ਪ੍ਰਾਚੀਨ ਸ਼ਿਵ ਧਾਮ ਮੰਦਰ ਬਰਨਾਲਾ ਵਿਖੇ ਤੀਸਰਾ ਸ਼੍ਰੀਮਦ ਭਗਵਤ ਕਥਾ ਗਿਆਨ ਯੱਗ 21 ਤੋਂ, ਤਿਆਰੀਆਂ ਜ਼ੋਰਾਂ `ਤੇ

21 ਫ਼ਰਵਰੀ ਨੂੰ ਕੱਢੀ ਜਾਵੇਗੀ ਵਿਸ਼ਾਲ ਕਲਸ਼ ਯਾਤਰਾ ਤੇ ਰਾਤ ਨੂੰ ਹੋਵੇਗਾ ਬਾਬਾ ਖਾਟੂ ਸ਼ਾਮ ਜੀ ਦਾ ਗੁਣਗਾਨ
ਵ੍ਰਿੰਦਾਵਨ ਦੇ ਪ੍ਰਸਿੱਧ ਕਥਾ ਵਾਚਕ ਸ਼੍ਰੀ ਰਾਮ ਕਿਸ਼ੋਰ ਸ਼ਾਸਤਰੀ ਜੀ ਸੁਣਾਉਣਗੇ ਅੰਮ੍ਰਿਤਮਈ ਕਥਾ
ਬਰਨਾਲਾ, 18 ਫ਼ਰਵਰੀ (ਰਾਕੇਸ਼ ਜੇਠੀ): ਬਰਨਾਲਾ ਸ਼ਹਿਰ ਦੀ ਪ੍ਰਸਿੱਧ ਧਾਰਮਿਕ ਸੰਸਥਾ ਪ੍ਰਾਚੀਨ ਸ਼ਿਵ ਧਾਮ ਮੰਦਰ 22 ਏਕੜ ਕਲੋਨੀ ਵਿਖੇ ਤੀਸਰਾ ਵਿਸ਼ਾਲ ਸ਼੍ਰੀਮਦ ਭਗਵਤ ਕਥਾ ਗਿਆਨ ਯੱਗ ਤੇ ਬਾਬਾ ਖਾਟੂ ਸ਼ਾਮ ਜੀ ਦਾ ਜਾਗਰਣ ਬੜੀ ਹੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੰਦਰ ਕਮੇਟੀ ਵਲੋਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਤੇ ਪੂਰੇ ਇਲਾਕੇ ’ਚ ਅਧਿਆਤਮਿਕ ਮਾਹੌਲ ਬਣਿਆ ਹੋਇਆ ਹੈ। ਮੰਦਰ ਕਮੇਟੀ ਦੇ ਪ੍ਰਧਾਨ ਸੁਰੇਸ਼ ਕੁਮਾਰ ਕਾਲਾ (ਤਪੇ ਵਾਲੇ), ਰਾਜੇਸ਼ ਭੂਟਾਨੀ, ਸੁਸ਼ੀਲ ਭਾਰਤੀ, ਅਸ਼ੋਕ ਤਾਇਲ, ਵਿਕਾਸ ਸਿੰਗਲਾ, ਰਾਮ ਲਾਲ ਬਦਰਾ, ਰਜਿੰਦਰ ਕੁਮਾਰ ਤੇ ਰਕੇਸ਼ ਕੁਮਾਰ ਆਦਿ ਅਹੁਦੇਦਾਰਾਂ ਨੇ ਦੱਸਿਆ ਕਿ ਸਮਾਗਮ ਦਾ ਆਗਾਜ਼ 21 ਫ਼ਰਵਰੀ ਨੂੰ ਇਕ ਵਿਸ਼ਾਲ ਕਲਸ਼ ਸ਼ੋਭਾ ਯਾਤਰਾ ਨਾਲ ਹੋਵੇਗਾ। ਜਿਸ ’ਚ ਡੀਸੀ ਹਰਪ੍ਰੀਤ ਸਿੰਘ, ਸੰਸਦ ਮੈਂਬਰ ਮੀਤ ਹੇਅਰ, ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ, ਵਿਧਾਇਕ ਕੁਲਦੀਪ ਸਿੰਘ, ਐੱਸਐੱਸਪੀ ਮੁਹੰਮਦ ਸਰਫਰਾਜ ਆਲਮ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਆਸਥਾ ਇਨਕਲੇਵ ਦੇ ਐੱਮਡੀ ਦੀਪਕ ਸੋਨੀ ਆਦਿ ਸ਼ਿਰਕਤ ਕਰਨਗੇ। ਉਨ੍ਹਾਂ ਦੱਸਿਆ ਕਿ ਇਹ ਯਾਤਰਾ ਦੁਪਹਿਰ 2 ਵਜੇ ਸ਼੍ਰੀ ਰਾਧਾ ਕ੍ਰਿਸ਼ਨ ਬੰਸੀ ਵਾਲੇ ਮੰਦਰ (ਪੁਰਾਣੀ ਗਊਸ਼ਾਲਾ) ਤੋਂ ਰਵਾਨਾ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚੋਂ ਗੁਜ਼ਰਦੀ ਹੋਈ 22 ਏਕੜ ਸਥਿਤ ਸ਼ਿਵ ਧਾਮ ਮੰਦਰ ਵਿਖੇ ਸੰਪੰਨ ਹੋਵੇਗੀ। ਉਨ੍ਹਾਂ ਦੱਸਿਆ ਕਿ ਉਸੇ ਦਿਨ ਰਾਤ ਨੂੰ ਬਾਬਾ ਖਾਟੂ ਸ਼ਾਮ ਜੀ ਦਾ ਵਿਸ਼ਾਲ ਜਾਗਰਣ ਕਰਵਾਇਆ ਜਾਵੇਗਾ। ਜਿਸ ’ਚ ਟੀ-ਸੀਰੀਜ਼ ਦੇ ਮਸ਼ਹੂਰ ਕਲਾਕਾਰ ਲੱਕੀ ਘਨਈਆ (ਡੱਬਵਾਲੀ) ਆਪਣੀਆਂ ਭੇਟਾਂ ਰਾਹੀਂ ਸ਼ਾਮ ਬਾਬਾ ਦਾ ਗੁਣਗਾਨ ਕਰਨਗੇ। ਭਾਰਤ ਭੂਸ਼ਣ ਸਕਿੰਟ, ਸੋਹਣ ਮਿੱਤਲ, ਸੰਜੀਵ ਬਾਂਸਲ, ਅੰਕੁਸ਼ ਗਰਗ, ਪਵਨ ਬਦਰਾ, ਹੀਰਾ ਲਾਲ, ਦੀਪਕ ਬਾਂਸਲ, ਸੁਰਿੰਦਰ ਨੰਦਰਾ ਨੇ ਦੱਸਿਆ ਕਿ 22 ਫ਼ਰਵਰੀ ਤੋਂ ਸ਼੍ਰੀਮਦ ਭਗਵਤ ਕਥਾ ਦਾ ਆਰੰਭ ਹੋਵੇਗਾ। ਵ੍ਰਿੰਦਾਵਨ ਤੋਂ ਵਿਸ਼ੇਸ਼ ਤੌਰ `ਤੇ ਪਹੁੰਚ ਰਹੇ ਕਥਾ ਵਾਚਕ ਪਰਮ ਸ਼ਰਦੇਯ ਭਾਗਵਤ ਭੂਸ਼ਣ ਸ਼੍ਰੀ ਰਾਮ ਨਿਹੋਰ ਸ਼ਾਸਤਰੀ ਜੀ ਮਹਾਰਾਜ ਰੋਜ਼ਾਨਾ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤਕ ਆਪਣੀ ਰਸਮਈ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਕਮੇਟੀ ਨੇ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪਰਿਵਾਰਾਂ ਸਮੇਤ ਪਹੁੰਚ ਕੇ ਕਥਾ ਸਰਵਣ ਕਰਨ ਤੇ ਪੁੰਨ ਦੇ ਭਾਗੀ ਬਣਨ। ਇਸ ਧਾਰਮਿਕ ਕਾਰਜ ਨੂੰ ਸਫਲ ਬਣਾਉਣ ਲਈ ਮੰਦਰ ਕਮੇਟੀ ਦੇ ਮੈਂਬਰ ਦਿਨ-ਰਾਤ ਸੇਵਾ ’ਚ ਜੁਟੇ ਹੋਏ ਹਨ। ਇਸ ਮੌਕੇ 22 ਏਕੜ ਨਿਵਾਸੀਆਂ ਸਮੇਤ ਮਹਿਲਾ ਮੰਡਲ ਦੀਆਂ ਸਮੂਹ ਮੈਂਬਰ ਵੀ ਵੱਡੀ ਗਿਣਤੀ ’ਚ ਹਾਜ਼ਰ ਸਨ।
