ਕੁਦਰਤ ਦੀ ਕਰੋਪੀ: ਤਾਸ ਦੇ ਪਤਿਆਂ ਵਾਂਗ ਢੇਰੀ ਹੋਈ ਅਧਿਆਪਕ ਦੀ ਕਰੋੜਾਂ ਦੀ ਕੋਠੀ, ਪਲਾਂ ਵਿਚ ਮਿਟੀ `ਚ ਮਿਲੀ ਜ਼ਿੰਦਗੀ ਭਰ ਦੀ ਕਮਾਈ

PrimekhabarPunjab Tapa

ਨੀਂਹਾਂ `ਚ ਭਰੇ ਪਾਣੀ ਨੇ ਦਿੱਤਾ ਧੋਖਾ: 8 ਫਰਵਰੀ ਦੀ ਉਹ ਕਾਲੀ ਰਾਤ

ਤਪਾ ਮੰਡੀ- 13 ਫਰਵਰੀ (ਰਾਕੇਸ਼ ਜੇਠੀ)- ਤਪਾ ਮੰਡੀ ਦੇ ਨੇੜਲੇ ਪਿੰਡ ਢਿੱਲਵਾਂ ਵਿਖੇ ਪਿਛਲੇ ਸਾਲ ਪਏ ਭਾਰੀ ਮੀਹਾਂ ਤੇ ਹੜ੍ਹਾਂ ਦੇ ਕਹਿਰ ਨੇ ਇਸ ਸਾਲ ਇਕ ਹੱਸਦੇ-ਵਸਦੇ ਪਰਿਵਾਰ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ। ਲੰਘੇ ਦਿਨੀਂ ਇਥੋਂ ਦੇ ਇਕ ਸਰਕਾਰੀ ਅਧਿਆਪਕ ਦੀ ਦੋ ਮੰਜ਼ਿਲਾ ਸ਼ਾਨਦਾਰ ਕੋਠੀ ਦੇਖਦੇ ਹੀ ਦੇਖਦੇ ਮਲਬੇ ਦੇ ਢੇਰ ’ਚ ਤਬਦੀਲ ਹੋ ਗਈ। ਪਿਛਲੇ ਸਾਲ ਦੀ ਆਈ ਕੁਦਰਤੀ ਆਫ਼ਤ ਨੇ ਨਾ ਸਿਰਫ਼ ਇਕ ਇਮਾਰਤ ਨੂੰ ਡੇਗਿਆ ਹੈ। ਸਗੋਂ ਇਕ ਪਿਤਾ ਦੇ ਆਪਣੇ ਬੱਚਿਆਂ ਦੇ ਭਵਿੱਖ ਲਈ ਬੁਣੇ ਸੁਪਨਿਆਂ ਨੂੰ ਵੀ ਚਕਨਾਚੂਰ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਭਗਤਪੁਰਾ ਮੌੜ ਵਿਖੇ ਬਤੌਰ ਹੈੱਡ ਟੀਚਰ ਸੇਵਾਵਾਂ ਨਿਭਾ ਰਹੇ ਪੂਰਨ ਸਿੰਘ ਨੇ ਸਾਲ 2018 ’ਚ ਆਪਣੀ ਸਾਰੀ ਜਮ੍ਹਾਂ ਪੂੰਜੀ ਤੇ ਬੈਂਕ ਤੋਂ 49 ਲੱਖ ਰੁਪਏ ਦਾ ਕਰਜ਼ਾ ਲੈ ਕੇ ਬੜੇ ਚਾਵਾਂ ਨਾਲ ਇਹ ਦੋ ਮੰਜ਼ਿਲਾ ਕੋਠੀ ਬਣਵਾਈ ਸੀ। ਪਿਛਲੇ ਦਿਨੀਂ ਹੋਈਆਂ ਤੇਜ਼ ਬਰਸਾਤਾਂ ਕਾਰਨ ਕੋਠੀ ਦੀਆਂ ਨੀਂਹਾਂ ’ਚ ਪਾਣੀ ਜਮ੍ਹਾ ਹੋ ਗਿਆ ਸੀ। ਨੀਂਹਾਂ ਕਮਜ਼ੋਰ ਹੋਣ ਕਾਰਨ ਇਮਾਰਤ ’ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਤੇ 8 ਫਰਵਰੀ ਦੀ ਰਾਤ ਕਰੀਬ 8 ਵਜੇ ਪੂਰੀ ਕੋਠੀ ਤਾਸ ਦੇ ਪੱਤਿਆਂ ਵਾਂਗ ਢਹਿ ਗਈ।
—ਜਾਨੀ ਨੁਕਸਾਨ ਤੋਂ ਬਚਾਅ, ਪਰ ਆਰਥਿਕ ਪੱਖੋਂ ਰੁਲਿਆ ਪਰਿਵਾਰ
ਖੁਸ਼ਕਿਸਮਤੀ ਇਹ ਰਹੀ ਕਿ ਘਟਨਾ ਤੋਂ ਮਹਿਜ਼ ਦੋ ਘੰਟੇ ਪਹਿਲਾਂ ਪੂਰਨ ਸਿੰਘ ਆਪਣੇ ਪਰਿਵਾਰ ਸਮੇਤ ਕਿਸੇ ਰਿਸ਼ਤੇਦਾਰ ਦੇ ਘਰ ਗਏ ਹੋਏ ਸਨ। ਜਿਸ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਪਰ ਆਰਥਿਕ ਨੁਕਸਾਨ ਇੰਨਾ ਵੱਡਾ ਹੈ ਕਿ ਉਸਦੀ ਭਰਪਾਈ ਹੋਣੀ ਅਸੰਭਵ ਜਾਪਦੀ ਹੈ। ਕੋਠੀ ਦੇ ਮਲਬੇ ਹੇਠਾਂ ਘਰ ਦਾ ਸਾਰਾ ਕੀਮਤੀ ਫਰਨੀਚਰ, ਬਿਜਲੀ ਦਾ ਸਮਾਨ ਤੇ ਜ਼ਰੂਰੀ ਦਸਤਾਵੇਜ਼ ਦਬ ਕੇ ਨਸ਼ਟ ਹੋ ਗਏ। ਪੀੜਤ ਮੁਤਾਬਕ ਨੁਕਸਾਨ ਇਕ ਕਰੋੜ ਰੁਪਏ ਦੇ ਕਰੀਬ ਹੈ।
—ਧੀ ਦੇ ਵਿਆਹ ਦੀਆਂ ਤਿਆਰੀਆਂ ਤੇ ਪਿਆ ਮਾਰੂ ਅਸਰ ਪੂਰਨ ਸਿੰਘ ਆਪਣੇ 25 ਸਾਲਾ ਪੁੱਤਰ ਤੇ 23 ਸਾਲਾ ਧੀ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਸਨ। ਖ਼ਬਰ ਹੈ ਕਿ ਪਰਿਵਾਰ ’ਚ ਧੀ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਪਰ ਇਸ ਅਚਾਨਕ ਆਈ ਮੁਸੀਬਤ ਨੇ ਪਰਿਵਾਰ ਨੂੰ ਗੰਭੀਰ ਆਰਥਿਕ ਸੰਕਟ ’ਚ ਧੱਕ ਦਿੱਤਾ ਹੈ। ਇਕ ਪਾਸੇ ਸਿਰ ਤੋਂ ਛੱਤ ਖੁਸ ਗਈ ਹੈ ਤੇ ਦੂਜੇ ਪਾਸੇ ਬੈਂਕ ਦੇ ਲੱਖਾਂ ਰੁਪਏ ਦੇ ਕਰਜ਼ੇ ਦੀ ਕਿਸ਼ਤ ਸਾਹਮਣੇ ਖੜ੍ਹੀ ਹੈ।

—ਪ੍ਰਸ਼ਾਸਨਿਕ ਬੇਰੁਖੀ: ਪਿੰਡ ਵਾਸੀਆਂ ਤੇ ਜਥੇਬੰਦੀਆਂ ’ਚ ਰੋਸ ਘਟਨਾ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਕਿੰਦੀ, ਸਾਬਕਾ ਚੇਅਰਮੈਨ ਰਣਜੀਤ ਸਿੰਘ ਤੇ ਹੋਰ ਮੋਹਤਬਰਾਂ ਸਮੇਤ ਵੱਡੀ ਗਿਣਤੀ ’ਚ ਪਿੰਡ ਵਾਸੀ ਮੌਕੇਤੇ ਪਹੁੰਚੇ। ਪਿੰਡ ਦੀ ਪੰਚਾਇਤ ਤੇ ਕਿਸਾਨ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੀੜਤ ਪਰਿਵਾਰ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ। ਬੈਂਕ ਦਾ 49 ਲੱਖ ਰੁਪਏ ਦਾ ਕਰਜ਼ਾ ਮਾਫ ਕੀਤਾ ਜਾਵੇ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਤੁਰੰਤ ਮੌਕੇ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲੈਣ। ਪਿੰਡ ਵਾਸੀਆਂ ਨੇ ਅਫ਼ਸੋਸ ਜਤਾਇਆ ਕਿ ਲਿਖਤੀ ਅਰਜ਼ੀ ਦੇਣ ਦੇ ਬਾਵਜੂਦ ਅਜੇ ਤਕ ਕਿਸੇ ਵੀ ਸਰਕਾਰੀ ਅਧਿਕਾਰੀ ਨੇ ਪੀੜਤ ਪਰਿਵਾਰ ਦੀ ਸਾਰ ਨਹੀਂ ਲਈ।
—ਪੀੜ੍ਹਤ ਨੇ ਲਗਾਈ ਮਦਦ ਦੀ ਗੁਹਾਰ
ਦੁਖੀ ਮਨ ਨਾਲ ਪੂਰਨ ਸਿੰਘ ਨੇ ਕਿਹਾ ਮੈਂ ਆਪਣੀ ਸਾਰੀ ਉਮਰ ਦੀ ਮਿਹਨਤ ਇਸ ਘਰ ਦੀਆਂ ਇੱਟਾਂ ’ਚ ਲਗਾ ਦਿੱਤੀ ਸੀ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਿੰਡ ਵਾਸੀਆਂ ਨੇ ਦੇਸ਼-ਵਿਦੇਸ਼ ’ਚ ਬੈਠੇ ਦਾਨੀ ਸੱਜਣਾਂ ਤੇ ਐੱਨਆਰਆਈ ਵੀਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਔਖੀ ਘੜੀ ’ਚ ਪੀੜਤ ਅਧਿਆਪਕ ਦਾ ਸਾਥ ਦਿੱਤਾ ਜਾਵੇ।

About The Author

You may have missed