ਬਰਨਾਲਾ ਦੇ ਨੌਜਵਾਨ ਪਟਵਾਰੀ ਦੀ ਸੜਕ ਹਾਦਸੇ ’ਚ ਮੌਤ; ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਨੀਸ਼ ਗੋਇਲ

IMG-20260228-WA0017.jpg

ਬਰਨਾਲਾ, 28 ਫਰਵਰੀ (ਰਾਕੇਸ਼ ਜੇਠੀ): ਬਰਨਾਲਾ ਜ਼ਿਲ੍ਹੇ ਦੇ ਇਕ ਪਰਿਵਾਰ ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਪਿਆ। ਜਦੋਂ ਉਨ੍ਹਾਂ ਦੇ ਇਕਲੌਤੇ ਨੌਜਵਾਨ ਪੁੱਤਰ, ਜੋ ਕਿ ਪੇਸ਼ੇ ਤੋਂ ਪਟਵਾਰੀ ਸੀ, ਦੀ ਇੱਕ ਭਿਆਨਕ ਸੜਕ ਹਾਦਸੇ ’ਚ ਮੌਤ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਦੇਰ ਰਾਤ ਮੋਗਾ-ਬਰਨਾਲਾ ਮੁਖ ਹਾਈਵੇ ਤੇ ਪਿੰਡ ਨਿਹਾਲ ਸਿੰਘ ਵਾਲਾ (ਬਿਲਾਸਪੁਰ) ਦੇ ਨਜ਼ਦੀਕ ਵਾਪਰਿਆ। ਮ੍ਰਿਤਕ ਦੀ ਪਛਾਣ ਅਨੀਸ਼ ਕੁਮਾਰ ਗੋਇਲ ਵਜੋਂ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਅਨੀਸ਼ ਕੁਮਾਰ ਗੋਇਲ, ਜੋ ਕਿ ਬੱਧਨੀ ਕਲਾਂ ਹਲਕੇ ਦੇ ਪਿੰਡ ਮੀਣੀਆਂ ਵਿਖੇ ਬਤੌਰ ਪਟਵਾਰੀ ਤਾਇਨਾਤ ਸੀ। ਸ਼ੁੱਕਰਵਾਰ ਰਾਤ ਨੂੰ ਇਕ ਨਿੱਜੀ ਵਿਆਹ ਸਮਾਗਮ ’ਚ ਸ਼ਮੂਲੀਅਤ ਕਰਨ ਤੋਂ ਬਾਅਦ ਆਪਣੀ ਕਾਰ ’ਚ ਸਵਾਰ ਹੋ ਕੇ ਬਰਨਾਲਾ ਪਰਤ ਰਿਹਾ ਸੀ। ਜਦੋਂ ਉਹ ਨਿਹਾਲ ਸਿੰਘ ਵਾਲਾ ਨੇੜੇ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਗਈ ਤੇ ਸੜਕ ਕਿਨਾਰੇ ਲੱਗੇ ਇਕ ਵਿਸ਼ਾਲ ਸਾਈਨ ਬੋਰਡ ਦੇ ਲੋਹੇ ਦੇ ਖੰਭੇ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ ਤੇ ਅਨੀਸ਼ ਕੁਮਾਰ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇਤੇ ਪਹੁੰਚੇ ਤੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਕਾਰ ’ਚ ਫਸੀ ਲਾਸ਼ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ। ਸਿਵਲ ਹਸਪਤਾਲ ਮੋਗਾ ਵਿਖੇ ਜਾਣਕਾਰੀ ਦਿੰਦਿਆਂ ਅਧਿਕਾਰੀ ਅਮਨਦੀਪ ਸਿੰਘ ਨੇ ਭਰੇ ਮਨ ਨਾਲ ਦੱਸਿਆ ਕਿ ਅਨੀਸ਼ ਕੁਮਾਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਨਾਲ ਪਰਿਵਾਰ ਦਾ ਚਿਰਾਗ ਬੁਝ ਗਿਆ ਹੈ ਤੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਪਟਵਾਰੀ ਆਪਣੇ ਮਾਪਿਆਂ ਦਾ ਇਕਲੌਤਾ ਸਹਾਰਾ ਸੀ। ਜਿਸ ਕਾਰਨ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਵਾਹਨ ਨੂੰ ਕਬਜ਼ੇ ’ਚ ਲੈ ਲਿਆ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਸ਼ਨੀਵਾਰ ਨੂੰ ਮੋਗਾ ਦੇ ਸਿਵਲ ਹਸਪਤਾਲ ’ਚ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਪੋਸਟਮਾਰਟਮ ਤੋਂ ਬਾਅਦ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ। ਜਿਸ ਦਾ ਅੰਤਿਮ ਸੰਸਕਾਰ ਬਰਨਾਲਾ ਵਿਖੇ ਕੀਤਾ ਜਾਵੇਗਾ।

About The Author

You may have missed