ਹੰਡਿਆਇਆ ‘ਚ ਸਫਾਈ ਸੇਵਕਾਂ ਦੀ ਹੜਤਾਲ ਸ਼ੁਰੂ, ਕਾਰਜ ਸਾਧਕ ਅਫ਼ਸਰ ਅਤੇ ਪ੍ਰਧਾਨ ਖ਼ਿਲਾਫ਼ ਖੁੱਲ੍ਹਾ ਮੋਰਚਾ

ਹੰਡਿਆਇਆ- 01ਜੁਲਾਈ (ਰਾਕੇਸ਼ ਜੇਠੀ)- ਹੰਡਿਆਇਆ ਵਿੱਚ ਸਫਾਈ ਸੇਵਕਾਂ ਨੇ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਕਾਰਜ ਸਾਧਕ ਅਫ਼ਸਰ ਅਤੇ ਪ੍ਰਧਾਨ ਖ਼ਿਲਾਫ਼ ਸੰਘਰਸ਼ ਦਾ ਬਿਗੁਲ ਵਜਾ ਦਿੱਤਾ ਹੈ। ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਵਿਜੇ ਕੁਮਾਰ ਖੁੱਡੀ ਅਤੇ ਮੀਤ ਪ੍ਰਧਾਨ ਰਾਣੀ ਕੌਰ ਹੰਡਿਆਇਆ ਨੇ ਦੋਸ਼ ਲਗਾਇਆ ਕਿ ਸਰਕਾਰ ਵੱਲੋਂ ਪੱਕੇ ਸਫਾਈ ਸੇਵਕਾਂ ਲਈ ਮਨਜ਼ੂਰ ਕੀਤਾ ਗਿਆ ਕਣਕ ਲੋਣ ਅਜੇ ਤੱਕ ਕਰਮਚਾਰੀਆਂ ਤੱਕ ਨਹੀਂ ਪਹੁੰਚਿਆ।
ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਸਬੰਧੀ ਕਾਰਜ ਸਾਧਕ ਅਫ਼ਸਰ ਨੂੰ ਕਈ ਵਾਰ ਅਪੀਲ ਕੀਤੀ ਗਈ, ਪਰ ਮਾਮਲੇ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਲਰਕ ਨੈਬ ਸਿੰਘ ‘ਤੇ ਵੀ ਕਰਮਚਾਰੀਆਂ ਦੀਆਂ ਸਹੀ ਹਾਜ਼ਰੀਆਂ ਨਾ ਭੇਜਣ ਅਤੇ ਸ਼ਿਕਾਇਤਾਂ ਦੀ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਗਏ ਹਨ।
ਸਫਾਈ ਸੇਵਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨਾ ਤਾਂ ਈਐਸਆਈ ਕਾਰਡ ਦਿੱਤੇ ਗਏ ਹਨ ਅਤੇ ਨਾ ਹੀ ਬੂਟ ਤੇ ਵਰਦੀਆਂ ਵਰਗੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਯੂਨੀਅਨ ਮੁਤਾਬਕ ਇਸ ਸਬੰਧੀ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਨੂੰ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਣ ਕਾਰਨ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਪੰਕਜ, ਨਿਖਿਲ ਕੁਮਾਰ, ਨੀਤੂ ਰਾਣੀ, ਰਾਜ ਕੁਮਾਰ, ਰਾਣੀ, ਸੁਨੀਤਾ, ਕਿਰਨਾ, ਅਮਨਦੀਪ, ਰਾਣੀ, ਸਾਗਰ ਸਿੰਘ, ਰਵੀ ਕੁਮਾਰ, ਮੁਕੇਸ਼ ਕੁਮਾਰ ਅਤੇ ਸ਼ੇਖਰ ਕੁਮਾਰ ਸਮੇਤ ਹੋਰ ਸਫਾਈ ਸੇਵਕ ਹਾਜ਼ਰ ਰਹੇ।
ਉੱਧਰ, ਜਦੋਂ ਨਗਰ ਪੰਚਾਇਤ ਹੰਡਿਆਇਆ ਦੇ ਪ੍ਰਧਾਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਜਲਦ ਸੁਣਿਆ ਜਾਵੇਗਾ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
