ਯੂਪੀ ਵਿਖੇ ਦਰਦਨਾਕ ਹਾਦਸੇ ਚ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਦੋ ਨੌਜਵਾਨਾਂ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ

PrimekhabarPunjab

ਬਰਨਾਲਾ, 15  ਫਰਵਰੀ(ਰਾਕੇਸ਼ ਜੇਠੀ)-ਉੱਤਰ ਪ੍ਰਦੇਸ਼ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਜ਼ਿਲ੍ਹਾ ਬਰਨਾਲਾ ਦੇ ਦੋ ਵੱਖ ਵੱਖ ਪਿੰਡਾਂ ਦੇ ਨੌਜਵਾਨਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਨਾਂ ਵਿਚੋੰ ਇਕ ਪਿੰਡ ਛੀਨੀਵਾਲ ਕਲਾ ਅਤੇ ਦੂਜਾ ਪਿੰਡ ਰਾਏਸਰ ਨਾਲ ਸੰਬੰਧਿਤ ਹੈ, ਜਿਸ ਕਾਰਨ ਇਲਾਕੇ ਚ ਸੋਗ ਦੀ ਲਹਿਰ ਹੈ।
ਪਰਿਵਾਰਕ ਮੈਂਬਰਾਂ ਅਨੁਸਾਰ ਹਰਪਾਲ ਸਿੰਘ (42) ਪੁੱਤਰ ਮੇਜਰ ਸਿੰਘ ਵਾਸੀ ਛੀਨੀਵਾਲ ਕਲਾ ਆਪਣੇ ਸਾਥੀਆਂ ਲਖਵਿੰਦਰ ਸਿੰਘ ਵਾਸੀ ਗੁਰਮ ਤੇ ਅਨੁਜ ਵਾਸੀ ਅੰਮ੍ਰਿਤਸਰ ਨਾਲ ਹਰਦੀਪ ਕੁਮਾਰ (41) ਪੁੱਤਰ ਵਿਜੇ ਕੁਮਾਰ ਵਾਸੀ ਰਾਏਸਰ ਦੀ ਡਿਜ਼ਾਇਰ ਕਾਰ ਕਿਰਾਏ ‘ਤੇ ਲੈ ਕੇ 11 ਫਰਵਰੀ ਦੀ ਸ਼ਾਮ ਕਰੀਬ 5 ਵਜੇ ਫਤਿਹਪੁਰ (ਉੱਤਰ ਪ੍ਰਦੇਸ਼) ਵਿੱਚ ਸੀਮੈਂਟ ਸਪ੍ਰੇਡਰ ਮਸ਼ੀਨਾਂ ਦੀ ਮੁਰੰਮਤ ਕਰਨ ਲਈ ਜਾ ਰਹੇ ਸਨ, ਇਸ ਦੌਰਾਨ ਅਗਲੇ ਦਿਨ 12 ਫਰਵਰੀ ਦੀ ਸਵੇਰ ਕਰੀਬ 5:30 ਵਜੇ ਆਗਰਾ-ਲਖਨਊ ਐਕਸਪ੍ਰੈਸਵੇ ‘ਤੇ ਫਿਰੋਜ਼ਾਬਾਦ ਨੇੜੇ ਉਨ੍ਹਾਂ ਦੀ ਕਾਰ ਅਚਾਨਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ ਅਤੇ ਕਈ ਵਾਰ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਹਰਪਾਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬਾਕੀ ਤਿੰਨਾਂ ਨੂੰ ਗੰਭੀਰ ਹਾਲਤ ਵਿੱਚ ਨੇੜਲੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਰਾਈਵਰ ਹਰਦੀਪ ਕੁਮਾਰ ਰਾਏਸਰ ਨੇ ਵੀ ਇਲਾਜ ਦੌਰਾਨ ਦਮ ਤੋੜ ਦਿੱਤਾ। ਜ਼ਖ਼ਮੀਆਂ ਵਿੱਚ ਲਖਵਿੰਦਰ ਸਿੰਘ ਗੁਰਮ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਜਦਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਅਨੁਜ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਸ ਦਾ ਇਲਾਜ ਜਾਰੀ ਹੈ।ਮ੍ਰਿਤਕ ਹਰਪਾਲ ਸਿੰਘ ਇੱਕ ਮਜ਼ਦੂਰ ਪਰਿਵਾਰ ਨਾਲ ਸੰਬੰਧਿਤ ਸੀ ਅਤੇ ਮਿਹਨਤ-ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਉਹ ਤਿੰਨ ਧੀਆਂ ਦਾ ਪਿਤਾ ਸੀ ਅਤੇ ਪਿੱਛੇ ਪਤਨੀ ਕੁਲਦੀਪ ਕੌਰ (ਆਂਗਣਵਾੜੀ ਵਰਕਰ), ਮਾਤਾ-ਪਿਤਾ ਸਮੇਤ ਪਰਿਵਾਰ ਨੂੰ ਰੋਂਦਿਆਂ ਕੁਰਲਾਂਦਿਆਂ ਛੱਡ ਗਿਆ। ਉੱਧਰ ਹਰਦੀਪ ਕੁਮਾਰ ਰਾਏਸਰ ਪਿੱਛੇ ਆਪਣੀ ਪਤਨੀ, ਦੋ ਲੜਕਿਆਂ ਅਤੇ ਮਾਤਾ-ਪਿਤਾ ਨੂੰ ਗਹਿਰੇ ਗਮ ਵਿੱਚ ਛੱਡ ਗਿਆ ਜੋ ਕਾਰ ਚਲਾ ਕੇ ਆਪਣੇ ਘਰ ਦੇ ਖਰਚੇ ਤੋਰਨ ਲਈ ਜੱਦੋ ਜਹਿਦ ਕਰ ਰਿਹਾ ਸੀ। ਉਕਤ ਨੌਜਵਾਨਾਂ ਦੀ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪਿੰਡ ਵਿੱਚ ਮਾਤਮੀ ਮਾਹੌਲ ਬਣਿਆ ਹੋਇਆ ਹੈ। ਦੋਵੇਂ ਮ੍ਰਿਤਕਾਂ ਦੀਆਂ ਲਾਸ਼ਾਂ ਪਿੰਡਾਂ ਵਿੱਚ ਪਹੁੰਚਣ ‘ਤੇ ਛੀਨੀਵਾਲ ਕਲਾ ਅਤੇ ਰਾਏਸਰ ਵਿੱਚ ਸੋਗ ਦੀ ਲਹਿਰ ਦੌੜ ਗਈ। ਵੱਡੀ ਗਿਣਤੀ ਵਿੱਚ ਲੋਕਾਂ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ ਅਤੇ ਅੰਤਿਮ ਸੰਸਕਾਰ ਕੀਤੇ ਗਏ। ਇਲਾਕੇ ਭਰ ਦੀਆਂ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਵੱਲੋਂ ਪੀੜਤ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਜਤਾਈ ਜਾ ਰਹੀ ਹੈ।

About The Author

You may have missed