ਬਰਨਾਲਾ ਵਿਜੀਲੈਂਸ ਦੀ ਵੱਡੀ ਕਾਰਵਾਈ: ਐੱਸਐੱਸਪੀ ਦਫ਼ਤਰ ਦਾ ਸੀਨੀਅਰ ਕਲਰਕ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਬਰਨਾਲਾ, 6 ਮਾਰਚ (ਰਾਕੇਸ਼ ਜੇਠੀ): ਪੰਜਾਬ ਸਰਕਾਰ ਵਲੋਂ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਬਰਨਾਲਾ ਨੇ ਇਕ ਵੱਡੀ ਸਫਲਤਾ ਹਾਸਲ ਕੀਤੀ ਹੈ। ਵਿਜੀਲੈਂਸ ਟੀਮ ਨੇ ਜ਼ਿਲ੍ਹਾ ਪੁਲਿਸ ਮੁਖੀ ਦਫ਼ਤਰ ਬਰਨਾਲਾ ਵਿਖੇ ਤਾਇਨਾਤ ਸੀਨੀਅਰ ਕਲਰਕ ਦਵਿੰਦਰ ਸਿੰਘ ਨੂੰ 10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਹ ਕਾਰਵਾਈ ਪੰਜਾਬ ਪੁਲਿਸ ਦੇ ਹੀ ਇਕ ਸਹਾਇਕ ਥਾਣੇਦਾਰ ਮੱਖਣ ਸ਼ਾਹ ਦੀ ਸ਼ਿਕਾਇਤ `ਤੇ ਅਮਲ ’ਚ ਲਿਆਂਦੀ ਗਈ। ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਸਹਾਇਕ ਥਾਣੇਦਾਰ ਮੱਖਣ ਸ਼ਾਹ ਨੇ ਆਪਣੀ ਸਰਵਿਸ ’ਚ ਵਾਧਾ ਕਰਵਾਉਣ ਲਈ ਵਿਭਾਗ ਕੋਲ ਅਪਲਾਈ ਕੀਤਾ ਹੋਇਆ ਸੀ। ਇਸ ਸਬੰਧੀ ਫਾਈਲ ਨੂੰ ਅੱਗੇ ਤੋਰਨ ਤੇ ਪ੍ਰਕਿਰਿਆ ਨੂੰ ਮੁਕੰਮਲ ਕਰਨ ਦੇ ਬਦਲੇ ਐੱਸਐੱਸਪੀ ਦਫ਼ਤਰ ਦੇ ਸੀਨੀਅਰ ਕਲਰਕ ਦਵਿੰਦਰ ਸਿੰਘ ਨੇ ਕਥਿਤ ਤੌਰ `ਤੇ 10 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਮੱਖਣ ਸ਼ਾਹ ਰਿਸ਼ਵਤ ਦੇਣ ਦਾ ਚਾਹਵਾਨ ਨਹੀਂ ਸੀ। ਜਿਸ ਕਾਰਨ ਉਸ ਨੇ ਇਸ ਦੀ ਸੂਚਨਾ ਵਿਜੀਲੈਂਸ ਵਿਭਾਗ ਨੂੰ ਦਿੱਤੀ। ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ। ਯੋਜਨਾਬੱਧ ਤਰੀਕੇ ਨਾਲ ਸ਼ਿਕਾਇਤਕਰਤਾ ਨੂੰ ਕੈਮੀਕਲ ਯੁਕਤ ਨੋਟ ਦੇ ਕੇ ਦਵਿੰਦਰ ਸਿੰਘ ਕੋਲ ਭੇਜਿਆ ਗਿਆ। ਜਿਵੇਂ ਹੀ ਸੀਨੀਅਰ ਕਲਰਕ ਨੇ ਰਿਸ਼ਵਤ ਦੀ ਰਕਮ ਫੜੀ, ਪਹਿਲਾਂ ਤੋਂ ਤਿਆਰ ਬੈਠੀ ਵਿਜੀਲੈਂਸ ਟੀਮ ਨੇ ਉਸ ਨੂੰ ਮੌਕੇ `ਤੇ ਹੀ ਦਬੋਚ ਲਿਆ। ਸਰਕਾਰੀ ਗਵਾਹਾਂ ਦੀ ਮੌਜੂਦਗੀ ’ਚ ਦੋਸ਼ੀ ਦੇ ਹੱਥ ਧੁਆਉਣ `ਤੇ ਉਨ੍ਹਾਂ ਦਾ ਰੰਗ ਬਦਲ ਗਿਆ। ਜੋ ਰਿਸ਼ਵਤ ਲੈਣ ਦਾ ਪੁਖਤਾ ਸਬੂਤ ਬਣਿਆ। ਇਸ ਸਬੰਧੀ ਪੁਸ਼ਟੀ ਕਰਦਿਆਂ ਇੰਸਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਦੋਸ਼ੀ ਦਵਿੰਦਰ ਸਿੰਘ ਦੇ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਹੁਣ ਇਸ ਗੱਲ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਕਿ ਕੀ ਦੋਸ਼ੀ ਪਹਿਲਾਂ ਵੀ ਅਜਿਹੇ ਮਾਮਲਿਆਂ ’ਚ ਸ਼ਾਮਲ ਰਿਹਾ ਹੈ ਜਾਂ ਇਸ ਰਿਸ਼ਵਤਖੋਰੀ ਦੇ ਜਾਲ ’ਚ ਕੋਈ ਹੋਰ ਕਰਮਚਾਰੀ ਵੀ ਸ਼ਾਮਲ ਹੈ।
