ਬਰਨਾਲਾ ਬੱਸ ਸਟੈਂਡ ਨੇੜੇ ਨਾਜਾਇਜ਼ ਕਬਜ਼ਿਆਂ ਕਾਰਨ ਆਮ ਲੋਕ ਪ੍ਰੇਸ਼ਾਨ, ਪ੍ਰਸ਼ਾਸਨ ਅਤੇ ਐਸ ਜੀ ਪੀ ਸੀ ਤੋਂ ਸਖ਼ਤ ਕਾਰਵਾਈ ਦੀ ਮੰਗ

ਬਰਨਾਲਾ,13 ਜੁਲਾਈ(ਰਾਕੇਸ਼ ਜੇਠੀ)- ਬਰਨਾਲਾ ਸ਼ਹਿਰ ਦੇ ਮੁੱਖ ਕੇਂਦਰ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਮਲਕੀਅਤ ਦੀ ਜਗ੍ਹਾ ਵਾਲੀਆਂ ਦੁਕਾਨਾਂ ਦੇ ਮਾਲਕਾਂ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਸਥਿਤੀ ਗੰਭੀਰ ਬਣੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦੁਕਾਨਦਾਰਾਂ ਵੱਲੋਂ ਬਿਨਾਂ ਕਿਸੇ ਪ੍ਰਵਾਨਗੀ ਜਾਂ ਵਿਭਾਗੀ ਮਨਜ਼ੂਰੀ ਦੇ ਦੁਕਾਨਾਂ ਦੇ ਬਾਹਰ ਸੈੱਡ, ਬੋਰਡ ਅਤੇ ਕੈਬਿਨ ਲਗਾ ਕੇ ਸਰਕਾਰੀ ਅਤੇ ਸੰਸਥਾਗਤ ਜਗ੍ਹਾ ‘ਤੇ ਨਜਾਇਜ਼ ਕਬਜ਼ਾ ਕੀਤਾ ਗਿਆ ਹੈ। ਇਸ ਨਾਜਾਇਜ਼ ਕਬਜ਼ੇ ਕਾਰਨ ਜਿੱਥੇ ਆਮ ਰਾਹਗੀਰਾਂ ਅਤੇ ਬੱਸ ਸਟੈਂਡ ਆਉਣ-ਜਾਣ ਵਾਲੇ ਲੋਕਾਂ ਨੂੰ ਚੱਲਣ-ਫਿਰਨ ਵਿੱਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਹੀ ਦੂਜੇ ਦੁਕਾਨਦਾਰਾਂ ਦੇ ਕਾਰੋਬਾਰ ‘ਤੇ ਵੀ ਇਸਦਾ ਮਾੜਾ ਅਸਰ ਪੈ ਰਿਹਾ ਹੈ। ਇਨ੍ਹਾਂ ਕਬਜ਼ਿਆਂ ਕਾਰਨ ਸੜਕ ਤੰਗ ਹੋਣ ਕਾਰਨ ਅਕਸਰ ਟ੍ਰੈਫਿਕ ਜਾਮ ਦੀ ਸਮੱਸਿਆ ਵੀ ਪੈਦਾ ਹੁੰਦੀ ਹੈ ਜਿਸ ਕਾਰਣ ਇਸ ਚੌਂਕ ਵਿੱਚ ਵੀ ਵੱਡਾ ਜਾਮ ਲੱਗਿਆ ਰਹਿੰਦਾ ਹੈ ਅਤੇ ਇਸਦਾ ਖਮਿਆਜਾ ਬੱਸਾਂ ਵਾਲਿਆਂ ਨੂੰ ਵੀ ਭੁਗਤਣਾ ਪੈਂਦਾ ਹੈ ਕਿਉਂਕਿ ਇਹਨਾਂ ਨਜਾਇਜ਼ ਕਬਜਿਆਂ ਕਾਰਣ ਉਹਨਾਂ ਨੂੰ ਅਗਲੇ ਬੱਸ ਸਟਾਪ ਤੇ ਬੱਸਾਂ ਨੂੰ ਭਜਾ ਕੇ ਲਗਾਉਣਾ ਪੈਂਦਾ ਹੈ ਜਿਸ ਨਾਲ ਕਈ ਵਾਰ ਹਾਦਸੇ ਵੀ ਵਾਪਰ ਜਾਂਦੇ ਹਨ ਅਤੇ ਇਹਨਾਂ ਨਜਾਇਜ਼ ਕਬਜਿਆਂ ਦਾ ਖ਼ਮਿਆਜਾ ਬੇਕਸੂਰ ਲੋਕਾਂ ਨੂੰ ਭੁਗਤਨਾ ਪੈਂਦਾ ਹੈ ਪਰੰਤੂ ਐੱਸ ਜੀ ਪੀ ਸੀ ਅਤੇ ਜਿਲ੍ਹਾ ਪ੍ਰਸ਼ਾਸ਼ਨ ਇਹ ਸਭ ਕੁੱਝ ਅੱਖਾਂ ਮੀਟ ਕੇ ਵੇਖ ਰਿਹਾ ਹੈ, ਜਿਸ ਨਾਲ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਸਥਾਨਕ ਲੋਕਾਂ ਅਤੇ ਪ੍ਰਭਾਵਿਤ ਦੁਕਾਨਦਾਰਾਂ ਨੇ ਪ੍ਰਸ਼ਾਸਨ, ਸਬੰਧਤ ਅਧਿਕਾਰੀਆਂ ਅਤੇ ਐਸ ਜੀ ਪੀ ਸੀ ਤੋਂ ਮੰਗ ਕੀਤੀ ਹੈ ਕਿ ਤੁਰੰਤ ਪ੍ਰਭਾਵ ਨਾਲ ਇਹ ਨਾਜਾਇਜ਼ ਉਸਾਰੀਆਂ, ਪੋਲ ਅਤੇ ਕੈਬਿਨ ਹਟਾਏ ਜਾਣ ਤਾਂ ਜੋ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਅਤੇ ਕਿਸੇ ਵੀ ਬੇਕਸੂਰ ਦਾ ਨੁਕਸਾਨ ਨਾ ਹੋਵੇ।
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਸ.ਜੀ.ਪੀ.ਸੀ. ਬਰਨਾਲਾ ਦੇ ਮੈਨੇਜਰ ਸੁਰਜੀਤ ਸਿੰਘ ਨੇ ਸਪੱਸ਼ਟ ਕੀਤਾ ਕਿ ਦੁਕਾਨਦਾਰਾਂ ਵੱਲੋਂ ਕੀਤੀ ਗਈ ਇਹ ਮਨਮਾਨੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀ ਵੀ ਸਬੰਧਤ ਦੁਕਾਨਦਾਰਾਂ ਨੂੰ ਸਖ਼ਤ ਹਦਾਇਤ ਕੀਤੀ ਗਈ ਸੀ ਕਿ ਉਹ ਨਾਜਾਇਜ਼ ਕਬਜ਼ੇ ਹਟਾ ਲੈਣ ਅਤੇ ਦੂਜੀਆਂ ਦੁਕਾਨਾਂ ਦੇ ਅੱਗੇ ਲਗਾਏ ਗਏ ਪ੍ਰੇਸ਼ਾਨੀ ਵਾਲੇ ਬੋਰਡ ਤੁਰੰਤ ਉਤਾਰ ਦੇਣ। ਮੈਨੇਜਰ ਸੁਰਜੀਤ ਸਿੰਘ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੁਕਾਨਦਾਰਾਂ ਨੇ ਜਲਦ ਹੀ ਪ੍ਰਸ਼ਾਸਨ ਦੇ ਆਦੇਸ਼ਾਂ ਦੀ ਪਾਲਣਾ ਨਾ ਕੀਤੀ ਅਤੇ ਨਾਜਾਇਜ਼ ਸੈੱਡਾਂ ਨੂੰ ਨਾ ਹਟਾਇਆ, ਤਾਂ ਕਮੇਟੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਸਦੇ ਜਿੰਮੇਵਾਰ ਉਕਤ ਦੁਕਾਨਦਾਰ ਖੁਦ ਹੋਣਗੇ।
