਾਰ ਹਾਲ ਆਬਾਦ ਟਰਾਈਡੈਂਟ ਫੈਕਟਰੀ ਬਰਨਾਲਾ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਅਤੇ ਕਾਰਵਾਈ ਦੌਰਾਨ ਦੋਸ਼ੀਆਂ ਦੇ ਕਬਜ਼ੇ ਵਿਚੋਂ ਖੋਹੀ ਗਈ ਈ-ਸਕੂਟਰੀ, ਵਾਰਦਾਤ ਵਿੱਚ ਵਰਤਿਆ ਮੋਟਰਸਾਈਕਲ ਅਤੇ ਹਥਿਆਰ ਵੀ ਬਰਾਮਦ ਕਰ ਲਏ ਗਏ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਸਮੇਂ ਇੰਚਾਰਜ ਤਰਸੇਮ ਸਿੰਘ ਦੇ ਨਾਲ ਹੌਲਦਾਰ ਸੁਰਜੀਤ ਸਿੰਘ , ਹੌਲਦਾਰ ਬਲਵਿੰਦਰ ਸਿੰਘ ਕਾਂਸਟੇਬਲ ਲਵਜੀਤ ਸਿੰਘ ਦੇ ਨਾਲ ਹੋਰ ਮੁਲਾਜ਼ਮ ਵੀ ਹਾਜ਼ਰ ਸਨ

About The Author