ਪਿੰਡ ਪੰਡੋਰੀ ਦੇ ਗੁਰਦੁਆਰਾ ਸਾਹਿਬ ਦੇ ਸਟੋਰ ’ਚ ਲੱਗੀ ਭਿਆਨਕ ਅੱਗ; ਕਰੀਬ 5 ਲੱਖ ਦਾ ਸਮਾਨ ਸੜ ਕੇ ਸੁਆਹ

ਮਹਿਲ ਕਲਾਂ, 7 ਮਈ (ਰਾਕੇਸ਼ ਜੇਠੀ): ਵਿਧਾਨ ਸਭਾ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਵਿਖੇ ਸਥਿਤ ਵੱਡੇ ਗੁਰਦੁਆਰਾ ਸਾਹਿਬ ’ਚ ਦੁਪਹਿਰ ਸਮੇਂ ਇਕ ਦੁਖਦਾਈ ਘਟਨਾ ਵਾਪਰੀ। ਜਦੋਂ ਗੁਰਦੁਆਰਾ ਸਾਹਿਬ ਦੇ ਸਟੋਰ ਰੂਮ ’ਚ ਅਚਾਨਕ ਅੱਗ ਲੱਗਣ ਕਾਰਨ ਕਰੀਬ 5 ਲੱਖ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਘਟਨਾ ਨਾਲ ਪਿੰਡ ’ਚ ਚਿੰਤਾ ਦਾ ਮਾਹੌਲ ਪੈਦਾ ਹੋ ਗਿਆ। ਹਾਲਾਂਕਿ ਸੰਗਤਾਂ ਦੀ ਤੁਰੰਤ ਕਾਰਵਾਈ ਨਾਲ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਪੰਡੋਰੀ ਨੇ ਪਿੰਡ ਵਾਸੀਆਂ ਦੀ ਹਾਜ਼ਰੀ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰੂ ਘਰ ’ਚ ਇਨ੍ਹਾਂ ਦਿਨੀਂ ਕਾਰ ਸੇਵਾ ਦਾ ਕੰਮ ਚੱਲ ਰਿਹਾ ਸੀ। ਇਸ ਕਰਕੇ ਦਰਬਾਰ ਸਾਹਿਬ ’ਚ ਲਗਾਉਣ ਲਈ ਖਰੀਦੇ ਗਏ ਨਵੇਂ ਸਮਾਨ ਨੂੰ ਅਸਥਾਈ ਤੌਰ ’ਤੇ ਸਟੋਰ ਰੂਮ ’ਚ ਰੱਖਿਆ ਗਿਆ ਸੀ। ਸਟੋਰ ’ਚ ਛੇ ਨਵੇਂ ਏਸੀ ਲਗਭਗ 4 ਲੱਖ ਰੁਪਏ ਦੀ ਕੀਮਤ ਦੇ, ਦੋ ਮੰਜੇ, ਇਕ ਅਲਮਾਰੀ, ਕਮਰੇ ਦੀਆਂ ਚਗਾਠਾਂ, ਗੇਟ ਤੇ ਹੋਰ ਕੀਮਤੀ ਸਮਾਨ ਰੱਖਿਆ ਹੋਇਆ ਸੀ। ਜੋ ਅੱਗ ਦੀ ਲਪੇਟ ’ਚ ਆ ਕੇ ਸੜ ਗਿਆ। ਉਨ੍ਹਾਂ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਕੁ ਵਜੇ ਦੇ ਕਰੀਬ ਅਚਾਨਕ ਸਟੋਰ ਰੂਮ ’ਚੋਂ ਧੂੰਆਂ ਨਿਕਲਦਾ ਦੇਖਿਆ ਗਿਆ। ਗੁਰੂ ਘਰ ਦੇ ਗ੍ਰੰਥੀ ਨੇ ਤੁਰੰਤ ਗੁਰਦੁਆਰਾ ਸਾਹਿਬ ਦੇ ਲਾਊਡ ਸਪੀਕਰ ਰਾਹੀਂ ਸੂਚਨਾ ਬੋਲ ਕੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪਿੰਡ ਦੀ ਸੰਗਤ ਤੇ ਨੌਜਵਾਨ ਮੌਕੇ ’ਤੇ ਪਹੁੰਚ ਗਏ ਤੇ ਪਾਣੀ ਦੀਆਂ ਵਸਾੜਾਂ, ਬਾਲਟੀਆਂ ਤੇ ਹੋਰ ਸਾਧਨਾਂ ਦੀ ਮਦਦ ਨਾਲ ਭਾਰੀ ਜੱਦੋ-ਜਹਿਦ ਕਰਦੇ ਹੋਏ ਅੱਗ ’ਤੇ ਕਾਬੂ ਪਾਇਆ। ਸੰਗਤਾਂ ਦੀ ਸਾਂਝੀ ਕੋਸ਼ਿਸ਼ ਨਾਲ ਅੱਗ ਨੂੰ ਜਲਦੀ ਬੁਝਾ ਲਿਆ ਗਿਆ। ਜਿਸ ਨਾਲ ਗੁਰਦੁਆਰਾ ਸਾਹਿਬ ਦੇ ਹੋਰ ਹਿੱਸਿਆਂ ਤੇ ਦਰਬਾਰ ਸਾਹਿਬ ਨੂੰ ਵੱਡੇ ਨੁਕਸਾਨ ਤੋਂ ਬਚਾ ਲਿਆ ਗਿਆ। ਜੇਕਰ ਅੱਗ ਸਮੇਂ ’ਤੇ ਕਾਬੂ ਨਾ ਆਉਂਦੀ ਤਾਂ ਨੁਕਸਾਨ ਹੋਰ ਵੀ ਵੱਧ ਸਕਦਾ ਸੀ। ਉਨ੍ਹਾਂ ਕਿਹਾ ਕਿ ਅੱਗ ਲਗਣ ਦੇ ਕਾਰਨਾਂ ਦਾ ਅਜੇ ਤਕ ਕੋਈ ਪਤਾ ਨਹੀਂ ਲੱਗ ਸਕਿਆ। ਪ੍ਰਬੰਧਕ ਕਮੇਟੀ ਵਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰਵਾਉਣ ਤੇ ਭਵਿੱਖ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਾਅ ਲਈ ਪੂਰੇ ਇੰਤਜ਼ਾਮ ਕਰਨ ਦੀ ਗੱਲ ਵੀ ਕਹੀ ਗਈ ਹੈ। ਪਿੰਡ ਵਾਸੀਆਂ ਨੇ ਸੰਗਤ ਦੀ ਏਕਤਾ ਤੇ ਤੁਰੰਤ ਸਹਿਯੋਗ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੁਰੂ ਘਰ ਦੀ ਸੇਵਾ ’ਚ ਪਿੰਡ ਦੀ ਇਕਜੁੱਟਤਾ ਇਕ ਵਾਰ ਫਿਰ ਸਾਹਮਣੇ ਆਈ ਹੈ।
