ਫ਼ਿਲਮੀ ਅੰਦਾਜ਼ ’ਚ ਚੋਰੀ: ਬੱਸ ਸਟੈਂਡ ਤੋਂ ਨਿੱਜੀ ਬੱਸ ਹੋਈ ਗਾਇਬ, ਟਰਾਂਸਪੋਰਟਰ ਦੇ ਉੱਡੇ ਹੋਸ਼

ਬਰਨਾਲਾ, 4 ਮਈ (ਰਾਕੇਸ਼ ਜੇਠੀ): ਬਰਨਾਲਾ ਦੇ ਮੁਖ ਬੱਸ ਸਟੈਂਡ ਤੋਂ ਇਕ ਨਿੱਜੀ ਬੱਸ ਦੇ ਚੋਰੀ ਹੋਣ ਦਾ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਕ ਪਾਸੇ ਜਿਥੇ ਪੁਲਿਸ ਪ੍ਰਸ਼ਾਸਨ ਵਲੋਂ ਸੁਰੱਖਿਆ ਦੇ ਵੱਡੇ ਦਾਅਵੇ ਕੀਤੇ ਜਾਂਦੇ ਹਨ। ਉਥੇ ਹੀ ਚੋਰਾਂ ਨੇ ਬੱਸ ਸਟੈਂਡ ਵਰਗੇ ਭੀੜ-ਭੜੱਕੇ ਵਾਲੇ ਸਥਾਨ ਤੋਂ ਪੂਰੀ ਬੱਸ ਉਡਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਹੀ ਨਹੀਂ ਬੱਸ ਸਟੈਂਡ ਅੰਦਰ ਪੁਲਿਸ ਚੌਂਕੀ ਵੀ ਹੈ। ਪੁਲਿਸ ਨੇ ਪੀੜਤ ਬੱਸ ਮਾਲਕ ਦੇ ਬਿਆਨਾਂ ਦੇ ਆਧਾਰ `ਤੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤਕਰਤਾ ਭਿੰਦਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪੱਤੀ ਅਲੀਆ (ਮੂਮ) ਜੋ ਕਿ ਬਰਨਾਲਾ ’ਚ ਬੱਸ ਟ੍ਰਾਂਸਪੋਰਟ ਦਾ ਕਾਰੋਬਾਰ ਕਰਦੇ ਹਨ ਨੇ ਦੱਸਿਆ ਕਿ ਉਨ੍ਹਾਂ ਦੀਆਂ ਕੁਲ ਸੱਤ ਬੱਸਾਂ ਸੇਖੋਂ ਤੇ ਸੁਖਮਨੀ ਮਾਰਕਾ ਦੇ ਨਾਂ ਹੇਠ ਚੱਲਦੀਆਂ ਹਨ। ਰੋਜ਼ਾਨਾ ਦੀ ਤਰ੍ਹਾਂ 2 ਮਈ ਦੀ ਰਾਤ ਨੂੰ ਉਨ੍ਹਾਂ ਨੇ ਆਪਣੀਆਂ ਸਾਰੀਆਂ ਬੱਸਾਂ ਬਰਨਾਲਾ ਬੱਸ ਸਟੈਂਡ `ਤੇ ਖੜ੍ਹੀਆਂ ਕੀਤੀਆਂ ਸਨ। ਜਦੋਂ ਉਹ ਲੰਘੀ 3 ਮਈ ਦੀ ਸਵੇਰ ਨੂੰ ਲਗਭਗ 9:40 ਵਜੇ ਬੱਸ ਸਟੈਂਡ ਪਹੁੰਚੇ ਤਾਂ ਉਨ੍ਹਾਂ ਦੀ ਚਿੱਟੇ ਰੰਗ ਦੀ ਸੇਖੋਂ ਮਾਰਕਾ ਬੱਸ ਜਿਸ ’ਤੇ ਲਾਲ ਧਾਰੀਆਂ ਸਨ, ਉੱਥੋਂ ਗਾਇਬ ਸੀ। ਬੱਸ ਗਾਇਬ ਦੇਖ ਕੇ ਪਹਿਲਾਂ ਤਾਂ ਭਿੰਦਰ ਸਿੰਘ ਨੇ ਆਪਣੇ ਪੱਧਰ `ਤੇ ਕਾਫ਼ੀ ਭਾਲ ਕੀਤੀ। ਪੁਛਗਿਛ ਤੇ ਨਿੱਜੀ ਜਾਂਚ ਦੌਰਾਨ ਉਨ੍ਹਾਂ ਨੂੰ ਪੁਖ਼ਤਾ ਜਾਣਕਾਰੀ ਮਿਲੀ ਕਿ ਉਨ੍ਹਾਂ ਦੀ ਬੱਸ ਕੋਈ ਅਣਪਛਾਤਾ ਚੋਰ ਨਹੀਂ। ਸਗੋਂ ਗੋਬਿੰਦ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗੁਮਟੀ ਚੋਰੀ ਕਰਕੇ ਲੈ ਗਿਆ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਨੇ ਬੜੀ ਚਲਾਕੀ ਨਾਲ ਬੱਸ ਦੀ ਖਿੜਕੀ ਦਾ ਤਾਲਾ ਤੋੜਿਆ ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਦੀ ਸ਼ਿਕਾਇਤ ’ਤੇ ਪੁਲਿਸ ਨੇ ਗੋਬਿੰਦ ਸਿੰਘ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਦੀ ਗ੍ਰਿਫ਼ਤਾਰੀ ਤੇ ਚੋਰੀ ਹੋਈ ਬੱਸ ਦੀ ਬਰਾਮਦਗੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਬੱਸ ਸਟੈਂਡ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਮੁਲਜ਼ਮ ਦੇ ਫ਼ਰਾਰ ਹੋਣ ਦੇ ਰੂਟ ਦਾ ਸਹੀ ਪਤਾ ਲਗਾਇਆ ਜਾ ਸਕੇ।
