ਐੱਮਪੀ ਮੀਤ ਹੇਅਰ ਦੇ ਜੱਦੀ ਪਿੰਡ ਕੁਰੜ ਵਿਖੇ ਨਵੇਂ ਰਜਵਾਹੇ ਦੇ ਮੋਘੇ ਤੋਂ ਪਾਣੀ ਨਾ ਮਿਲਣ ’ਤੇ ਕਿਸਾਨਾਂ ਦਾ ਫੁੱਟਿਆ ਗੁੱਸਾ

AAAA

ਐੱਮਪੀ ਮੀਤ ਹੇਅਰ ਦੇ ਨਹਿਰੀ ਪਾਣੀ ਖੇਤਾਂ ਤਕ ਪੁੱਜਦਾ ਕਰਨ ਦੇ ਦਾਅਵਿਆਂ ਦੀ ਨਿਕਲੀ ਫੂਕ

ਬਰਨਾਲਾ, 16 ਜੂਨ (ਰਾਕੇਸ਼ ਜੇਠੀ): ਨੇੜਲੇ ਪਿੰਡ ਕੁਰੜ ਵਿਖੇ ਨਵੇਂ ਬਣਾਏ ਗਏ ਰਜਵਾਹੇ ਦੇ ਮੋਘੇ ਤੋਂ ਖੇਤਾਂ ਲਈ ਲੋੜੀਂਦਾ ਪਾਣੀ ਨਾ ਮਿਲਣ ਕਾਰਨ ਕਿਸਾਨਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਗੁੱਸੇ ’ਚ ਆਏ ਕਿਸਾਨਾਂ ਨੇ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਤੁਰੰਤ ਹੱਲ ਦੀ ਮੰਗ ਕੀਤੀ। ਇਸ ਮੌਕੇ ਕਿਸਾਨ ਬਲਜਿੰਦਰ ਸਿੰਘ, ਕਰਨੈਲ ਸਿੰਘ, ਹਰਚੰਦ ਸਿੰਘ ਧਾਲੀਵਾਲ, ਮੋਹਣ ਸਿੰਘ, ਨਛੱਤਰ ਸਿੰਘ, ਨੰਬਰਦਾਰ ਅਮਰਜੀਤ ਸਿੰਘ, ਸੁਖਪ੍ਰੀਤ ਸਿੰਘ, ਗੁਰਦਿਆਲ ਸਿੰਘ, ਕੁਲਦੀਪ ਸਿੰਘ, ਲਾਭ ਸਿੰਘ, ਗੁਰਬਖ਼ਸ਼ ਸਿੰਘ, ਹਾਕਮ ਸਿੰਘ, ਮੇਘ ਸਿੰਘ, ਹਰਦੇਵ ਸਿੰਘ ਜਵੰਧਾ, ਲਖਵੀਰ ਸਿੰਘ, ਪਿਰਥੀ ਸਿੰਘ, ਲੱਖਾ ਸਿੰਘ, ਮੇਜਰ ਸਿੰਘ, ਮੁਕੰਦ ਸਿੰਘ, ਜਗਧਰਨ ਸਿੰਘ ਤੇ ਗੁਰਪਿਆਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਹਾਲ ਹੀ ’ਚ ਨਵਾਂ ਰਜਵਾਹਾ ਤਿਆਰ ਕੀਤਾ ਗਿਆ ਸੀ। ਪਰ ਇਸ ’ਚੋਂ ਨਿਕਲਦੇ ਮੋਘੇ ਦੀ ਬਣਤਰ ਅਜਿਹੀ ਹੈ ਕਿ ਪਾਣੀ ਲੋੜ ਅਨੁਸਾਰ ਨਹੀਂ ਆ ਰਿਹਾ। ਇਸ ਕਾਰਨ ਮੋਘੇ ਨਾਲ ਜੁੜੇ ਲਗਭਗ ਸਾਢੇ 430 ਏਕੜ ਰਕਬੇ ਦੇ ਕਿਸਾਨਾਂ ਨੂੰ ਝੋਨੇ ਦੀ ਲਵਾਈ ਦੌਰਾਨ ਗੰਭੀਰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਪੁਰਾਣੇ ਰਜਵਾਹੇ ਦੇ ਮੋਘੇ ਦੀ ਬਣਤਰ ਕਾਫ਼ੀ ਬਿਹਤਰ ਸੀ ਤੇ ਪਾਣੀ ਆਸਾਨੀ ਨਾਲ ਹਰ ਖੇਤ ਤਕ ਪਹੁੰਚ ਜਾਂਦਾ ਸੀ। ਜਦਕਿ ਨਵੇਂ ਰਜਵਾਹੇ ’ਚ ਸਿਰਫ਼ 4 ਇੰਚ ਦਾ ਪਾਈਪ ਲਗਾ ਕੇ ਵਿਭਾਗ ਨੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਰਕਬੇ ਲਈ ਇਹ ਪਾਈਪ ਨਾਕਾਫ਼ੀ ਹੈ ਤੇ ਪਿਛਲੇ 13 ਘੰਟਿਆਂ ਦੌਰਾਨ ਕੇਵਲ ਇਕ ਕਿੱਲੇ ਦੇ ਬਰਾਬਰ ਹੀ ਪਾਣੀ ਭਰਿਆ ਜਾ ਸਕਿਆ ਹੈ। ਪਾਈਪ ’ਚ ਝਾੜੀਆਂ ਤੇ ਕੂੜਾ ਫਸ ਜਾਣ ਕਾਰਨ ਪਾਣੀ ਦਾ ਵਹਾਅ ਹੋਰ ਵੀ ਪ੍ਰਭਾਵਿਤ ਹੋ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਲਵਾਈ ਲਈ ਮਜ਼ਦੂਰ ਪਹਿਲਾਂ ਹੀ ਖੇਤਾਂ ’ਚ ਪਹੁੰਚ ਚੁੱਕੇ ਹਨ। ਪਰ ਪਾਣੀ ਦੀ ਘਾਟ ਕਾਰਨ ਉਨ੍ਹਾਂ ਨੂੰ ਵਾਧੂ ਆਰਥਿਕ ਬੋਝ ਝੱਲਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਹਿਰੀ ਵਿਭਾਗ ਤੁਰੰਤ ਮੋਘੇ ਦੀ ਬਣਤਰ ’ਚ ਸੁਧਾਰ ਕਰਕੇ ਪੂਰਾ ਪਾਣੀ ਮੁਹੱਈਆ ਕਰਵਾਏ ਤਾਂ ਜੋ ਕਿਸਾਨ ਸਮੇਂ ਸਿਰ ਆਪਣੀ ਫ਼ਸਲ ਦੀ ਬਿਜਾਈ ਕਰ ਸਕਣ। ਇਸ ਦੌਰਾਨ ਕਿਸਾਨਾਂ ਦਾ ਪੱਖ ਸੁਣਨ ਲਈ ਮੌਕੇ ’ਤੇ ਪੁੱਜੇ ਅਕਾਲੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਟੇਲਾਂ ਤਕ ਪਾਣੀ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਉਨ੍ਹਾਂ ਕਿਹਾ ਕਿ ਮੋਘਾ ਨੰਬਰ 13,880 ਦੀ ਬਣਤਰ ਹੀ ਨੁਕਸਦਾਰ ਹੈ। ਜਿਸ ਕਾਰਨ ਸਾਢੇ 400 ਏਕੜ ਰਕਬੇ ਨੂੰ ਲੋੜੀਂਦਾ ਪਾਣੀ ਨਹੀਂ ਮਿਲ ਰਿਹਾ ਤੇ ਕਿਸਾਨਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਜਲਦ ਹੀ ਸਬੰਧਿਤ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਜਾਵੇਗਾ। ਜੇਕਰ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਕਿਸਾਨਾਂ ਨੂੰ ਨਾਲ ਲੈ ਕੇ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਦੀ ਪੂਰੀ ਜ਼ਿੰਮੇਵਾਰੀ ਸਰਕਾਰ ਤੇ ਨਹਿਰੀ ਵਿਭਾਗ ਦੀ ਹੋਵੇਗੀ।

About The Author

You may have missed