ਬਰਨਾਲਾ ਲਈ ਵੱਡੀ ਸੌਗਾਤ: ‘ਵੰਦੇ ਭਾਰਤ’ ਐਕਸਪ੍ਰੈਸ ਦਾ ਰੁਕਣਾ ਹੋਇਆ ਯਕੀਨੀ; ਪਦਮਸ਼੍ਰੀ ਗੁਪਤਾ ਤੇ ਬਿੱਟੂ ਦੇ ਯਤਨਾਂ ਨੂੰ ਪਿਆ ਬੂਰ

ਬਰਨਾਲਾ, 19 ਫਰਵਰੀ (ਰਾਕੇਸ਼ ਜੇਠੀ)- ਬਰਨਾਲਾ ਵਾਸੀਆਂ ਲਈ ਅੱਜ ਦਾ ਦਿਨ ਵੱਡੀ ਖ਼ੁਸ਼ਖ਼ਬਰੀ ਲੈ ਕੇ ਆਇਆ ਹੈ। ਇਲਾਕਾ ਨਿਵਾਸੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪ੍ਰਵਾਨ ਕਰਦਿਆਂ ਭਾਰਤੀ ਰੇਲਵੇ ਵਲੋਂ ਦੇਸ਼ ਦੀ ਸਭ ਤੋਂ ਹਾਈ-ਟੈਕ ਟ੍ਰੇਨ ‘ਵੰਦੇ ਭਾਰਤ ਐਕਸਪ੍ਰੈਸ’ ਦਾ ਬਰਨਾਲਾ ਸਟੇਸ਼ਨ ਤੇ ਅਧਿਕਾਰਤ ਸਟਾਪੇਜ (ਠਹਿਰਾਅ) ਮਨਜ਼ੂਰ ਕਰ ਲਿਆ ਗਿਆ ਹੈ। ਇਹ ਯਤਨ ਕਰਦਿਆਂ ਟਰਾਈਡੈਂਟ ਦੇ ਸੰਥਾਪਕ ਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਰਲਵੇ ਮੰਤਰੀ ਨਾਲ ਮੁਲਾਕਾਤ ਕਰਕੇ ਮੁਦੇ ਨੂੰ ਉਠਾਇਆ ਸੀ ਤੇ ਜਿੰਨ੍ਹਾਂ ਨੇ ਜਲਦ ਹੀ ਸਟਾਪੇਜ ਕਰਨ ਦਾ ਭਰੋਸਾ ਵੀ ਦਿੱਤਾ ਸੀ। ਰੇਲਵੇ ਵਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ ਇਹ ਸੇਵਾ 20 ਫਰਵਰੀ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ। ਜਿਸ ਨਾਲ ਬਰਨਾਲਾ ਹੁਣ ਦੇਸ਼ ਦੀ ਰਾਜਧਾਨੀ ਦਿੱਲੀ ਨਾਲ ਸਿੱਧੇ ਤੇ ਤੇਜ਼ ਰਫ਼ਤਾਰ ਰੇਲ ਸੰਪਰਕ ਰਾਹੀਂ ਜੁੜ ਗਿਆ ਹੈ। ਰੇਲਵੇ ਵਲੋਂ ਜਾਰੀ ਨਵਾਂ ਸ਼ਡਿਊਲ (ਸਮਾਂ-ਸਾਰਣੀ) ਅਨੁਸਾਰ ਰੇਲਵੇ ਵਿਭਾਗ ਅਨੁਸਾਰ ਟ੍ਰੇਨ ਦਾ ਬਰਨਾਲਾ ਸਟੇਸ਼ਨਤੇ 2 ਮਿੰਟ ਦਾ ਠਹਿਰਾਅ ਹੋਵੇਗਾ। ਬਰਨਾਲਾ ਤੋਂ ਦਿੱਲੀ ਲਈ ਇਹ ਟ੍ਰੇਨ ਸਵੇਰੇ 9:59 ਵਜੇ ਬਰਨਾਲਾ ਸਟੇਸ਼ਨ ਤੇ ਪਹੁੰਚੇਗੀ ਤੇ 10:01 ਵਜੇ ਦਿੱਲੀ ਲਈ ਰਵਾਨਾ ਹੋਵੇਗੀ। ਬਠਿੰਡਾ-ਫਿਰੋਜ਼ਪੁਰ ਲਈ ਵਾਪਸੀ ਵੇਲੇ ਇਹ ਟ੍ਰੇਨ ਸ਼ਾਮ ਨੂੰ 8:20 ਵਜੇ ਬਰਨਾਲਾ ਰੁਕੇਗੀ ਤੇ 8:22 ਵਜੇ ਅਗਲੀ ਮੰਜ਼ਿਲ ਲਈ ਰਵਾਨਾ ਹੋਵੇਗੀ। ਵੰਦੇ ਭਾਰਤ ਟ੍ਰੇਨ ਦਾ ਸਟਾਪੇਜ ਮਿਲਣ ਨਾਲ ਬਰਨਾਲਾ ਦੇ ਵਪਾਰੀਆਂ, ਵਿਦਿਆਰਥੀਆਂ ਤੇ ਨੌਕਰੀਪੇਸ਼ਾ ਲੋਕਾਂ ’ਚ ਖ਼ੁਸ਼ੀ ਦੀ ਲਹਿਰ ਹੈ। ਹੁਣ ਦਿੱਲੀ ਤਕ ਦਾ ਸਫ਼ਰ ਨਾ ਸਿਰਫ਼ ਸੁਖਾਲਾ ਹੋਵੇਗਾ। ਸਗੋਂ ਸਮੇਂ ਦੀ ਵੀ ਵੱਡੀ ਬੱਚਤ ਹੋਵੇਗੀ। ਲੋਕਾਂ ਦਾ ਕਹਿਣਾ ਹੈ ਕਿ ਇਸ ਸੁਵਿਧਾ ਨਾਲ ਇਲਾਕੇ ਦੇ ਕਾਰੋਬਾਰ ਤੇ ਆਰਥਿਕਤਾ ਨੂੰ ਵੀ ਵੱਡਾ ਹੁਲਾਰਾ ਮਿਲੇਗਾ। ਇਹ ਸਿਰਫ਼ ਇਕ ਟ੍ਰੇਨ ਦਾ ਰੁਕਣਾ ਨਹੀਂ। ਬਲਕਿ ਬਰਨਾਲਾ ਦੇ ਵਿਕਾਸ ਦੀ ਰਫ਼ਤਾਰ ਨੂੰ ਮਿਲੀ ਇਕ ਨਵੀਂ ਉਡਾਣ ਹੈ। —ਭਾਜਪਾ ਆਗੂਆਂ ਦੀ ਮਿਹਨਤ ਲਿਆਈ ਰੰਗ: ਪੁਨੀਤ ਕੌਸ਼ਲ ਮੋਨੂੰ ਇਸ ਇਤਿਹਾਸਕ ਪ੍ਰਾਪਤੀਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਭਾਜਪਾ ਮੰਡਲ ਬਰਨਾਲਾ ਦੇ ਪ੍ਰਧਾਨ ਪੁਨੀਤ ਕੌਸ਼ਲ ਮੋਨੂੰ ਨੇ ਕਿਹਾ ਕਿ ਇਹ ਇਲਾਕੇ ਦੀ ਇਕ ਬਹੁਤ ਪੁਰਾਣੀ ਮੰਗ ਸੀ। ਜੋ ਹੁਣ ਪੂਰੀ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਸੀਨੀਅਰ ਭਾਜਪਾ ਆਗੂ ਕੇਵਲ ਸਿੰਘ ਢਿੱਲੋਂ ਦੇ ਅਣਥੱਕ ਯਤਨਾਂ ਤੇ ਕੇਂਦਰੀ ਰੇਲ ਮੰਤਰਾਲੇ ਕੋਲ ਲਗਾਤਾਰ ਕੀਤੀ ਪੈਰਵੀ ਸਦਕਾ ਹੀ ਇਹ ਸਟਾਪੇਜ ਸੰਭਵ ਹੋ ਸਕਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਲੀਡਰਸ਼ਿਪ ਇਲਾਕੇ ਦੇ ਵਿਕਾਸ ਲਈ ਵਚਨਬੱਧ ਹੈ।
—ਸਥਾਨਕ ਆਰਥਿਕਤਾ ਤੇ ਕਾਰੋਬਾਰ ਲਈ ਨਵੀਆਂ ਸੰਭਾਵਨਾਵਾਂ
ਸਿਆਸੀ ਤੇ ਸਮਾਜਿਕ ਹਲਕਿਆਂ ’ਚ ਇਸ ਫੈਸਲੇ ਨੂੰ ਬਰਨਾਲਾ ਦੇ ਉਦਯੋਗਿਕ ਤੇ ਵਪਾਰਕ ਵਿਕਾਸ ਲਈ ਇਕ ਵੱਡਾ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਵਪਾਰੀ ਵਰਗ ਦਾ ਕਹਿਣਾ ਹੈ ਕਿ ਵੰਦੇ ਭਾਰਤ ਵਰਗੀ ਪ੍ਰੀਮੀਅਮ ਟ੍ਰੇਨ ਦਾ ਸਟਾਪੇਜ ਮਿਲਣ ਨਾਲ ਦਿੱਲੀ ਦੀਆਂ ਮੁਖ ਮੰਡੀਆਂ ਤਕ ਪਹੁੰਚ ਆਸਾਨ ਹੋ ਜਾਵੇਗੀ। ਜਿਸ ਨਾਲ ਸਥਾਨਕ ਕਾਰੋਬਾਰ ਨੂੰ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ ਬਰਨਾਲਾ ਹੁਣ ਰੇਲਵੇ ਦੇ ਨਕਸ਼ੇ `ਤੇ ਇਕ ਮਹੱਤਵਪੂਰਨ ਜੰਕਸ਼ਨ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ। ਜੋ ਭਵਿਖ ’ਚ ਹੋਰ ਵੀ ਕਈ ਵੱਡੀਆਂ ਰੇਲ ਸੇਵਾਵਾਂ ਦੇ ਇੱਥੇ ਰੁਕਣ ਦੀ ਉਮੀਦ ਜਗਾਉਂਦਾ ਹੈ।
—ਸਿਹਤ ਤੇ ਸਿੱਖਿਆ ਦੇ ਖੇਤਰ ’ਚ ਵੱਡੀ ਰਾਹਤ
ਟਰਾਂਈਡੈਂਟ ਦੇ ਸੰਥਾਪਕ ਤੇ ਰਾਜ ਸਭਾ ਮੈਂਬਰ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਇਸ ਸਟਾਪੇਜ ਦਾ ਸਭ ਤੋਂ ਵੱਡਾ ਲਾਭ ਉਨ੍ਹਾਂ ਮਰੀਜ਼ਾਂ ਤੇ ਵਿਦਿਆਰਥੀਆਂ ਨੂੰ ਹੋਵੇਗਾ। ਜਿਨ੍ਹਾਂ ਨੂੰ ਅਕਸਰ ਉੱਚ ਪੱਧਰੀ ਇਲਾਜ ਜਾਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਦਿੱਲੀ ਜਾਣਾ ਪੈਂਦਾ ਹੈ। ਹਵਾਈ ਜਹਾਜ਼ ਵਰਗੀਆਂ ਸਹੂਲਤਾਂ ਤੇ ਤੇਜ਼ ਰਫ਼ਤਾਰ ਵਾਲੀ ਇਸ ਟ੍ਰੇਨ ਰਾਹੀਂ ਸਫਰ ਕਰਨ ਨਾਲ ਨਾ ਸਿਰਫ਼ ਸਰੀਰਕ ਥਕਾਵਟ ਘਟੇਗੀ। ਸਗੋਂ ਲੋਕ ਆਪਣੇ ਕੰਮ ਨਿਪਟਾ ਕੇ ਉਸੇ ਦਿਨ ਵਾਪਸ ਵੀ ਪਰਤ ਸਕਣਗੇ। ਭਾਜਪਾ ਆਗੂਆਂ ਨੇ ਭਰੋਸਾ ਦਿਵਾਇਆ ਹੈ ਕਿ ਆਉਣ ਵਾਲੇ ਸਮੇਂ ’ਚ ਬਰਨਾਲਾ ਸਟੇਸ਼ਨ ਦੇ ਬੁਨਿਆਦੀ ਢਾਂਚੇ ਨੂੰ ਹੋਰ ਵੀ ਆਧੁਨਿਕ ਬਣਾਉਣ ਲਈ ਯਤਨ ਜਾਰੀ ਰਹਿਣਗੇ।
