ਹੰਡਿਆਇਆ ਪੁਲਿਸ ਵੱਲੋਂ ਲੁੱਟ ਖੋਹ ਕਰਨ ਵਾਲਾ ਦੋਸ਼ੀ ਕਾਬੂ, ਮੋਬਾਇਲ ਤੇ ਮੋਟਰਸਾਈਕਲ ਬਰਾਮਦ

ਹੰਡਿਆਇਆ, 30 ਅਪ੍ਰੈਲ(ਰਾਕੇਸ਼ ਜੇਠੀ) — ਇਲਾਕੇ ਵਿੱਚ ਵਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ’ਤੇ ਨਕੇਲ ਪਾਉਂਦੇ ਹੋਏ ਹੰਡਿਆਇਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਸ਼ਾਤਿਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਫਤੀਸ਼ੀ ਅਫਸਰ ਹੌਲਦਾਰ ਜਗਦੇਵ ਸਿੰਘ ਨੇ ਦੱਸਿਆ ਕਿ ਦੋ ਵੱਖ-ਵੱਖ ਘਟਨਾਵਾਂ ਵਿੱਚ ਮੋਬਾਇਲ ਖੋਹਣ ਵਾਲੇ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਕਰਨ ਪੁੱਤਰ ਰਾਜਵੀਰ, ਵਾਸੀ ਪਿੰਡ ਨੰਗਲਾਂ ਦੌਰਪੁਰ (ਉੱਤਰ ਪ੍ਰਦੇਸ਼), ਜੋ ਇਸ ਸਮੇਂ ਹੰਡਿਆਇਆ ਵਿਖੇ ਰਹਿ ਰਿਹਾ ਹੈ, ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਕੁਝ ਦਿਨ ਪਹਿਲਾਂ ਛੰਨਾ ਰੋਡ ਤੋਂ ਇੱਕ ਅਣਪਛਾਤੇ ਵਿਅਕਤੀ ਨੇ ਉਸ ਦਾ ਮੋਬਾਇਲ ਖੋਹ ਲਿਆ ਸੀ। ਇਸ ਤੋਂ ਇਲਾਵਾ ਗੁਲਸ਼ਨ ਕੁਮਾਰ ਪੁੱਤਰ ਸ਼ਸ਼ੀ ਭੂਸ਼ਣ, ਵਾਸੀ ਲੁਧਰ ਪਤੀ ਚੌਂਕ ਹੰਡਿਆਇਆ ਦਾ ਮੋਬਾਇਲ ਵੀ ਇਕ ਵਿਅਕਤੀ ਵੱਲੋਂ ਖੋਹ ਲਿਆ ਗਿਆ ਸੀ।
ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਜਾਂਚ ਸ਼ੁਰੂ ਕੀਤੀ ਅਤੇ ਮੁਖ਼ਬਰ ਦੀ ਸੂਚਨਾ ’ਤੇ ਦੋਸ਼ੀ ਪਰਵਿੰਦਰ ਸਿੰਘ ਪੁੱਤਰ ਭਜਨ ਸਿੰਘ, ਵਾਸੀ ਵਾਰਡ ਨੰਬਰ 10, ਭਾਈਕਾ ਖੂਹ ਧਰਮਕੋਟ (ਜ਼ਿਲ੍ਹਾ ਮੋਗਾ) ਨੂੰ ਟਰੈਡੈਂਟ ਫੈਕਟਰੀ ਧੌਲਾ ਦੀ ਪਾਰਕਿੰਗ ਕੋਲੋਂ ਗ੍ਰਿਫਤਾਰ ਕਰ ਲਿਆ।
ਤਲਾਸ਼ੀ ਦੌਰਾਨ ਦੋਸ਼ੀ ਕੋਲੋਂ ਖੋਹੇ ਗਏ ਦੋਨੋਂ ਮੋਬਾਇਲ ਫੋਨ ਅਤੇ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਨੰਬਰ PB67D-4451 (ਮਾਰਕਾ ਸਪਲੈਂਡਰ) ਵੀ ਬਰਾਮਦ ਕਰ ਲਿਆ ਗਿਆ।
ਪੁਲਿਸ ਵੱਲੋਂ ਦੋਸ਼ੀ ਖ਼ਿਲਾਫ਼ ਮੁਕੱਦਮਾ ਨੰਬਰ 78 ਮਿਤੀ 30-04-2026 ਅਧੀਨ ਧਾਰਾ 304 ਬੀਐਨਐਸ ਥਾਣਾ ਬਰਨਾਲਾ ਵਿੱਚ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਤੋਂ ਹੋਰ ਵੀ ਖੁਲਾਸਿਆਂ ਦੀ ਉਮੀਦ ਹੈ ਅਤੇ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਹੋਰ ਕਿੰਨੀਆਂ ਵਾਰਦਾਤਾਂ ਵਿੱਚ ਸ਼ਾਮਲ ਰਿਹਾ ਹੈ।

About The Author