ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਸੁੰਦਰੀਕਰਨ ਦੇ ਕਾਰਜ ਜੰਗੀ ਪੱਧਰ `ਤੇ ਸ਼ੁਰੂ; ਗਰੇਨਾਈਟ ਪੱਥਰ ਨਾਲ ਚਮਕੇਗਾ ਦਰਬਾਰ

ਕਰੀਬ 4 ਲੱਖ ਰੁਪਏ ਦੀ ਲਾਗਤ ਨਾਲ ਹੋਵੇਗੀ ਕਾਇਆ-ਕਲਪ; 22 ਮਾਰਚ ਦੇ ਮੇਲੇ ਤੋਂ ਪਹਿਲਾਂ ਕੰਮ ਮੁਕੰਮਲ ਕਰਨ ਦਾ ਟੀਚਾ
ਸ਼ਹਿਣਾ, 20 ਫਰਵਰੀ (ਰਾਕੇਸ਼ ਜੇਠੀ): ਮਾਲਵਾ ਖੇਤਰ ਦੇ ਪ੍ਰਸਿੱਧ ਤੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦੇ ਕੇਂਦਰ ਬੀਬੜੀਆਂ ਮਾਈਆਂ ਮੰਦਰ ਸ਼ਹਿਣਾ ਵਿਖੇ ਵਿਕਾਸ ਤੇ ਸੁੰਦਰੀਕਰਨ ਦੀ ਕਾਰ ਸੇਵਾ ਵੱਡੇ ਪੱਧਰ ਤੇ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਮੰਦਰ ਦੀ ਦਿੱਖ ਨੂੰ ਹੋਰ ਨਿਖਾਰਨ ਲਈ ਗਰੇਨਾਈਟ ਪੱਥਰ ਲਾਉਣ ਦਾ ਕੰਮ ਵਿੱਢਿਆ ਗਿਆ ਹੈ। ਜਿਸ ਨਾਲ ਮੰਦਰ ਦੀ ਸ਼ਾਨ ’ਚ ਵਾਧਾ ਹੋਵੇਗਾ। ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਮਰੀਕ ਸਿੰਘ ਬੀਕਾ, ਖ਼ਜ਼ਾਨਚੀ ਡਾ. ਅਨਿਲ ਗਰਗ, ਸਕੱਤਰ ਗੁਰਵਿੰਦਰ ਸਿੰਘ ਨਾਮਧਾਰੀ ਤੇ ਮੀਤ ਪ੍ਰਧਾਨ ਹਰਮੇਲ ਸਿੰਘ ਟੱਲੇਵਾਲੀਆ ਨੇ ਸਾਂਝੇ ਤੌਰਤੇ ਜਾਣਕਾਰੀ ਦਿੱਤੀ ਕਿ ਦਰਬਾਰ ਦੇ ਅੰਦਰੂਨੀ ਹਿੱਸੇ ’ਚ ਉੱਚ ਗੁਣਵੱਤਾ ਵਾਲਾ ਗਰੇਨਾਈਟ ਪੱਥਰ ਲਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੱਥਰ ਲੱਗਣ ਉਪਰੰਤ ਮੰਦਰ ਦੀ ਸੁੰਦਰਤਾ ਕਈ ਗੁਣਾ ਵੱਧ ਜਾਵੇਗੀ। ਇਸ ਤੋਂ ਤੁਰੰਤ ਬਾਅਦ ਸੁਰੱਖਿਆ ਤੇ ਸੁੰਦਰਤਾ ਨੂੰ ਮੁਖ ਰੱਖਦਿਆਂ ਗਰਿੱਲ ਲਗਾਉਣ ਦੀ ਸੇਵਾ ਵੀ ਸ਼ੁਰੂ ਕੀਤੀ ਜਾਵੇਗੀ। ਡਾਕਟਰ ਅਨਿਲ ਗਰਗ ਨੇ ਦੱਸਿਆ ਕਿ ਦੂਰ-ਦੁਰਾਡਿਓਂ ਆਉਣ ਵਾਲੇ ਸ਼ਰਧਾਲੂਆਂ ਦੀ ਸਹੂਲਤ ਨੂੰ ਮੁਖ ਰੱਖਦਿਆਂ ਮੰਦਰ ਕੰਪਲੈਕਸ ’ਚ ਨਵੇਂ ਤੇ ਆਧੁਨਿਕ ਪਖਾਨੇ ਤੇ ਬਾਥਰੂਮ ਬਣਾਉਣ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਕਮੇਟੀ ਅਨੁਸਾਰ ਇਨ੍ਹਾਂ ਸਾਰੇ ਵਿਕਾਸ ਕਾਰਜਾਂ `ਤੇ ਕਰੀਬ 4 ਲੱਖ ਰੁਪਏ ਦੀ ਰਾਸ਼ੀ ਖਰਚ ਹੋਣ ਦਾ ਅਨੁਮਾਨ ਹੈ। ਜੋ ਪੂਰੀ ਤਰ੍ਹਾਂ ਸੰਗਤਾਂ ਵਲੋਂ ਦਿੱਤੇ ਗਏ ਦਾਨ ਤੇ ਸਹਿਯੋਗ ਨਾਲ ਖਰਚੀ ਜਾ ਰਹੀ ਹੈ। ਇਸ ਕਾਰ ਸੇਵਾ ਦੌਰਾਨ ਨਰਿੰਦਰ ਕੁਮਾਰ ਸਿੰਗਲਾ, ਗੁਰਜੰਟ ਸਿੰਘ, ਬਹਾਦਰ ਸਿੰਘ, ਮੱਘਰ ਸਿੰਘ, ਪ੍ਰਭਜੋਤ ਸਿੰਘ ਸਮੇਤ ਵੱਡੀ ਗਿਣਤੀ ’ਚ ਸੇਵਾਦਾਰ ਤੇ ਸੰਗਤਾਂ ਹਾਜ਼ਰ ਸਨ।
—22 ਮਾਰਚ ਦੇ ਮੇਲੇ ਦੀਆਂ ਤਿਆਰੀਆਂ
ਇਹ ਜ਼ਿਕਰਯੋਗ ਹੈ ਕਿ ਬੀਬੜੀਆਂ ਮਾਈਆਂ ਮੰਦਰ ਵਿਖੇ ਇਸ ਵਾਰ 22 ਮਾਰਚ ਨੂੰ ਭਾਰੀ ਮੇਲਾ ਭਰ ਰਿਹਾ ਹੈ। ਪ੍ਰਬੰਧਕਾਂ ਦਾ ਟੀਚਾ ਹੈ ਕਿ ਮੇਲੇ ਤੋਂ ਪਹਿਲਾਂ-ਪਹਿਲਾਂ ਪਖਾਨੇ ਤੇ ਸੁੰਦਰੀਕਰਨ ਦਾ ਕੰਮ ਮੁਕੰਮਲ ਕਰ ਲਿਆ ਜਾਵੇ ਤਾਂ ਜੋ ਆਉਣ ਵਾਲੀ ਸੰਗਤ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ। ਮੇਲੇ ਦੀਆਂ ਤਿਆਰੀਆਂ ਵਜੋਂ ਮੰਦਰ ਵੱਲ ਆਉਣ ਵਾਲੇ ਸਾਰੇ ਮੁੱਖ ਰਸਤਿਆਂ ਦੀ ਸਫਾਈ ਕਰਵਾਈ ਜਾ ਰਹੀ ਹੈ। ਮੰਦਰ ਦੇ ਅੰਦਰੂਨੀ ਤੇ ਬਾਹਰੀ ਹਿੱਸੇ ’ਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ ਹੈ। ਸ਼ਰਧਾਲੂਆਂ ਦੇ ਬੈਠਣ ਤੇ ਪੀਣ ਵਾਲੇ ਪਾਣੀ ਦੇ ਪ੍ਰਬੰਧਾਂ ਨੂੰ ਵੀ ਸੁਧਾਰਿਆ ਜਾ ਰਿਹਾ ਹੈ।
