ਸਕੂਲ ਆਫ਼ ਐਮੀਨੈਂਸ ਬਰਨਾਲਾ ਦਾ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸੌ ਫੀਸਦੀ, ਲਵ ਸਿੰਗਲਾ ਨੇ ਮਾਰੀ ਬਾਜ਼ੀ

ਬਰਨਾਲਾ, 12 ਅਪ੍ਰੈਲ (ਰਾਕੇਸ਼ ਜੇਠੀ): ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਜਮਾਤ ਦੇ ਨਤੀਜਿਆਂ ’ਚ ਸ਼ਹੀਦ ਹੌਲਦਾਰ ਬਿੱਕਰ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ਼ ਐਮੀਨੈਂਸ ਬਰਨਾਲਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਸਫ਼ਲਤਾ ਦਾ ਪਰਚਮ ਲਹਿਰਾਇਆ ਹੈ। ਸਕੂਲ ਦੇ ਸਾਰੇ 106 ਵਿਦਿਆਰਥੀਆਂ ਨੇ ਪ੍ਰੀਖਿਆ ਪਾਸ ਕਰਕੇ ਸੌ ਫੀਸਦੀ ਨਤੀਜਾ ਹਾਸਲ ਕੀਤਾ ਹੈ। ਜਿਸ ਨਾਲ ਸਕੂਲ ਤੇ ਇਲਾਕੇ ’ਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਸਕੂਲ ਦੀ ਇਸ ਮਾਣਮੱਤੀ ਪ੍ਰਾਪਤੀ ਬਾਰੇ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਅੱਠਵੀਂ ਜਮਾਤ ਦੇ ਕੁਲ 106 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜਿਨ੍ਹਾਂ ’ਚੋਂ 70 ਵਿਦਿਆਰਥੀਆਂ ਨੇ ਫਸਟ ਡਵੀਜ਼ਨ ਤੇ 36 ਵਿਦਿਆਰਥੀਆਂ ਨੇ ਸੈਕਿੰਡ ਡਵੀਜ਼ਨ ਹਾਸਲ ਕੀਤੀ ਹੈ। ਇਹ ਨਤੀਜਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਨੀਤਇੰਦਰ ਸਿੰਘ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਰਜਿੰਦਰਪਾਲ ਸਿੰਘ ਦੀ ਰਹਿਨੁਮਾਈ ਤੇ ਪ੍ਰਿੰਸੀਪਲ ਹਰੀਸ਼ ਬਾਂਸਲ ਦੀ ਕੁਸ਼ਲ ਅਗਵਾਈ ਹੇਠ ਅਧਿਆਪਕਾਂ ਦੀ ਸਖ਼ਤ ਮਿਹਨਤ ਦਾ ਸਿੱਟਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਦੇ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦੀ ਸੂਚੀ ’ਚ ਲਵ ਸਿੰਗਲਾ ਨੇ 600 ਵਿਚੋਂ 542 ਅੰਕ ਹਾਸਲ ਕਰਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਲਕਸ਼ ਸਿੰਗਲਾ ਨੇ 520 ਅੰਕਾਂ ਨਾਲ ਦੂਜੀ ਪੁਜੀਸ਼ਨ ਹਾਸਲ ਕੀਤੀ। ਅਕਾਸ਼ਦੀਪ ਸਿੰਘ ਨੇ 513 ਅੰਕ ਲੈ ਕੇ ਤੀਜਾ ਸਥਾਨ ਪ੍ਰਾਪਤ ਕੀਤਾ। ਅਰਮਾਨ 499 ਅੰਕਾਂ ਨਾਲ ਚੌਥੇ ਤੇ ਅਭਿਸ਼ੇਕ 495 ਅੰਕਾਂ ਨਾਲ ਪੰਜਵੇਂ ਸਥਾਨ ਤੇ ਰਹੇ।
—ਅਧਿਆਪਕਾਂ ਦੀ ਮਿਹਨਤ ਤੇ ਯੋਜਨਾਬੰਦੀ ਨੂੰ ਦਿੱਤਾ ਸਿਹਰਾ ਪ੍ਰਿੰਸੀਪਲ ਹਰੀਸ਼ ਬਾਂਸਲ ਨੇ ਇਸ ਇਤਿਹਾਸਕ ਨਤੀਜੇ ਦਾ ਸਿਹਰਾ ਜਮਾਤ ਇੰਚਾਰਜ ਸੋਨੀਆ, ਰਾਜਵਿੰਦਰ ਕੌਰ ਜੋਸ਼ੀ, ਅੰਜਲਾ ਰਾਣੀ ਤੇ ਵਿਸ਼ਾ ਮਾਹਿਰ ਅਧਿਆਪਕਾਂ ਦੀ ਸੁਚੱਜੀ ਯੋਜਨਾਬੰਦੀ ਨੂੰ ਦਿੱਤਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦੀ ਨਿੱਜੀ ਨਿਗਰਾਨੀ ਤੇ ਵਿਦਿਆਰਥੀਆਂ ਦੇ ਦ੍ਰਿੜ ਇਰਾਦੇ ਸਦਕਾ ਹੀ ਇਹ ਮੁਕਾਮ ਹਾਸਲ ਹੋਇਆ ਹੈ।
—ਸਿਖਿਆ ਅਧਿਕਾਰੀਆਂ ਤੇ ਪ੍ਰਬੰਧਕੀ ਕਮੇਟੀ ਵਲੋਂ ਮੁਬਾਰਕਬਾਦ ਇਸ ਸ਼ਾਨਦਾਰ ਸਫਲਤਾਤੇ ਡੀਈਓ ਸੁਨੀਤਇੰਦਰ ਸਿੰਘ, ਡਿਪਟੀ ਡੀਈਓ ਡਾ. ਬਰਜਿੰਦਰਪਾਲ ਸਿੰਘ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਕਮਲ ਮਹਿਰਾ ਤੇ ਸਮੂਹ ਕਮੇਟੀ ਮੈਂਬਰਾਂ ਨੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਸਮੂਹ ਸਟਾਫ਼ ਮੈਂਬਰਾਂ ਨੂੰ ਵਧਾਈ ਦਿੱਤੀ ਹੈ। ਪ੍ਰਿੰਸੀਪਲ ਬਾਂਸਲ ਨੇ ਭਵਿੱਖ ਦੇ ਸੁਪਨਿਆਂ ਬਾਰੇ ਗੱਲ ਕਰਦਿਆਂ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਵਿਦਿਆ ਦੇ ਨਾਲ-ਨਾਲ ਖੇਡਾਂ ਤੇ ਹੋਰ ਗਤੀਵਿਧੀਆਂ ’ਚ ਵੀ ਵਧ-ਚੜ੍ਹ ਕੇ ਹਿੱਸਾ ਲੈਣ ਤਾਂ ਜੋ ਉਹ ਇਕ ਬਹੁ-ਪੱਖੀ ਸ਼ਖ਼ਸੀਅਤ ਦੇ ਮਾਲਕ ਬਣ ਸਕਣ।
