ਤਪਾ ਮੰਡੀ ਦੇ ਬੱਸ ਸਟੈਂਡ `ਤੇ ਦਿਨ ਦਿਹਾੜੇ ਵੱਡੀ ਠੱਗੀ: ਮਹਿਲਾ ਦੇ ਸੋਨੇ ਦੇ ਗਹਿਣੇ ਤੇ ਨਕਦੀ ਲੈ ਕੇ ਠੱਗ ਫ਼ਰਾਰ

PrimekhabarPunjab Tapa

ਸਾਵਧਾਨੀ ਹੀ ਬਣੀ ਮੁਸੀਬਤ: ਠੱਗਾਂ ਨੇ ਬੜੀ ਚਲਾਕੀ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ

ਤਪਾ ਮੰਡੀ- 13 ਫਰਵਰੀ (ਰਾਕੇਸ਼ ਜੇਠੀ): ਤਪਾ ਮੰਡੀ ਦੇ ਬਾਹਰਲੇ ਬੱਸ ਸਟੈਂਡ ਤੇ ਦਿਨ-ਦਿਹਾੜੇ ਇਕ ਬਜ਼ੁਰਗ ਮਹਿਲਾ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਾਤਰ ਚੋਰਾਂ ਨੇ ਬੜੀ ਸਫ਼ਾਈ ਨਾਲ ਮਹਿਲਾ ਦੇ ਪਰਸ ’ਚੋਂ ਸੋਨੇ ਦੀਆਂ ਵਾਲੀਆਂ, ਨਕਦੀ ਤੇ ਜ਼ਰੂਰੀ ਦਸਤਾਵੇਜ਼ ਉਡਾ ਲਏ। ਪੀੜਤ ਮਹਿਲਾ ਦੀ ਪਛਾਣ ਹਰਬੰਸ ਕੌਰ ਪਤਨੀ ਸਵ. ਹਰਦੇਵ ਸਿੰਘ ਵਾਸੀ ਖੱਟਰ ਪੱਤੀ ਤਪਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਅੱਖਾਂ ਦੀ ਦਵਾਈ ਲੈਣ ਲਈ ਸ਼ਹਿਰ ਜਾਣ ਵਾਸਤੇ ਬੱਸ ਸਟੈਂਡ ਤੇ ਬਣੀ ਇਕ ਬੈਂਚ ਤੇ ਬੈਠੀ ਬੱਸ ਦੀ ਉਡੀਕ ਕਰ ਰਹੀ ਸੀ। ਭੀੜ-ਭੜੱਕੇ ਵਾਲੀ ਥਾਂ ਹੋਣ ਕਾਰਨ ਮਹਿਲਾ ਦੇ ਮਨ ’ਚ ਡਰ ਸੀ ਕਿ ਕਿਤੇ ਕੋਈ ਲੁਟੇਰਾ ਉਸ ਦੇ ਕੰਨਾਂ ਦੀਆਂ ਵਾਲੀਆਂ ਖੋਹ ਕੇ ਨਾ ਲੈ ਜਾਵੇ। ਇਸੇ ਡਰ ਕਾਰਨ ਉਸ ਨੇ ਆਪਣੇ ਕੰਨਾਂ ’ਚੋਂ ਡੇਢ ਤੋਲੇ ਦੀਆਂ ਸੋਨੇ ਦੀਆਂ ਵਾਲੀਆਂ ਉਤਾਰ ਕੇ ਇਕ ਲਿਫਾਫੇ ’ਚ ਪਏ ਪਰਸ ’ਚ ਰੱਖ ਦਿੱਤੀਆਂ। ਇਸ ਪਰਸ ’ਚ ਪਹਿਲਾਂ ਹੀ 2500 ਰੁਪਏ ਦੀ ਨਕਦੀ ਤੇ ਆਧਾਰ ਕਾਰਡ ਮੌਜੂਦ ਸੀ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਪਛਾਤੇ ਵਿਅਕਤੀ ਨੇ ਮਹਿਲਾ ਨੂੰ ਗਹਿਣੇ ਲੁਕਾਉਂਦੇ ਹੋਏ ਦੇਖ ਲਿਆ ਸੀ। ਜਦੋਂ ਮਹਿਲਾ ਬੱਸ ਚੜ੍ਹਨ ਲਈ ਉੱਠੀ ਤਾਂ ਉਸ ਨੂੰ ਅਚਾਨਕ ਘਬਰਾਹਟ ਮਹਿਸੂਸ ਹੋਈ। ਜਿਸ ਕਾਰਨ ਉਹ ਮੁੜ ਬੈਂਚ ਤੇ ਬੈਠ ਗਈ। ਇਸੇ ਦੌਰਾਨ ਦੋ ਅਣਪਛਾਤੀਆਂ ਮਹਿਲਾਵਾਂ ਉਸ ਦੇ ਕੋਲ ਆ ਕੇ ਬੈਠ ਗਈਆਂ। ਉਨ੍ਹਾਂ ਨੇ ਬੜੀ ਹਮਦਰਦੀ ਜਤਾਉਂਦੇ ਹੋਏ ਪੀੜਤਾ ਨੂੰ ਕਿਹਾ ਕਿ ਉਸ ਦਾ ਲਿਫਾਫਾ ਫਟਿਆ ਹੋਇਆ ਹੈ ਤੇ ਸਮਾਨ ਡਿੱਗ ਸਕਦਾ ਹੈ। ਜਦੋਂ ਹਰਬੰਸ ਕੌਰ ਨੇ ਲਿਫਾਫਾ ਚੈੱਕ ਕੀਤਾ ਤਾਂ ਉਸ ਦੇ ਹੋਸ਼ ਉੱਡ ਗਏ। ਲਿਫਾਫਾ ਹੇਠਾਂ ਤੋਂ ਕੱਟਿਆ ਹੋਇਆ ਸੀ ਤੇ ਅੰਦਰੋਂ ਪਰਸ ਗਾਇਬ ਸੀ।
ਪੁਲਿਸ ਵਲੋਂ ਜਾਂਚ ਤੇ ਸੀਸੀਟੀਵੀ ਦੀ ਪੜਤਾਲ
ਵਾਰਦਾਤ ਤੋਂ ਤੁਰੰਤ ਬਾਅਦ ਪੀੜਤਾ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਤਪਾ ਪੁਲਿਸ ਚੌਂਕੀ ਨੂੰ ਸ਼ਿਕਾਇਤ ਦਰਜ ਕਰਵਾਈ। ਸੂਚਨਾ ਮਿਲਦਿਆਂ ਹੀ ਚੌਂਕੀ ਇੰਚਾਰਜ ਬਲਜੀਤ ਸਿੰਘ ਪੁਲਿਸ ਫੋਰਸ ਸਮੇਤ ਮੌਕੇਤੇ ਪਹੁੰਚੇ। ਪੁਲਿਸ ਨੇ ਬੱਸ ਸਟੈਂਡ ਤੇ ਆਲੇ-ਦੁਆਲੇ ਦੇ ਇਲਾਕਿਆਂ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਮੁਲਜ਼ਮਾਂ ਤਕ ਪਹੁੰਚਿਆ ਜਾ ਸਕੇ। ਪੁਲਿਸ ਪ੍ਰਸ਼ਾਸਨ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਬੱਸ ਸਟੈਂਡ, ਰੇਲਵੇ ਸਟੇਸ਼ਨ ਤੇ ਬਾਜ਼ਾਰਾਂ ਵਰਗੀਆਂ ਭੀੜਭਾੜ ਵਾਲੀਆਂ ਥਾਵਾਂ ਤੇ ਆਪਣੇ ਕੀਮਤੀ ਸਮਾਨ ਤੇ ਗਹਿਣਿਆਂ ਦਾ ਖ਼ਾਸ ਧਿਆਨ ਰੱਖਣ। ਕਿਸੇ ਵੀ ਅਣਜਾਣ ਵਿਅਕਤੀ ਦੀਆਂ ਗੱਲਾਂ ’ਚ ਆਉਣ ਤੋਂ ਬਚੋ ਤੇ ਸ਼ੱਕੀ ਗਤੀਵਿਧੀ ਦਿਖਣਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ।

About The Author

You may have missed