ਭਾਜਪਾ ਉਮੀਦਵਾਰ ਦੇ ਕਾਗਜ਼ ਰੱਦ ਹੋਣ ਮਗਰੋਂ ‘ਆਪ’ ਖ਼ਿਲਾਫ਼ ਇਕਜੁੱਟ ਹੋਏ ਵਿਰੋਧੀ: ਬਰਨਾਲਾ ਦੇ ਬਾਜ਼ਾਰ ਬੰਦ ਕਰਕੇ ਪ੍ਰਦਰਸ਼ਨ ਦਾ ਐਲਾਨ

WhatsApp Image 2026-05-19 at 19.37.01

ਬਰਨਾਲਾ, 19 ਮਈ (ਰਾਕੇਸ਼ ਜੇਠੀ): ਬਰਨਾਲਾ ਦੀ ਸਿਆਸਤ ’ਚ ਅੱਜ ਉਸ ਵੇਲੇ ਇਕ ਬੇਹੱਦ ਅਣਕਿਆਸਾ ਤੇ ਵੱਡਾ ਮੋੜ ਦੇਖਣ ਨੂੰ ਮਿਲਿਆ। ਜਦੋਂ ਇਕ ਵਾਰਡ ਦੀ ਚੋਣ ਨੂੰ ਲੈ ਕੇ ਸਾਰੀਆਂ ਵਿਰੋਧੀ ਸਿਆਸੀ ਧਿਰਾਂ ਆਪਸੀ ਮਤਭੇਦ ਭੁਲਾ ਕੇ ਸੱਤਾਧਾਰੀ ਆਮ ਆਦਮੀ ਪਾਰਟੀ ਖ਼ਿਲਾਫ਼ ਇਕੋ ਮੰਚ ’ਤੇ ਇਕੱਠੀਆਂ ਹੋ ਗਈਆਂ। ਵਾਰਡ ਨੰਬਰ 31 ਤੋਂ ਭਾਜਪਾ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਰੱਦ ਕੀਤੇ ਜਾਣ ਤੋਂ ਬਾਅਦ ਸ਼ਹਿਰ ’ਚ ਸਿਆਸੀ ਪਾਰਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਇਸ ਧੱਕੇਸ਼ਾਹੀ ਖ਼ਿਲਾਫ਼ ਰਣਨੀਤੀ ਉਲੀਕਣ ਲਈ ਅੱਜ ਦੁਪਹਿਰ ਸਮੇਂ ਬਰਨਾਲਾ ਦੇ ਹੰਡਿਆਇਆ ਬਾਜ਼ਾਰ ਸਥਿਤ ਅਗਰਵਾਲ ਧਰਮਸ਼ਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ, ਭਾਰਤੀ ਜਨਤਾ ਪਾਰਟੀ (ਭਾਜਪਾ), ਕਾਂਗਰਸ ਤੇ ਹੋਰ ਵੱਖ-ਵੱਖ ਸਥਾਨਕ ਧਿਰਾਂ ਦੀ ਇਕ ਹੰਗਾਮੀ ਤੇ ਸਾਂਝੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਇਕਸੁਰ ਹੁੰਦਿਆਂ ਸਰਕਾਰ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਸਾਂਝੇ ਤੌਰ ’ਤੇ ਫੈਸਲਾ ਲਿਆ ਗਿਆ ਹੈ ਕਿ ਇਸ ਸਿਆਸੀ ਧੱਕੇਸ਼ਾਹੀ ਵਿਰੁੱਧ ਪੂਰੇ ਬਰਨਾਲਾ ਦੇ ਬਾਜ਼ਾਰ ਮੁਕੰਮਲ ਤੌਰ ’ਤੇ ਬੰਦ ਕਰਵਾਏ ਜਾਣਗੇ ਤੇ ਸਮੁੱਚੀਆਂ ਵਿਰੋਧੀ ਧਿਰਾਂ ਵਲੋਂ ਰੇਲਵੇ ਸਟੇਸ਼ਨ ਉੱਪਰ ਵਿਸ਼ਾਲ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਸਬੰਧੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸ਼ਰੇਆਮ ਧੱਕੇਸ਼ਾਹੀ ’ਤੇ ਉੱਤਰ ਆਈ ਹੈ। ਨਾਮਜ਼ਦਗੀ ਰੱਦ ਕਰਨਾ ਸਿੱਧੇ ਤੌਰ ’ਤੇ ਲੋਕਤੰਤਰ ਦਾ ਕਤਲ ਹੈ ਤੇ ਪ੍ਰਸ਼ਾਸਨ ਸਰਕਾਰ ਦੇ ਕਠਪੁਤਲੀ ਵਾਂਗ ਕੰਮ ਕਰ ਰਿਹਾ ਹੈ। ਸਾਬਕਾ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸੱਤਾਧਿਰ ‘ਆਪ’ ਆਪਣੀ ਹਾਰ ਦੇਖ ਕੇ ਬੌਖਲਾ ਗਈ ਹੈ। ਪਰ ਬਰਨਾਲਾ ਦੇ ਲੋਕ ਇਸ ਧੱਕੇਸ਼ਾਹੀ ਦਾ ਜਵਾਬ ਚੋਣਾਂ ’ਚ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ਦੀਵਾਨਾ ਕਿ ਜਦੋਂ ਸੱਤਾਧਾਰੀ ਧਿਰ ਲੋਕਾਂ ਦੀ ਕਚਹਿਰੀ ’ਚ ਜਾਣ ਤੋਂ ਡਰਦੀ ਹੈ ਤਾਂ ਉਹ ਅਜਿਹੇ ਹੱਥਕੰਡੇ ਅਪਣਾਉਂਦੀ ਹੈ। ਅੱਜ ਪੂਰਾ ਬਰਨਾਲਾ ਇਸ ਧੱਕੇਸ਼ਾਹੀ ਖ਼ਿਲਾਫ਼ ਇੱਕਮੁੱਠ ਹੈ। ਭਾਜਪਾ ਆਗੂ ਵਿਜੇ ਸਾਂਪਲਾ ਤੇ ਗੁਰਦਰਸ਼ਨ ਸਿੰਘ ਬਰਾੜ ਤੇ ਹਿੰਦੂ ਆਗੂ ਨੀਲਮਣੀ ਸਮਾਧੀਆ ਨੇ ਸਪੱਸ਼ਟ ਕੀਤਾ ਕਿ ਵਾਰਡ ਨੰਬਰ 31 ਦੇ ਉਮੀਦਵਾਰ ਦੇ ਕਾਗਜ਼ ਜਾਣਬੱਝ ਕੇ ਤਕਨੀਕੀ ਖਾਮੀਆਂ ਦਾ ਬਹਾਨਾ ਬਣਾ ਕੇ ਰੱਦ ਕੀਤੇ ਗਏ ਹਨ ਤਾਂ ਜੋ ਸੱਤਾਧਾਰੀ ਧਿਰ ਨੂੰ ਵਾਕਓਵਰ ਮਿਲ ਸਕੇ। ਇਸ ਮੀਟਿੰਗ ਦੌਰਾਨ ਸਮੁੱਚੀਆਂ ਵਿਰੋਧੀ ਧਿਰਾਂ ਦੇ ਇਕੱਠ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਪ੍ਰਸ਼ਾਸਨ ਨੇ ਆਪਣਾ ਪੱਖਪਾਤੀ ਰਵੱਈਆ ਨਾ ਬਦਲਿਆ ਤੇ ਉਮੀਦਵਾਰ ਨੂੰ ਇਨਸਾਫ਼ ਨਾ ਮਿਲਿਆ। ਤਾਂ ਇਹ ਅੰਦੋਲਨ ਸਿਰਫ਼ ਬਰਨਾਲਾ ਤਕ ਸੀਮਤ ਨਹੀਂ ਰਹੇਗਾ। ਸਗੋਂ ਇਸ ਦੀ ਚੰਗਿਆੜੀ ਪੂਰੇ ਪੰਜਾਬ ’ਚ ਫੈਲੇਗੀ। ਬਰਨਾਲਾ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਦੇਖਣ ਨੂੰ ਮਿਲ ਰਿਹਾ ਹੈ ਕਿ ਕਾਂਗਰਸ, ਅਕਾਲੀ ਦਲ ਤੇ ਭਾਜਪਾ ਵਰਗੀਆਂ ਪਾਰਟੀਆਂ, ਜੋ ਸੂਬੇ ਤੇ ਕੇਂਦਰ ਪੱਧਰ ’ਤੇ ਇਕ-ਦੂਜੇ ਦੀਆਂ ਕੱਟੜ ਵਿਰੋਧੀ ਹਨ। ਸਥਾਨਕ ਪੱਧਰ `ਤੇ ‘ਆਪ’ ਸਰਕਾਰ ਦੇ ਖ਼ਿਲਾਫ਼ ਇਕ ਝੰਡੇ ਹੇਠ ਆ ਗਈਆਂ ਹਨ। ਇਸ ਇਕੱਠ ਨੇ ਸਿੱਧ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨਾਂ ’ਚ ਬਰਨਾਲਾ ਦੀ ਸਿਆਸਤ ’ਚ ਵੱਡਾ ਟਕਰਾਅ ਹੋਣਾ ਤੈਅ ਹੈ।

About The Author

You may have missed